ਕਾਦੀਆਂ, 23 ਮਾਰਚ (ਮਕਬੂਲ ਅਹਿਮਦ)-ਅੱਜ ਅੰਤਰ-ਰਾਸ਼ਟਰੀ ਅਹਿਮਦੀਆ ਮੁਸਲਿਮ ਜਮਾਤ ਵੱਲੋਂ 125ਵਾਂ ਸਥਾਪਨਾ ਦਿਵਸ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ। 23 ਮਾਰਚ 1889 ਨੂੰ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਕਾਦੀਆਨੀ ਨੇ ਅਹਿਮਦੀਆ ਮੁਸਲਿਮ ਜਮਾਤ ਦੀ ਸਥਾਪਨਾ ਕੀਤੀ ਸੀ। ਅੱਜ ਸਵੇਰੇ ਮਸਜਿਦੇ ਅਕਸਾ ਵਿੱਚ ਸਵੇਰੇ 4.00 ਵਜੇ ਵਿਸ਼ੇਸ਼ ਨਮਾਜ਼ ਦਾ ਆਯੋਜਨ ਕੀਤਾ ਗਿਆ। ਮਜਲਿਸ ਖ਼ੁਦਾਮ ਉਲ ਅਹਿਮਦੀਆ ਕਾਦੀਆਂ ਦੇ ਜ਼ੇਰੇ ਇੰਤਜ਼ਾਮ ਬਹਿਸ਼ਤੀ ਮਕਬਰਾ ਵਿੱਚ ਨਮਾਜੇਥ ਫ਼ਜਰ ਤੋਂ ਮਜ਼ਾਰ ਹਜ਼ਰਤ ਮਸੀਹ ਮਾਊਦ ਅਲੈਹਸਲਾਮ ਤੇ ਦੁਆ ਨਾਲ ਸਥਾਪਨਾ ਦਿਵਸ ਦੇ ਪ੍ਰੋਗਰਾਮ ਸ਼ੁਰੂ ਹੋਏ। ਮਸਜਿਦ ਅਕਸਾ ਵਿੱਚ ਮੌਲਾਨਾ ਹਕੀਮ ਮੁਹੰਮਦ ਦੀਨ ਸਾਹਿਬ ਪ੍ਰੈਜ਼ੀਡੈਂਟ ਅਹਿਮਦੀਆ ਜਮਾਤ ਕਾਦੀਆਂ ਦੀ ਪ੍ਰਧਾਨਗੀ ਹੇਠ ਇੱਕ ਜਲਸੇ ਦਾ ਆਯੋਜਨ ਕੀਤਾ ਗਿਆ। ਪਵਿੱਤਰ ਕੁਰਆਨੇ ਪਾਕ ਅਤੇ ਨਜ਼ਮ ਤੋਂ ਬਾਅਦ ਮੌਲਾਨਾ ਮੁਜੀਬ ਅਹਿਮਦ ਲੋਨ ਨੇ ਇਸ ਦਿਨ ਦੀ ਮਹੱਤਤਾ ਬਾਰੇ
ਦੱਸਦੇ ਹੋਏ ਕਿਹਾ ਕਿ ਮੁਸਲਿਮ ਜਮਾਤੇ ਅਹਿਮਦੀਆ ਦੀ ਸਥਾਪਨਾ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਨੇ ਕੀਤੀ। ਉਸ ਸਮੇਂ ਕੇਵਲ ਚੰਦ ਬੰਦੇ ਹੀ ਇਸ ਜਮਾਤ ਵਿੱਚ ਸ਼ਾਮਿਲ ਸਨ। ਅੱਜ ਕਾਦੀਆਂ ਤੋਂ ਨਿਕਲੀ ਹੋਈ ਆਵਾਜ਼ ਦੁਨਿਆ ਦੇ 206 ਤੋਂ ਵੀ ਵੱਧ ਦੇਸ਼ਾਂ ਵਿੱਚ ਫ਼ੈਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੁਸਲਿਮ ਜਮਾਤੇ ਅਹਿਮਦੀਆ ਨੇ ਅਸਲ ਇਸਲਾਮ ਨੂੰ ਦੁਨਿਆ ਦੇ ਸਾਹਮਣੇ ਪੇਸ਼ ਕੀਤਾ ਹੈ। ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋਅਲੈਹੇਵਸਲਮ ਨੇ ਜਿਸ ਇਸਲਾਮ ਨੂੰ ਦੁਨਿਆ ਦੇ ਸਾਹਮਣੇ ਪੇਸ਼ ਕੀਤਾ ਹੈ ਉਹੀ ਇਸਲਾਮ ਅੱਜ ਇਹ ਜਮਾਤ ਦੁਨਿਆ ਦੇ ਕੋਨੇ ਕੋਨੇ ਤੱਕ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਖ਼ਲੀਫ਼ਾ ਤੁਲ ਮਸੀਹ ਦੀ ਰਹਿਨੁਮਾਈ ਹੇਠ ਫ਼ੈਲਾ ਰਹੀ ਹੈ। ਦੁਆ ਦੇ ਨਾਲ ਇਸ ਸੰਮੇਲਨ ਦਾ ਸਮਾਪਨ ਹੋਇਆ। ਇਸ ਜਲਸੇ ਦੀ ਕਾਰਵਾਈ ਨੂੰ ਔਰਤਾਂ ਨੇ ਮਸਜਿਦ ਮੁਬਾਰਕ ਵਿੱਚ ਸੁਣਿਆ। ਨਾਸਿਰ ਮਹਿਮੂਦ ਪ੍ਰਧਾਨ ਮਜਲਿਸ ਖ਼ੁਦਾਮ ਉਲ ਅਹਿਮਦੀਆ ਕਾਦੀਆਂ ਨੇ ਦੱਸਿਆ ਕਿ ਅੱਜ ਦੇ ਸ਼ੁਭ ਦਿਹਾੜੇ ਤੇ ਅਹਿਮਦੀਆ ਗਰਾਉਂਡ ਵਿੱਚ ਅਨੇਕ ਖੇਡਾਂ ਦਾ ਆਯੋਜਨ ਕੀਤਾ ਗਿਆ।