ਸੂਬੇ ’ਚ 18 ਜਨਰਲ, 18 ਖਰਚਾ ਤੇ 2 ਪੁਲਿਸ ਆਬਜ਼ਰਵਰ ਹੋਣਗੇ ਤਾਇਨਾਤ
ਚੰਡੀਗੜ੍ਹ, 24 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਪੰਜਾਬ ਦੇ ਪ੍ਰਮੁੱਖ ਸਕੱਤਰ ਗ੍ਰਹਿ ਨੂੰ ਕਿਹਾ ਹੈ ਕਿ ਉਹ ਸੀਨੀਅਰ ਪੁਲਿਸ ਅਧਿਕਾਰੀਆਂ ਵਿਰੁੱਧ ਚੋਣ ਜ਼ਾਬਤੇ ਦੀ ਉਲੰਘਣਾ ਵਿਰੁੱਧ ਆਈਆਂ ਸ਼ਿਕਾਇਤਾਂ ਬਾਰੇ ਆਪਣੀ ਟਿੱਪਣੀ ਭੇਜਣ ਕਿਉਂ ਜੋ ਏ.ਡੀ.ਜੀ.ਪੀ. ਚੋਣ ਸੈਂੱਲ ਵਲੋਂ ਭੇਜੀ ਗਈ ਰਿਪੋਰਟ ਤੋਂ ਭਾਰਤੀ ਚੋਣ ਕਮਿਸ਼ਨ ਸੰਤੁਸ਼ਟ ਨਹੀਂ ਹੈ।ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਵਧੀਕ ਮੁੱਖ ਚੋਣ ਅਧਿਕਾਰੀ ਸ. ਰਮਿੰਦਰ ਸਿੰਘ ਨੇ ਦੱਸਿਆ ਕਿ ਆਈ.ਜੀ. ਇੰਟੈਲੀਜੈਂਸ ਤੇ ਬਠਿੰਡਾ, ਪੁਲਿਸ ਕਮਿਸ਼ਨਰ ਲੁਧਿਆਣਾ, ਬਠਿੰਡਾ, ਮਾਨਸਾ ਤੇ ਫਿਰੋਜ਼ਪੁਰ ਦੇ ਐੱਸ.ਐੱਸ.ਪੀ ਵਿਰੁੱਧ ਚੋਣ ਜ਼ਾਬਤੇ ਦੀ ਉਲੰਘਣਾ ਦੀਆਂ ਸ਼ਿਕਾਇਤਾਂ ਬਾਰੇ ਪ੍ਰਮੁੱਖ ਸਕੱਤਰ ਗ੍ਰਹਿ ਨੂੰ ਜਾਂਚ ਕਰਕੇ ਰਿਪੋਰਟ ਦੇਣ
ਲਈ ਕਿਹਾ ਗਿਆ ਸੀ, ਪਰ ਏ.ਡੀ.ਜੀ.ਪੀ. ਚੋਣ ਸੈਂੱਲ ਵਲੋਂ ਭੇਜੀ ਰਿਪੋਰਟ ਭਾਰਤੀ ਚੋਣ ਕਮਿਸ਼ਨ ਵਲੋਂ ਸੰਤੁਸ਼ਟੀਜਨਕ ਨਹੀਂ ਪਾਈ ਗਈ ਕਿਉਂਕਿ ਜਾਂਚ ਦੌਰਾਨ ਸ਼ਿਕਾਇਤਕਰਤਾ ਨੂੰ ਸ਼ਾਮਿਲ ਨਹੀਂ ਕੀਤਾ ਗਿਆ। ਇਸੇ ਦੇ ਮੱਦੇਨਜ਼ਰ ਮੁੱਖ ਚੋਣ ਅਧਿਕਾਰੀ ਵਲੋਂ ਪ੍ਰਮੁੱਖ ਸਕੱਤਰ ਗ੍ਰਹਿ ਨੂੰ ਏ.ਡੀ.ਜੀ.ਪੀ. ਵਲੋਂ ਭੇਜੀ ਰਿਪੋਰਟ ’ਤੇ ਆਪਣੀ ਟਿੱਪਣੀ ਦੇਣ ਲਈ ਕਿਹਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਚੋਣਾਂ ਦੌਰਾਨ ਨਿਗਰਾਨੀ ਲਈ ਪੰਜਾਬ ਵਿਚ 18 ਖਰਚਾ, 18 ਜਨਰਲ ਤੇ 2 ਪੁਲਿਸ ਆਬਜ਼ਰਵਰ ਤਾਇਨਾਤ ਹੋਣਗੇ। ਉਨ੍ਹਾਂ ਕਿਹਾ ਕਿ ਸੂਬੇ ਵਿਚ 5 ਹਲਕੇ ਬਠਿੰਡਾ, ਅੰਮ੍ਰਿਤਸਰ, ਪਟਿਆਲਾ, ਫਿਰੋਜ਼ਪੁਰ ਤੇ ਗੁਰਦਾਸਪੁਰ ਖਰਚੇ ਪੱਖੋਂ ਸੰਵੇਦਨਸ਼ੀਲ ਹਨ ਜਿਸ ਕਰਕੇ ਇਨ੍ਹਾਂ ਹਲਕਿਆਂ ਵਿਚ ਇਕ-ਇਕ ਵਾਧੂ ਆਬਜ਼ਰਵਰ ਤਾਇਨਾਤ ਹੋਵੇਗਾ। ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਹਲਕਿਆਂ ਦੀ ਬਦਲਦੇ ਹਾਲਾਤਾਂ ਅਨੁਸਾਰ ਤਬਦੀਲੀ ਹੋ ਸਕਦੀ ਹੈ। ਇਸ ਤੋਂ ਇਲਾਵਾ ਹਰ ਪੋਲਿੰਗ ਬੂਥ ਦੀ ਨਿਗਰਾਨੀ ਮਾਈਕਰੋ ਆਬਜ਼ਰਵਰ, ਵੀਡੀਓ ਕੈਮਰੇ, ਫੋਟੋ ਕੈਮਰੇ ਜਾਂ ਵੈੱਬ ਕਾਸਟਿੰਗ ਰਾਹੀਂ ਕੀਤੀ ਜਾਵੇਗੀ।
ਵੋਟਰਾਂ ਦੀ ਸਹੂਲਤ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਿਸੇ ਵੀ ਵੋਟਰ ਨੂੰ ਵੋਟ ਪਾਉਣ ਲਈ 2 ਕਿਲੋਮੀਟਰ ਤੋਂ ਵੱਧ ਦੂਰ ਨਹੀਂ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਸਾਰੇ ਜ਼ਿਲ੍ਹਾ ਚੋਣ ਅਫਸਰਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਇਸ ਲਈ ਕਿਸੇ ਪੋਲਿੰਗ ਬੂਥ ਦੀ ਤਬਦੀਲੀ ਦੀ ਲੋੜ ਪੈਂਦੀ ਹੈ ਤਾਂ ਉਹ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਸਬੰਧੀ ਚੋਣ ਕਮਿਸ਼ਨ ਵਲੋਂ ਨੋਟੀਫੀਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ ਤੇ ਗਿਣਤੀ 16 ਮਈ ਨੂੰ ਸਵੇਰੇ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 1,40,139 ਲਾਇਸੈਂਸੀ ਹਥਿਆਰ ਜਮ੍ਹਾਂ ਹੋ ਚੁੱਕੇ ਹਨ। ਸ. ਰਮਿੰਦਰ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਕਿਸੇ ਵੀ ਰੈਲੀ, ਸਪੀਕਰ ਦੀ ਇਜ਼ਾਜ਼ਤ 36 ਘੰਟੇ ਵਿਚ ਮਿਲੇਗੀ ਤੇ ਇਸ ਲਈ ਜ਼ਿਲ੍ਹਾ, ਤਹਿਸੀਲ ਤੇ ਵਿਧਾਨ ਸਭਾ ਹਲਕੇ ਵਿਚ ਸੈਂੱਲ ਬਣੇਗਾ।