ਸ੍ਰੀ ਮੁਕਤਸਰ ਸਾਹਿਬ, 23 ਮਾਰਚ (ਰਾਜ ਕੰਵਲ)-ਪੰਜਾਬ ਸਰਕਾਰ ਨੇ ਸੜਕਾਂ ਵਾਸਤੇ ਕਰੋੜਾਂ ਰੁਪਿਆ ਦਾ ਫੰਡ ਮਹਿਕਮੇ ਪੀ. ਡਬਲਯੂ. ਡੀ. ਅਤੇ ਨਗਰ ਕੌਂਸਲ ਨੂੰ ਦਿੱਤੇ ਸਨ ਪਰ ਪਤਾ ਨਹੀਂ ਇਹ ਫੰਡ ਮਹਿਕਮੇ ਦੇ ਅਧਿਕਾਰੀਆਂ ਨੇ ਕਿਹੜੇ ਖੂਹ ਖਾਤੇ ਵਿੱਚ ਪਾ ਦਿੱਤੇ, ਜਿਸ ਦੀ ਤਾਜਾ ਮਿਸਾਲ ਸ੍ਰੀ ਮੁਕਤਸਰ ਸਾਹਿਬ ਦੀਆਂ ਸੜਕਾਂ ਤੋਂ ਮਿਲਦੀ ਹੈ। ਤੁਸੀਂ ਸ਼ਹਿਰ ਦੇ ਜਿਹੜੇ ਮਰਜੀ ਰੋਡ ’ਤੇ ਚੱਲ ਕੇ ਵੇਖੋ ਤੁਹਾਨੂੰ ਆਪ ਹੀ ਸੜਕਾਂ ਦੱਸਣਗੀਆਂ ਕਿ ਸਾਨੂੰ ਕਿਸੇ ਮਹਿਕਮੇ ਨੇ ਪੁੱਿਛਆ ਹੀ ਨਹੀਂ। ਜਿਵੇ ਦਾਣਾ ਮੰਡੀ ਰੋਡ, ਜਲਲਾਬਾਦ ਰੋਡ, ਗੋਨਿਆਣਾ ਰੋਡ, ਜਲਾਲਾਬਾਦ ਬਾਈਪਾਸ, ਇਹ ਸੜਕਾਂ ਅਥਰੂ ਵਹਾ ਰਹੀਆਂ ਹਨ ਕਿ ਜਿਵੇਂ ਇਸ ਜ਼ਿਲ੍ਹੇ ਦਾ ਕੋਈ ਵਾਲੀ ਵਾਰਿਸ ਹੀ ਨਾ ਹੋਵੇ। ਇਹ ਸੜਕਾਂ ਤਾ ਪਹਿਲਾਂ ਹੀ ਰੱਬ ਦੀਆਂ ਮਾਰੀਆ ਸਨ ਪਰ ਸੇਮ ਨੇ ਇਨ੍ਹਾਂ ਸੜਕਾਂ ਦਾ ਸੱਤਿਆਨਾਸ ਹੋਰ ਵੀ ਕਰ ਦਿੱਤਾ। ਇਹ ਸੜਕਾਂ ਸੇਮ ਦੇ ਆਉਣ ਨਾਲ ਸਾਰੀਆਂ ਦੋ, ਤਿੰਨ ਫੁਟ ਥੱਲੇ ਧੱਸ ਚੁਕੀਆਂ ਹਨ, ਜਿਨ੍ਹਾਂ ਵਿੱਚ
ਆਉਣ ਜਾਣ ਵਾਲੇ ਟਰੱਕ, ਟਰਾਲੇ, ਤੇ ਬੱਸਾਂ ਥੱਲੇ ਧੱਸ ਜਾਦੀਆਂ ਹਨ। ਕਈ ਵਾਰ ਘੰਟਾ-ਘੰਟਾਂ ਟ੍ਰੈਫਿਕ ਜਾਮ ਹੋ ਜਾਦਾ ਹੈ। ਇਸ ਕਾਰਨ ਲੋਕਾਂ ਨੇ ਕਈ ਵਾਰ ਦਫਤਰ ਜਾਂ ਹੋਰ ਕਈ ਕੰਮਕਾਜ ਜਾਣਾ ਹੁੰਦਾ ਹੈ ਉਹ ਲੇਟ ਹੋ ਜਾਂਦੇ ਹਨ। ਮਹਿਕਮੇ ਦੇ ਅਫ਼ਸਰ ਅਤੇ ਡੀ.ਸੀ. ਸਾਹਿਬ ਜ਼ਿਲ੍ਹੇ ਦੀ ਬਿਲਕੁੱਲ ਸਾਰ ਨਹੀਂ ਲੈ ਰਿਹਾ। ਜੇ ਗੱਲ ਕਰੀਏ ਤਾਂ ਇਸੇ ਤਰ੍ਹਾਂ ਹੀ ਸੀਵਰੇਜਾਂ ਦਾ ਵੀ ਬੁਰਾ ਹਾਲ ਹੈ। ਇੱਥੋਂ ਦੇ ਸੀਵਰੇਜ ਇੱਕ ਮਹੀਨੇ ’ਚ 29 ਦਿਨ ਬੰਦ ਹੀ ਰਹਿੰਦੇ ਹਨ। ਲੋਕ ਸੀਵਰੇਜ ਮਹਿਕਮੇ ਨੂੰ ਫੋਨ ਕਰ ਕਰਕੇ ਅਤੇ ਦਰਖਾਸਤਾਂ ਦੇ ਕੇ ਅੱਕ ਚੁੱਕੇ ਹਨ ਪਰ ਮਹਿਕਮੇ ਦੇ ਅਧਿਕਾਰੀਆਂ ਦੇ ਕੰਨਾ ’ਤੇ ਜੂੰਅ ਵੀ ਨਹੀਂ ਸਰਕਦੀ। ਗੱਲ ਇੱਥੇ ਹੀ ਬਸ ਨਹੀਂ ਜੇਕਰ ਗੱਲ ਕਰੀਏ ਅਵਾਰਾ ਪਸ਼ੂਆਂ ਦੀ, ਇਹ ਅਵਾਰਾ ਪਸ਼ੂ ਸ਼ਹਿਰ ਵਿੱਚ ਕੋਈ ਨਾ ਕੋਈ ਹੰਗਾਮਾ ਕਰਦੇ ਹੀ ਰਹਿੰਦੇ ਹਨ ਪਰ ਪ੍ਰਸ਼ਾਸਨ ਬੇਖੋਫ ਹੈ ਕਿਉਂਕਿ ਇਨ੍ਹਾਂ ਆਵਾਰਾ ਢੱਠਿਆਂ ਨੇ ਕਈ ਲੋਕਾਂ ਨੂੰ ਹਸਪਤਾਲ ਪਹੁੰਚਾ ਦਿੱਤੇ ਹਨ ਪਰ ਇਨ੍ਹਾਂ ਅਵਾਰਾ ਢੱਠਿਆਂ ਨੂੰ ਨਾ ਤਾਂ ਗਾਊਸ਼ਾਲਾ ਵਾਲੇ ਸੰਭਾਲਦੇ ਹਨ ਤੇ ਨਾ ਹੀ ਕੋਈ ਪ੍ਰਸ਼ਾਸਨ ਪ੍ਰਬੰਧ ਕਰ ਰਿਹਾ ਹੈ। ਅਵਸੋਸ ਦੀ ਗੱਲ ਇਹ ਵੀ ਹੈ ਕਿ ਵਾਟਰ ਸਪਲਾਈ ਮਹਿਕਮੇ ਨੇ ਦੋ ਵਾਟਰਬਾਕਸ ਬਣਾਉਣ ਲਈ ਦੋ ਕਰੋੜ ਰੁਪਿਆ ਲਾ ਦਿੱਤਾ ਹੈ ਛੇ ਮਹੀਨੇ ਉਦਘਾਟਨ ਕੀਤੇ ਨੂੰ ਹੋ ਗਏ ਹਨ ਪਰ ਪਾਈਪਾ ਵਿੱਚ ਪਾਣੀ ਚੰਗਾ ਆਉਣ ਦੀ ਬਾਜਾਏ ਸੀਵਰੇਜਾ ਦਾ ਗੰਦਾ ਪਾਣੀ ਆ ਰਿਹਾ ਹੈ ਜੋ ਭਿਆਨਕ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਲੋਕਾਂ ਦੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪਾਸੋਂ ਮੰਗ ਹੈ ਕਿ ਇਨ੍ਹਾਂ ਸਾਰੀਆ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਹਿਰ ਦੀਆਂ ਸੜਕਾਂ ਵੱਲ ਤੇ ਪੀਣ ਵਾਲੇ ਪਾਣੀ ਅਤੇ ਵਾਟਰ ਸਪਲਾਈ ਤੇ ਸ਼ਹਿਰ ’ਚ ਘੁੰਮ ਰਹੇ ਅਵਾਰਾ ਪਸ਼ੂਆਂ ਵੱਲ ਧਿਆਨ ਦਿੱਤਾ ਜਾਵੇ ਨਹੀ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਲੋਕ ਸ਼ੇਰ ਸਿੰਘ ਘੁਬਾਇਆ ਨੂੰ ਸ਼ਹਿਰ ਦੇ ਵਿਕਾਸ ਤੋਂ ਜਾਣੂ ਕਰਵਾ ਦੇਣਗੇ ਕਿਉਕਿ ਮੁਕਤਸਰ ਸਾਹਿਬ ਦੇ ਲੀਡਰ ਕਹਿੰਦੇ ਹਨ ਕਿ ਅਸੀਂ ਵਿਕਾਸ ’ਤੇ ਵੋਟ ਮੰਗਦੇ ਰਹੇ ਹਾਂ।