Skip to content
Independent perspectives. Global stories.
BREAKING

ਸਾਂਝੇ ਅਧਿਆਪਕ ਮੋਰਚੇ ਨੇ ਕੀਤਾ ਬਠਿੰਡਾ ਵਿਖੇ ਚੱਕਾ ਜਾਮ

Share this story

ਮਾਮਲਾ ਅਧਿਆਪਕਾਂ ਦੀਆਂ ਤਨਖਾਹਾਂ ’ਚ ਕੀਤੀ ਕਟੌਤੀ ਦਾ

ਬਠਿੰਡਾ, 18 ਨਵੰਬਰ (ਹਰਮਿੰਦਰ ਸਿੰਘ ਅਵਿਨਾਸ਼)- ਪਿਛਲੇ 43 ਦਿਨਾਂ ਤੋਂ ਸਾਂਝੇ ਅਧਿਆਪਕ ਮੋਰਚੇ ਦੀ ਅਗਵਾਈ ਹੇਠ ਪੱਕਾ ਮੋਰਚਾ ਲਾਈ ਬੈਠੇ ਹਜਾਰਾਂ ਅਧਿਆਪਕਾਂ ਨੇ ਅੱਜ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਕੱਚੇ ਅਧਿਆਪਕਾਂ ਦੀ ਤਨਖਾਹ ਵਿੱਚ ਕਟੌਤੀ ਕਰਨ, ਪੂਰੀਆਂ ਤਨਖਾਹਾਂ ਤੇ ਸੇਵਾਵਾਂ ਪੱਕੀਆਂ ਨਾ ਕਰਨ, ਮਹਿੰਗਾਈ ਭੱਤਾ ਅਤੇ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਨਾ ਕਰਨ ਲਈ ਜਿੰਮੇਵਾਰ ਠਹਿਰਾਉਂਦਿਆਂ ਉਹਨਾਂ ਦੇ ਚੋਣ ਹਲਕੇ ਬਠਿੰਡਾ ’ਚ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ, ਕਿਸਾਨਾਂ, ਮਜਦੂਰਾਂ, ਵਿਦਿਆਰਥੀਆਂ ਦੀ ਹਮਾਇਤ ਨਾਲ ਲੈਕੇ ਸਾਂਝਾ ਸੰਘਰਸ਼ ਹੱਲਾ ਬੋਲਿਆ ਅਤੇ ਆਈਟੀਆਈ ਪੁੱਲ ਵਿਖੇ ਚੱਕਾ ਜਾਮ ਕਰਕੇ ਕੈਪਟਨ ਸਰਕਾਰ ਖਿਲਾਫ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਸਾਂਝਾ ਅਧਿਆਪਕ ਮੋਰਚਾ ਦੇ ਸੂਬਾ ਕਨਵੀਨਰ ਦਵਿੰਦਰ ਸਿੰਘ ਪੂਨੀਆ, ਬਾਜ ਸਿੰਘ ਖਹਿਰਾ, ਕਨਵੀਨਰ, ਜਗਸੀਰ ਸਹੋਤਾ, ਹਰਵਿੰਦਰ ਸਿੰਘ, ਡਾ. ਅੰਮ੍ਰਿਤਪਾਲ ਸਿੱਧੂ, ਕੁਲਦੀਪ ਸਿੰਘ, ਹਰਜੀਤ ਸਿੰਘ ਜੀਦਾ, ਸੁਖਜਿੰਦਰ ਹਰੀਕਾ, ਬਿਕਰਮਜੀਤ ਮਲੇਰਕੋਟਲਾ, ਜਰਨੈਲ ਸਿੰਘ, ਧੀਰਜ ਕੁਮਾਰ ਆਦਿ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਖਾਲੀ ਖਜਾਨੇ ਦਾ ਢੰਡੋਰਾ ਪਿੱਟਦਿਆਂ ਐਸਐਸਏ/ਰਮਸਾ ਅਤੇ ਆਦਰਸ਼ ਮਾਡਲ ਸਕੂਲਾਂ ਦੇ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਪੱਕਾ ਕਰਨ ਦੇ ਨਾਂ ਹੇਠ ਉਹਨਾਂ ਦੀਆਂ ਤਨਖਾਹਾਂ ਵਿੱਚ 65 ਤੋਂ 75 ਪ੍ਰਤੀਸ਼ਤ ਤੱਕ ਕਟੌਤੀ ਕਰਨ ਦਾ ਫੈਸਲਾ ਵਾਪਸ ਲੈਕੇ ਪੂਰੀਆਂ ਤਨਖਾਹਾਂ ’ਤੇ ਪੱਕੇ ਕਰਨ, 5178 ਅਧਿਆਪਕਾਂ ਨੂੰ ਨਵੰਬਰ 2017 ਤੋਂ ਰੈਗੁਲਰ ਕਰਨ, ਕੰਪਿਊਟਰ ਅਧਿਆਪਕਾਂ, ਈਜੀਐਸ, ਏਆਈਈ, ਆਈਈਵੀ, ਆਈਆਰਈਟੀ ਸਿੱਖਿਆ ਪ੍ਰੋਵਾਈਡਰ ਅਤੇ ਆਦਰਸ਼ ਸਕੂਲ ਅਧਿਆਪਕਾਂ ਆਦਿ ਨੂੰ ਸਿੱਖਿਆ ਵਿਭਾਗ ’ਚ ਰੈਗੁਲਰ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ, ਜਦੋਂ ਕਿ ਵਿੱਤ ਮੰਤਰੀ ਦੇ ਚਹੇਤੇ ਨੂੰ ਪੰਜਾਬ ਟੈਕਲੀਕਲ ਯੂਨੀਵਰਸਿਟੀ ’ਚ ਇੱਕ ਲੱਖ ਰੁਪਏ ਦੀ ਤਨਖਾਹ ਵਾਲੀ ਨੌਕਰੀ ਨਾਲ ਨਿਵਾਜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਵੱਲੋਂ ਮੋਰਚੇ ਨਾਲ ਮਿਲ ਬੈਠ ਕੇ ਕੋਈ ਢੁੱਕਵਾਂ ਹੱਲ ਕੱਢਣ ਦੀ ਬਜਾਏ ਮੋਰਚੇ ਦੇ ਆਗੂਆਂ ਦੀਆਂ ਮੁਅੱਤਲੀਆਂ ਅਤੇ ਦੂਰ ਦੁਰਾਡੇ ਦੇ ਜਿਲ੍ਹਿਆਂ ਵਿੱਚ ਬਦਲੀਆਂ ਕਰਨ ਦਾ ਜਬਰ ਦਾ ਰਸਤਾ ਅਖਤਿਆਰ ਕੀਤਾ ਗਿਆ ਜਿਸ ਦਾ ਮੁਲਾਜ਼ਮ ਫੈਡਰੇਸ਼ਨਾਂ, ਕਿਸਾਨ, ਮਜਦੂਰ, ਨੌਜਵਾਨ, ਵਿਦਿਆਰਥੀ ਅਤੇ ਇਸਤਰੀ ਜਥੇਬੰਦੀਆਂ ਵੱਲੋਂ ਡੱਟਵਾਂ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਧਰਨੇ ਵਿੱਚ ਪੰਜਾਬ ਖੇਤ ਮਜਦੂਰ ਯੂਨੀਅਨ, ਨੌਜਵਾਨ ਭਾਰਤ ਸਭਾ, ਭਾਕਿਯੂ ਉਗਰਾਹਾਂ, ਪੰਜਾਬ ਸਟੂਡੈਂਟ ਯੂਨੀਅਨ, ਭਾਕਿਯੂ ਏਕਤਾ ਡਕੌਂਦਾ, ਠੇਕਾ ਮਲਾਜ਼ਮ ਮੋਰਚਾ, ਜਮਹੂਰੀ ਅਧਿਕਾਰ ਸਭਾ, ਕਿਰਤੀ ਕਿਸਾਨ ਯੂਨੀਅਨ, ਟੀਐਸਯੂ ਆਦਿ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ।

WRITTEN BY