ਸ਼ਾਹਕੋਟ, 15 ਨਵੰਬਰ (ਸੁਰਿੰਦਰ ਸਿੰਘ ਖਾਲਸਾ)- ਸ਼ਾਹਕੋਟ-ਲੋਹੀਆ ਲਿੰਕ ਰੋਡ ’ਤੇ ਪਿੰਡ ਸਲੈਚਾਂ ਨਜ਼ਦੀਕ ਬੁੱਧਵਾਰ ਸਵੇਰੇ ਮਹਿੰਦਰਾ ਪਿਕਅੱਪ ਗੱਡੀ ਅਤੇ ਇਨੋਵਾ ਕਾਰ ਵਿਚਕਾਰ ਹੋਈ ਜਬਰਦਸਤ ਟੱਕਰ ਦੌਰਾਨ ਇਨੋਵਾ ਕਾਰ ਪਲਟ ਗਈ। ਇਸ ਹਾਦਸੇ ਵਿੱਚ ਕਿਸੇ ਵੀ ਤਰਾਂ ਦਾ ਜਾਲੀ ਨੁਕਸਾਨ ਹੋਣੋ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਅੱਜ ਸਵੇਰੇ ਇੱਕ ਸਿਲਵਰ ਰੰਗ ਦੀ ਇਨੋਵਾ ਕਾਰ ਨੰਬਰ ਪੀ.ਬੀ.29.-ਐੱਚ.-5755 ਸ਼ਾਹਕੋਟ ਤੋਂ ਪਿੰਡ ਸ਼ੇਖੇਵਾਲ ਵੱਲ ਜਾ ਰਹੀ ਸੀ, ਜਿਸ ਨੂੰ ਗੁਰਪ੍ਰੀਤ ਸਿੰਘ ਵਾਸੀ ਪਿੰਡ ਤਲਵੰਡੀ ਸੰਘੇੜਾ, ਸ਼ਾਹਕੋਟ ਚਲਾ ਰਿਹਾ ਸੀ। ਇਸੇ ਦੌਰਾਨ ਇੱਕ ਮਹਿੰਦਰਾ ਪਿਕਅੱਪ ਗੱਡੀ ਨੰਬਰ ਪੀ.ਬੀ.03-ਏ.ਸੀ.-9845 ਮੋਗੇ ਵਾਲੀ ਸਾਈਡ ਤੋਂ ਆ ਰਹੀ ਸੀ, ਜਿਸ ਨੂੰ ਕੁਲਵਿੰਦਰ ਸਿੰਘ ਵਾਸੀ ਘੱਲ ਕਲਾਂ, ਮੋਗਾ ਚਲਾ ਰਿਹਾ ਸੀ। ਜਦ ਦੋਵਾਂ ਗੱਡੀਆਂ ਸ਼ਾਹਕੋਟ-ਮੋਗਾ ਨੈਸ਼ਨਲ ਹਾਈਵੇ ਦੇ ਪਿੰਡ ਸਲੈਚਾਂ ਨਜ਼ਦੀਕ ਪੁੱਲ ਹੇਠ ਪਹੁੰਚੀਆਂ ਤਾਂ ਮਹਿੰਦਰਾ ਪਿਕਅੱਪ ਗੱਡੀ ਦੇ ਚਾਲਕ ਨੇ ਤੇਜ਼ ਰਫ਼ਤਾਰੀ ਨਾਲ ਹੀ ਸ਼ਾਹਕੋਟ ਤੋਂ ਲੋਹੀਆ ਨੂੰ ਜਾਂਦੀ ਲਿੰਕ ਸੜਕ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲਿੰਕ ਰੋਡ ’ਤੇ ਆ ਰਹੀ ਇਨੋਵਾ ਕਾਰ ਨਾਲ ਮਹਿੰਦਰਾ ਪਿਕਅੱਪ ਦੀ ਜਬਰਦਸਤ ਟੱਕਰ ਹੋ ਗਈ। ਹਾਦਸਾ ਐਨਾ ਜਬਰਦਸਤ ਸੀ ਕਿ ਮਹਿੰਦਰਾ ਪਿਕਅੱਪ ਦੀ ਟੱਕਰ ਵੱਜਣ ਨਾਲ ਇਨੋਵਾ ਕਾਰ ਸੜਕ ਕਿਨਾਰੇ ਪਲਟ ਗਈ, ਜਦਕਿ ਕਾਰ ਚਾਲਕ ਦਾ ਬਚਾ ਹੋ ਗਿਆ। ਹਾਦਸੇ ’ਚ ਇਨੋਵਾ ਕਾਰ ਬੁਰੀ ਤਰਾਂ ਨਾਲ ਨੁਕਸਾਨੀ ਗਈ। ਰਾਹਗੀਰਾਂ ਨੇ ਇਨੋਵਾ ਵਿੱਚ ਫਸੇ ਚਾਲਕ ਨੂੰ ਬਾਹਰ ਕੱਢਿਆ ਅਤੇ ਸ਼ਾਹਕੋਟ ਪੁਲਿਸ ਨੂੰ ਸੂਚਿਤ ਕੀਤਾ ਤਾਂ ਮਾਡਲ ਥਾਣਾ ਸ਼ਾਹਕੋਟ ਦੇ ਏ.ਐੱਸ.ਆਈ. ਧਰਮਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ, ਜਿਨਾਂ ਦੋਵੇਂ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ। ਖ਼ਬਰ ਲਿਖੇ ਜਾਣ ਤੱਕ ਦੋਵੇਂ ਧਿਰਾਂ ਮਾਡਲ ਥਾਣਾ ਸ਼ਾਹਕੋਟ ਵਿਖੇ ਸਨ ਅਤੇ ਦੋਵਾਂ ਵਿਚਕਾਰ ਰਾਜ਼ੀਨਾਮੇ ਦੀ ਗੱਲ ਵੀ ਚੱਲ ਰਹੀ ਸੀ।
ਤੇਜ਼ ਰਫ਼ਤਾਰ ਪਿਕਅੱਪ ਦੀ ਟੱਕਰ ਨਾਲ ਇਨੋਵਾ ਪਲਟੀ



