June 24, 2026 1:29 pm

ਸਿਹਤ ਵਿਭਾਗ ਵੱਲੋਂ 96 ਸਕੂਲਾਂ ਦੇ ਪਾਣੀ ਦੇ ਨਮੂਨਿਆਂ ’ਚੋਂ 70 ਫੇਲ੍ਹ

image ਮਾਛੀਵਾੜਾ ਸਾਹਿਬ 25 ਮਾਰਚ (ਕਰਮਜੀਤ ਸਿੰਘ ਆਜ਼ਾਦ)-ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਪੱਧਰ ਉਚਾ ਚੁੱਕਣ ਲਈ ਅਤੇ ਇਨਾਂ ਸਕੂਲਾਂ ਵਿਚ ਪੜ੍ਹਦੇ ਗਰੀਬ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਦਾਅਵਿਆਂ ਦੀ ਫੂਕ ਉਦੋਂ ਨਿੱਕਲੀ ਜਦੋਂ ਸਿੱਖਿਆ ਵਿਭਾਗ ਇਨ੍ਹਾਂ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ ਕਿਉਂਕਿ ਇਨ੍ਹਾਂ ਸਕੂਲਾਂ ਵਿਚ ਪੜ੍ਹਦੇ ਬੱਚੇ ਮਜ਼ਬੂਰਨ ਪ੍ਰਦੂਸ਼ਿਤ ਪਾਣੀ ਪੀ ਰਹੇ ਹਨ।ਸਿਹਤ ਵਿਭਾਗ ਤੋਂ ਪ੍ਰਾਪਤ ਕੀਤੇ ਗਏ ਅੰਕੜਿਆਂ ਅਨੁਸਾਰ 1 ਜਨਵਰੀ 2013 ਤੋਂ ਲੈ ਕੇ 28 ਫਰਵਰੀ 2014 ਤੱਕ ਉਨ੍ਹਾਂ ਦੀ ਟੀਮ ਵੱਲੋਂ ਮਾਛੀਵਾੜਾ ਇਲਾਕੇ ਦੇ 96 ਤੋਂ ਵੱਧ ਪ੍ਰਾਇਮਰੀ ਅਤੇ ਹੋਰ ਅੱਪਰ ਸਕੂਲਾਂ ਵਿਚ ਪਾਣੀ ਦੇ ਨਮੂਨੇ ਲਏ ਗਏ

ਪਰ ਹੈਰਾਨੀ ਦੀ ਗੱਲ ਤਾਂ ਉਦੋਂ ਹੋਈ ਜਦੋਂ ਸਿਹਤ ਵਿਭਾਗ ਦੀ ਲੈਬੋਰੇਟਰੀ ਵੱਲੋਂ ਇਸ ਪਾਣੀ ਦੀ ਜਾਂਚ ਦੌਰਾਨ 70 ਤੋਂ ਵੱਧ ਸਕੂਲਾਂ ਦੇ ਪਾਣੀ ਨੂੰ ਨਾ ਪੀਣ ਯੋਗ ਕਰਾਰ ਦਿੰਦਿਆਂ ਇਸ ਵਿਚ ਪ੍ਰਦੂਸ਼ਿਤ ਕਿਟਾਣੂਆਂ ਦੀ ਮਾਤਰਾ ਕਾਫੀ ਵੱਧ ਪਾਈ ਗਈ ਹੈ। ਸਰਕਾਰੀ ਸਕੂਲਾਂ ਵਿਚ ਪੜ੍ਹਦੇ ਗਰੀਬ ਮਾਪਿਆਂ ਦੇ ਗਰੀਬ ਬੱਚੇ ਰੋਜ਼ਾਨਾ ਹੀ ਸਕੂਲ ਵਿਚ ਲੱਗੇ ਹੈਂਡ ਪੰਪ ਅਤੇ ਟੂਟੀਆਂ ਤੋਂ ਇਹ ਪ੍ਰਦੂਸ਼ਿਤ ਪਾਣੀ ਪੀ ਰਹੇ ਹਨ ਤੇ ਸਿਹਤ ਵਿਭਾਗ ਅਨੁਸਾਰ ਇਹ ਪਾਣੀ ਪੀਣ ਦੇ ਨਾਲ ਬੱਚਿਆਂ ਨੂੰ ਉਲਟੀਆਂ, ਟੱਟੀਆਂ ਅਤੇ ਪੇਟ ਖਰਾਬ ਦੀ ਸ਼ਿਕਾਇਤ ਵੱਧ ਆ ਸਕਦੀ ਹੈ। ਮਾਛੀਵਾੜਾ ਇਲਾਕੇ ਦੇ ਬੇਟ ਖੇਤਰ ਵਿਚ ਜਿੰਨੇ ਵੀ ਪ੍ਰਾਇਮਰੀ ਸਕੂਲ ਹਨ ਉਨ੍ਹਾਂ ਦੇ ਕੇਵਲ 90 ਫੀਸਦੀ ਸਕੂਲਾਂ ਦੇ ਪਾਣੀ ਦੇ ਸੈਂਪਲ ਫੇਲ ਪਾਏ ਗਏ ਕਿਉਂਕਿ ਬੇਟ ਖੇਤਰ ਦੇ ਪਾਣੀ ਵਿਚ ਜਿੱਥੇ ਜਿੰਕ ਦੀ ਮਾਤਰਾ ਵੱਧ ਹੈ ਉਥੇ ਇਹ ਪਾਣੀ ਬੇਸ਼ੱਕ ਦੇਖਣ ਨੂੰ ਸਾਫ ਲੱਗਦਾ ਹੋਏ ਪਰ ਉਹ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਹੋਰ ਤਾਂ ਹੋਰ ਸਿਹਤ ਵਿਭਾਗ ਵੱਲੋਂ ਬੇਸ਼ੱਕ ਪਾਣੀ ਦੇ ਨਮੂਨੇ ਫੇਲ ਕਰ ਦਿੱਤੇ ਗਏ ਪਰ ਇਸ ਪਾਣੀ ਨੂੰ ਜਾਂਚ ਲਈ ਹੋਰ ਵਧੀਆਂ ਲੈਬੋਰੇਟਰੀਆਂ ਵਿਚ ਨਹੀਂ ਭੇਜਿਆ ਜਾ ਸਕਿਆ ਜਿਸ ਨਾਲ ਇਹ ਵੀ ਪਤਾ ਲੱਗ ਜਾਣਾ ਸੀ ਕਿ ਇਹ ਦੂਸ਼ਿਤ ਪਾਣੀ ਕਿਤੇ ਕੈਂਸਰ, ਟੀਬੀ ਜਾਂ ਹੋਰ ਭਿਆਨਕ ਬਿਮਾਰੀਆਂ ਨੂੰ ਸੱਦਾ ਤਾਂ ਨਹੀਂ ਦੇ ਰਿਹਾ। ਸਰਕਾਰੀ ਸਕੂਲਾਂ ਵਿਚ ਪਾਣੀ ਦੇ ਨਮੂਨੇ ਲੈਣ ਵਾਲੀ ਟੀਮ ਦੇ ਉਚ ਅਧਿਕਾਰੀ ਸਿਹਤ ਵਿਭਾਗ ਦੇ ਐਸ.ਐਮ.ਓ. ਡਾ. ਪ੍ਰੇਮਪਾਲ ਗਿੱਲ ਨੇ ਦੱਸਿਆ ਕਿ ਜਿਨਾਂ ਸਕੂਲਾਂ ਵਿਚ ਪਾਣੀ ਦੇ ਨਮੂਨੇ ਫੇਲ ਪਾਏ ਗਏ ਉਸ ਬਾਰੇ ਸਕੂਲ ਪ੍ਰਬੰਧਕਾਂ ਅਤੇ ਬਲਾਕ ਸਿੱਖਿਆ ਅਫਸਰ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਇਨਾਂ ਸਕੂਲਾਂ ਦੇ ਵਿਚ ਆਰ.ਓ. ਸਿਸਟਮ ਲਗਾਏ ਜਾਣ ਤਾਂ ਹੀ ਪਾਣੀ ਪੀਣ ਯੋਗ ਹੋ ਸਕੇਗਾ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿਚ ਪਾਣੀ ਸਪਲਾਈ ਕਰਨ ਵਾਲੀਆਂ ਟੈਂਕੀਆਂ ਵਿਚ ਕਲੋਰੀਨ ਦੀ ਦਵਾਈ ਵੀ ਪਾਈ ਜਾ ਰਹੀ ਹੈ ਤੇ ਬੱਚਿਆਂ ਨੂੰ ਵੀ ਇਸ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਇਹ ਦੂਸ਼ਿਤ ਪਾਣੀ ਦੀ ਸਮੱਸਿਆ ਦਾ ਹੱਲ ਜੇਕਰ ਸਿੱਖਿਆ ਵਿਭਾਗ ਆਰ.ਓ. ਸਿਸਟਮ ਲਗਾਵੇਗਾ ਤਾਂ ਹੀ ਹੱਲ ਹੋਵੇਗਾ।

Send this to a friend