ਨਵੀਂ ਦਿੱਲੀ 25 ਮਾਰਚ (ਪੀ.ਟੀ.)- ਉਮੀਦਵਾਰਾਂ ਨੂੰ ਵਧੇਰੇ ਜਿੰਮੇਵਾਰ ਬਣਾਉਣ ਦੇ ਮੰਤਵ ਨਾਲ ਚੋਣ ਕਮਿਸ਼ਨ ਨੇ ਰਾਜਸੀ ਪਾਰਟੀਆਂ ਨੂੰ ਕਿਹਾ ਹੈ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਚੋਣ ਲੜ ਰਹੇ ਉਨ੍ਹਾਂ ਦੇ ਉਮੀਦਵਾਰ ਹਲਫੀਆ ਬਿਆਨ ’ਚ ਆਪਣੇ ਵਿਦੇਸ਼ੀ ਬੈਂਕ ਖਾਤਿਆਂ ਤੇ ਵਿਦੇਸ਼ ਵਿਚਲੇ ਨਿਵੇਸ਼, ਅਸਾਸਿਆਂ ਤੇ ਦੇਣਦਾਰੀਆਂ ਦਾ ਵੇਰਵਾ ਜ਼ਰੂਰ ਦੇਣ ਹਾਲਾਂਕਿ ਉਮੀਦਵਾਰਾਂ ਨੇ ਆਪਣੇ ਹਲਫੀਆ ਬਿਆਨਾਂ ’ਚ ਵਿਦੇਸ਼ੀ ਬੈਂਕ ਖਾਤਿਆਂ ਤੇ ਨਿਵੇਸ਼ ਬਾਰੇ ਵੇਰਵਾ ਦੇਣਾ ਹੁੰਦਾ ਹੈ ਪਰ ਚੋਣ ਕਮਿਸ਼ਨ ਦੇ ਨੋਟਿਸ ’ਚ ਆਇਆ ਹੈ ਕਿ ਅਨੇਕਾਂ ਉਮੀਦਵਾਰ ਅਜਿਹੇ ਵੇਰਵੇ ਨਹੀਂ ਦੇ ਰਹੇ। ਚੋਣ ਕਮਿਸ਼ਨ ਨੇ ਹਾਲ ਹੀ ’ਚ ਸਾਰੀਆਂ ਪ੍ਰਵਾਨਤ ਰਾਸ਼ਟਰੀ ਤੇ ਸੂਬਾ ਪੱਧਰ ਦੀਆਂ ਰਾਜਸੀ ਪਾਰਟੀਆਂ ਨੂੰ ਲਿਖਿਆ ਹੈ ਕਿ ‘ਕੁਝ ਗੈਰ-ਸਰਕਾਰੀ ਸੰਗਠਨਾਂ ਤੇ ਵਿਅਕਤੀਆਂ ਨੇ ਕਮਿਸ਼ਨ ਦੇ ਨੋਟਿਸ ’ਚ ਲਿਆਂਦਾ ਹੈ ਕਿ ਕੁਝ ਉਮੀਦਵਾਰ ਆਪਣੇ ਵਿਦੇਸ਼ੀ ਖਾਤਿਆਂ ਤੇ
ਦੇਸ਼ ਤੋਂ ਬਾਹਰ ਆਪਣੀ ਜਾਇਦਾਦ, ਨਿਵੇਸ਼, ਕਰਜਿਆਂ ਤੇ ਦੇਣਦਾਰੀਆਂ ਦਾ ਵੇਰਵਾ ਨਹੀਂ ਦਿੰਦੇ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਲੋਕਾਂ ਦੇ ਮੰਨਾਂ ‘ਚੋਂ ਸੰਦੇਹ ਦੂਰ ਕਰਨ ਲਈ ਉਹ ਚਾਹੁੰਦਾ ਹੈ ਕਿ ਉਮੀਦਵਾਰ ਆਪਣਾ ਤੇ ਆਪਣੇ ਜੀਵਨ ਸਾਥੀ ਦੇ ਵਿਦੇਸ਼ਾਂ ਵਿਚਲੇ ਖਾਤਿਆਂ ਤੇ ਜਾਇਦਾਦ ਆਦਿ ਦਾ ਵੇਰਵਾ ਹਲਫੀਆ ਬਿਆਨ ’ਚ ਜਰੂਰ ਸ਼ਾਮਿਲ ਕਰਨ।