June 23, 2026 7:20 am

ਸੁੱਕੀ ਰਮਾਲੀ ਲੈ ਜਾਣ ਦੀ ਤਾਕ ’ਚ ਬੈਠੇ ਅਕਾਲੀ ਦਲ ਨੂੰ ਹੁਣ ਹੱਥਾਂ ਪੈਰਾਂ ਦੀ ਪਈ

ਕੈਪਟਨ ਦੇ ਆਉਣ ਨਾਲ ਅਕਾਲੀ ਤੇ ਭਾਜਪਾਈਆਂ ਨੂੰ ਚਿੰਤਾ ਨੇ ਘੇਰਿਆ, ਕਾਂਗਰਸੀ ਖੁਸ਼
image ਅੰਮ੍ਰਿਤਸਰ, 23 ਮਾਰਚ (ਰਾਜਨ ਮਾਨ)-ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਨ ਤੋਂ ਬਾਅਦ ਮੁਕਾਬਲਾ ਸਖਤ ਹੋ ਗਿਆ ਹੈ ਅਤੇ ਜਿਥੇ ਕਾਂਗਰਸੀ ਖੇਮੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਉਥੇ ਅਕਾਲੀ ਦਲ ਤੇ ਭਾਜਪਾ ਦੇ ਆਗੂਆਂ ਨੂੰ ਚਿੰਤਾ ਨੇ ਘੇਰ ਲਿਆ ਹੈ। ਸੁੱਕੀ ਰਮਾਲੀ ਲੈ ਜਾਣ ਦੀ ਤਾਕ ਵਿੱਚ ਬੈਠੇ ਅਕਾਲੀ ਦਲ ਨੂੰ ਹੁਣ ਹੱਥਾਂ ਪੈਰਾਂ ਦੀ ਪੈ ਗਈ ਹੈ।ਭਾਜਪਾ ਵਲੋਂ ਨਵਜੋਤ ਸਿੱਧੂ ਦੀ ਛੁੱਟੀ ਕਰਨ ਤੋਂ ਬਾਅਦ ਅਕਾਲੀ ਦਲ ਦੇ ਕਹਿਣ ਤੇ ਸ਼੍ਰੀ ਅਰੁਣ ਜੇਤਲੀ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਸੀ। ਕੈਪਟਨ ਦੇ ਆਉਣ ਨਾਲ ਇਸ ਸੀਟ ਦੇ ਸਮੀਕਰਨ ਹੀ ਬਦਲ ਗਏ ਹਨ। ਕਾਂਗਰਸੀ ਫੁੱਟ ਖਤਮ ਹੋ ਗਈ ਹੈ ਅਤੇ ਹਰ ਲੀਡਰ ਹੁਣ ਕੈਪਟਨ ਦੇ ਨਾਲ ਚੱਲਣ ਲਈ ਕਮਰਕੱਸੇ ਕੱਸ ਰਿਹਾ ਹੈ। ਉਧਰ

ਭਾਜਪਾ ਦੇ ਉਮੀਦਵਾਰ ਜੇਤਲੀ ਨੂੰ ਸਿਰਫ ਅਕਾਲੀ ਦਲ ਉ¤ਪਰ ਹੀ ਟੇਕ ਹੈ ਕਿ ਉਹ ਹੀ ਹੁਣ ਉਸ ਦੀ ਬੇੜੀ ਪਾਰ ਲਾ ਸਕਦੇ ਹਨ। ਉ¤ਧਰ ਅਕਾਲੀ ਦਲ ਵੀ ਫਸ ਗਿਆ ਹੈ ਉਸ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਕਾਂਗਰਸ ਵੱਲੋਂ ਵੱਡਾ ਥੰਮ ਹੀ ਮੈਦਾਨ ਵਿੱਚ ਉਤਾਰ ਦਿੱਤਾ ਜਾਵੇਗਾ। ਇੱਕ ਬਠਿੰਡਾ ਸੀਟ ’ਤੇ ਹੁਣ ਅੰਮ੍ਰਿਤਸਰ ਦੀ ਸੀਟ ਅਕਾਲੀ ਦਲ ਲਈ ਵਕਾਰ ਦਾ ਸੁਆਲ ਬਣ ਗਈ ਹੈ। ਭਾਜਪਾ ਦੇ ਕੁਝ ਸਥਾਨਕ ਆਗੂ ਇਸ ਗੱਲ ਕਰਕੇ ਵੀ ਥੋੜ੍ਹੇ ਨਰਾਜ਼ ਨਜ਼ਰ ਆ ਰਹੇ ਹਨ ਕਿ ਜੇਤਲੀ ਤਾਂ ਅਕਾਲੀ ਦਲ ਦੀ ਹੀ ਬੇੜ੍ਹੀ ਵਿੱਚ ਪੂਰੀ ਤਰ੍ਹਾਂ ਸਵਾਰ ਹੋ ਗਏ ਹਨ ਅਤੇ ਅਕਾਲੀ ਦਲ ਵੱਲੋਂ ਪਹਿਲਾਂ ਹੀ ਸ਼ਹਿਰ ਵਿੱਚ ਭਾਜਪਾ ਦਾ ਬਿਸਤਰਾ ਗੋਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆ ਗਈਆਂ ਹਨ। ਕਿਤੇ ਨਾ ਕਿਤੇ ਭਾਜਪਾ ਦੇ ਲੋਕਲ ਕੇਡਰ ਵਿੱਚ ਇਹ ਗੱਲ ਜ਼ਰੂਰ ਚੱਲ ਰਹੀ ਹੈ ਕੇ ਪਾਰਟੀ ਨੇ ਬਾਹਰੋਂ ਲਿਆ ਕੇ ਉਨ੍ਹਾਂ ਉਪਰ ਉਮੀਦਵਾਰ ਬਿਠਾ ਦਿੱਤਾ ਹੈ। ਭਾਜਪਾ ਦੇ ਸਥਾਨਿਕ ਆਗੂ ਇਹ ਗੱਲ ਵੀ ਮਹਿਸੂਸ ਕਰ ਰਹੇ ਹਨ ਕਿ ਜੇਤਲੀ ਵੱਲੋਂ ਅਕਾਲੀ ਦਲ ਦੀ ਬੇੜੀ ਤੇ ਸਵਾਰ ਹੋਣ ਕਾਰਨ ਉਨ੍ਹਾਂ ਨੂੰ ਵੀ ਅਕਾਲੀ ਦਲ ਦੀ ਰਹਿਨੁਮਾਈ ਕਰਨੀ ਪਵੇਗੀ। ਸ੍ਰੀ ਜੇਤਲੀ ਦੀ ਚੋਣ ਅਖਾੜੇ ਵਿੱਚ ਪਲੇਠੀ ਫੇਰੀ ਮੌਕੇ ਅਕਾਲੀਆਂ ਵੱਲੋਂ ਉਨ੍ਹਾਂ ਦੇ ਸਵਾਗਤ ’ਚ ਭਾਜਪਾਈਆਂ ਨੂੰ ਪਿਛੇ ਛੱਡਣ ਲਈ ਪੂਰਾ ਤਾਣ ਲਗਾਇਆ ਗਿਆ ਸੀ। ਉਧਰ ਸਥਾਨਕ ਕਾਂਗਰਸੀ ਆਗੂਆਂ ’ਚ ਕੈਪਟਨ ਅਮਰਿੰਦਰ ਸਿੰਘ ਦੇ ਨਾਂਅ ਨਾਲ ਵਿਸ਼ੇਸ਼ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਆਗੂਆਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੇ ਅੰਮ੍ਰਿਤਸਰੋਂ ਚੋਣ ਲੜਨ ਨਾਲ ਨਾ ਕੇਵਲ ਅੰਮ੍ਰਿਤਸਰ ਬਲਕਿ ਖੇਤਰ ਦੀਆਂ ਬਹੁਤਾਤ ਸੀਟਾਂ ’ਤੇ ਕਾਂਗਰਸ ਦੀ ਜਿੱਤ ਯਕੀਨੀ ਹੋਵੇਗੀ।
ਇਸ ਹਲਕੇ ਤੇ ਜ਼ਿਆਦਾਤਰ ਕਾਂਗਰਸ ਦਾ ਹੀ ਕਬਜ਼ਾ ਰਿਹਾ ਹੈ ਅਤੇ ਕਈ ਵਾਰ ਲਗਾਤਾਰ ਕਾਂਗਰਸ ਦੇ ਆਗੂ ਰਘੂ ਨੰਦਨ ਲਾਲ ਭਾਟੀਆ ਇਥੋਂ ਜਿੱਤਦੇ ਰਹੇ ਹਨ ਅਤੇ ਫਿਰ ਭਾਜਪਾ ਨੇ ਕੋਈ ਹੱਲ ਨਾ ਵੇਖਦਿਆਂ ਇੱਥੋਂ ਨਵਜੋਤ ਸਿੱਧੂ ਨੂੰ ਮੈਦਾਲ ਵਿੱਚ ਉਤਾਰਕੇ ਇਹ ਸੀਟ ਕਾਂਗਰਸ ਤੋਂ ਖੋਹੀ ਸੀ। ਇਥੋਂ ਭਾਜਪਾ ਦੇ ਪਹਿਲਾਂ ਵੀ ਇੱਕਵਾਰ ਦਇਆ ਸਿੰਘ ਸੋਢੀ ਨੂੰ ਮੈਦਾਲ ਵਿੱਚ ਉਤਾਰ ਕੇ ਇਹ ਸੀਟ ਜਿੱਤੀ ਸੀ। ਭਾਜਪਾ ਨੇ ਜਦੋਂ ਵੀ ਇਹ ਸੀਟ ਜਿੱਤੀ ਹੈ ਉਹ ਸਿੱਖ ਉਮੀਦਵਾਰ ਨੇ ਹੀ ਜਿੱਤੀ ਹੈ। ਜਨਤਾ ਦਲ ਵੱਲੋਂ ਵੀ ਕ੍ਰਿਪਾਲ ਸਿੰਘ ਇਥੇ ਇੱਕ ਵਾਰ ਚੋਣ ਜਿੱਤੇ ਸਨ। ਇਸ ਹਲਕੇ ਵਿੱਚ 65 ਫੀਸਦੀ ਸਿੱਖ ਵੋਟ ਹੈ ਅਤੇ ਜ਼ਿਆਦਾ ਜੱਟ ਸਿੱਖ ਵੋਟ ਕਾਂਗਰਸ ਇਸ ਵੋਟ ਨੂੰ ਨਾਲ ਲੈ ਕੇ ਚੱਲਣ ਵਿੱਚ ਸਫਲ ਹੁੰਦੀ ਨਜ਼ਰ ਆ ਰਹੀ ਹੈ। ਪਿਛਲੀਆਂ ਚੋਣਾਂ ਤੇ ਜੇਕਰ ਝਾਤ ਮਾਰੀਏ ਤਾਂ ਸਭ ਤੋਂ ਪਹਿਲਾਂ ਸ਼੍ਰੀ ਸਿੱਧੂ ਨੇ ਸ਼੍ਰੀ ਭਾਟੀਆ ਨੂੰ ਇੱਕ ਲੱਖ ਤੋਂ ਵੱਧ ਵੋਟਾਂ ਦੇ ਫਰਕ ਲਾਲ ਹਰਾਇਆ ਸੀ ਤੇ ਫਿਰ ਹੋਈ ਜਿਮਨੀ ਚੋਣ ਵਿੱਚ ਵਿੱਚ ਸ਼੍ਰੀ ਸਿੰਗਲਾ ਨੂੰ  77 ਹਜ਼ਾਰ ਦੇ ਫਰਕ ਨਾਲ ਹਰਾਇਆ ਤੇ ਪਿਛਲੀਆਂ ਚੋਣਾਂ ਵਿੱਚ ਸ਼੍ਰੀ ਸੋਨੀ ਨੂੰ ਕਰੀਬ 6 ਹਜ਼ਾਰ ਵੋਟਾਂ ਦੇ ਫਰਕ ਲਾਲ ਹਰਾਇਆ ਸੀ। ਇਨ੍ਹਾਂ ਅੰਕੜਿਆਂ ਤੋਂ ਇਹ ਗੱਲ ਸਪਸ਼ਟ ਹੈ ਕੇ ਭਾਜਪਾ ਉਮੀਦਵਾਰ ਦੀ ਵੋਟ ਘਟਦੀ ਹੀ ਗਈ ਹੈ। ਪਿਛਲੀਆਂ ਚੋਣਾ ਵਿੱਚ ਕਾਂਗਰਸੀ ਉਮੀਦਵਾਰ ਸ਼੍ਰੀ ਸੋਨੀ ਅੰਮ੍ਰਿਤਸਰ ਦੇ ਸ਼ਹਿਰੀ ਹਲਕਿਆਂ ਚੋਂ 45 ਹਜ਼ਾਰ ਤੋਂ ਵੱਧ ਫਰਕ ਨਾਲ ਜਿੱਤੇ ਸਨ ਅਤੇ ਸਿਰਫ ਪੇਂਡੂ ਖੇਤਰਾਂ ਵਿੱਚੋਂ ਹਾਰਨ ਕਾਰਨ ਹੀ ਚੋਣ ਹਾਰੇ ਸਨ। ਇਸ ਵਾਰ ਕੈਪਟਨ ਅਮਰਿੰਦਰ ਦੇ ਆਉਣ ਨਾਲ ਕਾਂਗਰਸ ਪੇਂਡੂ ਵੋਟਾਂ ਲਿਜਾਣ ਵਿੱਚ ਕਾਮਯਾਬ ਹੋ ਸਕਦੀ ਹੈ ਅਤੇ ਜੱਟ ਸਿੱਖ ਅੱਜ ਵੀ ਕੈਪਟਨ ਨੂੰ ਪਸੰਦ ਕਰਦਾ ਹੈ। ਅਕਾਲੀ ਦਲ ਵੱਲੋਂ ਜੇਤਲੀ ਲਈ ਪੰਥਕ ਮੁੱਦਿਆਂ ਤੇ ਵੀ ਵੋਟਾਂ ਮੰਗੀਆਂ ਜਾ ਰਹੀਆਂ ਹਨ ਪਰ ਕੈਪਟਨ ਦੇ ਆਉਣ ਨਾਲ ਅਕਾਲੀ ਦਲ ਦੇ ਪੰਥਕ ਮੁੱਦੇ ਹੁਣ ਕੰਮ ਨਹੀਂ ਕਰਨੇ ਕਿਉਂਕਿ ਅਕਾਲੀ ਦਲ ਵੱਲੋਂ ਸਾਕਾ ਨੀਲਾ ਤਾਰਾ ਦੇ ਮੁੱਦੇ ਤੇ ਜਦੋਂ ਬਿਆਨਬਾਜ਼ੀ ਸ਼ੁਰੂ ਕੀਤੀ ਗਈ ਸੀ ਤਾਂ ਕੈਪਟਨ ਨੇ ਬਾਦਲਾਂ ’ਤੇ ਉਲਟੇ ਵਾਰ ਕਰਕੇ ਉਨ੍ਹਾਂ ਨੂੰ ਚੁੱਪ ਕਰਵਾ ਦਿੱਤਾ ਸੀ ਤੇ ਮੁੜ ਬਾਦਲਾਂ ਨੇ ਇਹ ਮੁੱਦਾ ਨਹੀਂ ਸੀ ਚੁੱਕਿਆ। ਗਰਮਖਿਆਲੀ ਵੀ ਬਾਦਲਾਂ ਨਾਲੋਂ ਕੈਪਟਨ ਨੂੰ ਵਧੇਰੇ ਪਸੰਦ ਕਰਦੇ ਹਨ ਅਤੇ ਇਹ ਵੋਟ ਵੀ ਕੈਪਟਨ ਲਿਜਾਣ ਵਿੱਚ ਸਫਲ ਹੋ ਸਕਦੇ ਹਨ। ਹਾਲਦੀ ਘੜੀ ਕਾਂਗਰਸ ਲਈ ਸਭ ਅੱਛਾ ਨਜ਼ਰ ਆ ਰਿਹਾ ਹੈ। ਕੈਪਟਨ ਦੇ ਆਉਣ ਤੇ ਅਕਾਲੀ ਦਲ ਤੇ ਭਾਜਪਾ ਵੱਲੋਂ ਹੁਣ ਨਵੀਂ ਰਣਨੀਤੀ ਬਣਾਈ ਜਾਵੇਗੀ। ਅੰਮ੍ਰਿਤਸਰ ਪਹੁੰਚਣ ’ਤੇ ਸ਼੍ਰੀ ਜੇਤਲੀ ਨੇ ਪਹਿਲੇ ਦਿਨ ਕਿਹਾ ਸੀ ਕਿ ਉਨ੍ਹਾਂ ਨੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਪ੍ਰਚਾਰ ’ਤੇ ਜਾਣਾ ਹੈ ਪਰ ਅੱਜ ਹਾਲਾਤ ਵੇਖ ਕੇ ਲੱਗਦਾ ਹੈ ਕੇ ਸ਼੍ਰੀ ਜੇਤਲੀ ਲਈ ਹਲਕਾ ਛੱਡ ਕੇ ਜਾਣਾ ਹੁਣ ਆਸਾਨ ਨਹੀਂ ਹੈ। ਕੈਪਟਨ ਦੇ ਆਉਣ ਨਾਲ ਮਾਝੇ ਦੀਆਂ ਦੂਸਰੀਆਂ ਦੋ ਸੀਟਾਂ ’ਤੇ ਵੀ ਕਾਂਗਰਸੀਆਂ ਵਿੱਚ ਕਰੰਟ ਆ ਗਿਆ ਹੈ ਅਤੇ ਇਸਦਾ ਅਸਰ ਪੈਣ ਦੀ ਸੰਭਾਵਨਾ ਹੈ। ਭਾਜਪਾ ਉਮੀਦਵਾਰ ਨੂੰ ਲੋਕਾਂ ਦੇ ਸਰਕਾਰ ਪ੍ਰਤੀ ਗੁੱਸੇ ਦਾ ਵੀ ਸ਼ਿਕਾਰ ਹੋਣਾ ਪਵੇਗਾ। ਪ੍ਰਾਪਰਟੀ ਟੈਕਸ ਤੇ ਪੰਜਾਬ ਸਰਕਾਰ ਦੀਆਂ ਹੋਰ ਨੀਤੀਆਂ ਕਾਰਨ ਦੁੱਖੀ ਹੋਏ ਲੋਕ ਆਪਣਾ ਗੁੱਸਾ ਵੀ ਕੱਢ ਸਕਦੇ ਹਨ। ਕੁੱਲ ਮਿਲਾ ਕੇ ਹੁਣ ਟੱਕਰ ਜ਼ਬਰਦਸਤ ਬਣ ਗਈ ਹੈ। ਅਖੇ ਕੁੰਡੀਆਂ ਦੇ ਸਿੰਗ ਫਸ ਗਏ ਕੋਈ ਨਿੱਤਰੂ ਵੜੇਂਵੇਂ ਖਾਣੀ।

Send this to a friend