ਪੁਲਿਸ ਵੱਲੋਂ ਸਹੁਰੇ ਪਰਿਵਾਰ ਖਿਲਾਫ ਮਾਮਲਾ ਦਰਜ
ਨੂਰਪੁਰ ਬੇਦੀ, 23 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਪੁਲਿਸ ਥਾਣਾ ਨੂਰਪੁਰ ਬੇਦੀ ਅਧੀਨ ਪੈਂਦੇ ਪਿੰਡ ਬਜਰੂੜ ਵਿਖੇ ਇੱਕ ਨੌਜਵਾਨ ਵਲੋਂ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਖਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਬਜਰੂੜ ਦੀ ਇੱਕ ਲੜਕੀ ਸਤਵੀਰ ਕੌਰ ਸਪੁੱਤਰੀ ਦਲੀਪ ਸਿੰਘ ਦਾ ਵਿਆਹ ਕਰੀਬ ਚਾਰ ਸਾਲ ਪਹਿਲਾਂ ਖਾਨਪੁਰ ਨੇੜੇ ਖਰੜ ਵਿਖੇ ਬਲਜੀਤ ਸਿੰਘ ਸੁਪੱਤਰ ਸੁਦਾਗਰ ਸਿੰਘ ਨਾਲ ਹੋਇਆ ਸੀ ਪਰ ਬੀਤੇ ਕੁਝ ਸਮੇਂ ਤੋਂ ਦੋਨਾਂ ਵਿਚਕਾਰ ਆਪਸੀ ਸਬੰਧ ਵਿਗੜਨ ਕਾਰਨ ਸਤਵੀਰ ਕੌਰ ਦਾ ਭਰਾ ਬਿੰਦੂ ਉਸ ਨੂੰ ਪਿੰਡ ਲੈ ਆਇਆ ਸੀ। ਪੁਲਿਸ ਨੂੰ ਇਸ ਸਬੰਧ ‘ਚ ਕੀਤੀ ਗਈ ਰਿਪੋਰਟ ‘ਚ ਮ੍ਰਿਤਕ ਲੜਕੇ ਬਲਜੀਤ ਸਿੰਘ ਦੇ ਚਾਚਾ ਕੁਲਵੰਤ ਸਿੰਘ ਸਪੁੱਤਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਬੀਤੀ 14 ਅਕਤੂਬਰ ਨੂੰ ਇਸ ਝਗੜੇ ਦੇ ਸਬੰਧ ‘ਚ ਗੁਰਦੁਆਰਾ ਟਿੱਬੀ ਸਾਹਿਬ ਰੂਪਨਗਰ ਵਿਖੇ ਇਕੱਠ ਹੋਇਆ ਸੀ ਜਿਸ ਵਿੱਚ ਬਲਜੀਤ ਸਿੰਘ ਦੇ ਸਹੁਰੇ ਪਰਿਵਾਰ ਵਲੋਂ ਜਬਰਦਸਤੀ ਦਬਾਅ ਬਣਾ ਕੇ ਉਸ ਤੋਂ ਪੰਚਾਇਤੀ ਤਲਾਕਨਾਮੇ ‘ਤੇ ਦਸਖ਼ਤ ਕਰਵਾ ਲੲ ਸਨ ਪਰ ਬਲਜੀਤ ਸਿੰਘ ਇਸ ਤਲਾਕਨਾਮੇ ਨਾਲ ਸਹਿਮਤ ਨਹੀਂ ਸੀ ਅਤੇ ਉਹ ਆਪਣੀ ਪਤਨੀ ਸਤਵੀਰ ਕੌਰ ਆਪਣੇ ਘਰ ਲੈ ਕੇ ਜਾਣਾ ਚਾਹੁੰਦਾ ਸੀ। ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਕੁਲਵੰਤ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਬਲਜੀਤ ਸਿੰਘ ਬੀਤੀ ਸ਼ਾਮ ਆਪਣੀ ਪਤਨੀ ਸਤਵੀਰ ਕੌਰ ਦੇ ਜਨਮ-ਦਿਨ ‘ਤੇ ਉਸ ਨੂੰ ਗਿਫਟ ਵਜੋਂ ਸੂਟ ਦੇਣ ਆਇਆ ਸੀ। ਉਸ ਨੇ ਦੱਸਿਆ ਕਿ ਉਸ ਨੂੰ ਜਦੋਂ ਸਵੇਰੇ ਇਤਲਾਹ ਮਿਲੀ ਤਾਂ ਉਹ ਆਪਣੇ ਸਪੁੱਤਰ ਸਿਮਰਨਜੀਤ ਸਿੰਘ ਤੇ ਭਰਾ ਗੁਰਬਚਨ ਸਿੰਘ ਨਾਲ ਪਿੰਡ ਬਜਰੂੜ ਜਾਂ ਪੁੱਜਾ ਜਿੱਥੇ ਉਹਨਾਂ ਦੇਖਿਆ ਕਿ ਅਵਤਾਰ ਸਿੰਘ ਦੀ ਮੋਟਰ ਨੇੜੇ ਡੇਕ ਦੇ ਦਰੱਖਤ ਨਾਲ ਉਹਨਾਂ ਦੇ ਭਤੀਜੇ ਦੀ ਲਾਸ਼ ਲਟਕ ਰਹੀ ਸੀ। ਉਹਨਾਂ ਪੁਲਿਸ ਕੋਲ ਦੋਸ਼ ਲਗਾਇਆ ਕਿ ਜਬਰਦਸਤੀ ਤਲਾਕਨਾਮੇ ‘ਤੇ ਉਹਨਾਂ ਨੂੰ ਧਾਰਾ 498 ਤਹਿਤ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਕਾਰਨ ਉਹਨਾਂ ਦਾ ਭਤੀਜਾ ਮਰਨ ਲਈ ਮਜਬੂਰ ਹੋਇਆ ਹੈ। ਇਸ ਸਬੰਧ ‘ਚ ਗੱਲ ਕਰਨ ‘ਤੇ ਥਾਣਾ ਮੁਖੀ ਕੁਲਬੀਰ ਸਿੰਘ ਕੰਗ ਨੇ ਦੱਸਿਆ ਕਿ ਮ੍ਰਿਤਕ ਦੇ ਚਾਚਾ ਕੁਲਵੰਤ ਸਿੰਘ ਦੇ ਬਿਆਨਾਂ ‘ਤੇ ਪੁਲਿਸ ਨੇ ਸਹੁਰੇ ਪਰਿਵਾਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।



