ਸਮੂਹ ਸਿਖ ਕੌਮ ਬਾਦਲ ਪਰਿਵਾਰ ਦਾ ਕਰੇ ਰਾਜਨੀਤਕ ਅਤੇ ਸਮਾਜਿਕ ਬਾਈਕਾਟ : ਸ. ਰਵੀਇੰਦਰ ਸਿੰਘ
ਚੰਡੀਗੜ੍ਹ, 17 ਅਕਤੂਬਰ-ਅਖੰਡ ਅਕਾਲੀ ਦਲ 1920 ਦੀ ਸੀਨੀਅਰ ਆਗੂਆ ਦੀ ਮੀਟਿੰਗ ਵਿਚ ਸਰਵ ਸੰਮਤੀ ਨਾਲ ਹੋਏ ਫੈਸਲਿਆਂ ਸਬੰਧੀ ਸਾਂਝੇ ਤੌਰ ਤੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸ.ਰਵੀਇੰਦਰ ਸਿੰਘ ਪ੍ਰਧਾਨ ਅਤੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਸਰਪ੍ਰਸਤ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸਿਖ ਸਿਧਾਂਤਾਂ ਦੇ ਨੁਕਸਾਨ ਲਈ ਸਿਰਫ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਸਿਧੇ ਤੌਰ ਤੇ ਜ਼ਿੰਮੇਵਾਰ ਹਨ।ਸ਼੍ਰੋਮਣੀ ਅਕਾਲੀ ਦਲ ਅੰਦਰ ਪੈਰ ਪਾਉਂਦਿਆਂ ਹੀ ਸ. ਬਾਦਲ ਨੇ ਸਿਖ ਵਿਰੋਧੀ ਗਤੀਵਿਧੀਆਂ ਦਾ ਰਾਹ ਫੜ ਲਿਆ ਸੀ। ਜਿਸ ਦਾ ਸਬੂਤ ਸ.ਬਾਦਲ ਦੇ ਪਹਿਲੇ ਰਾਜ ਵੇਲੇ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪਵਿਤਰ ਜਨਮ ਅਸਥਾਨ ਸਰਾਏਨਾਗਾ ਜਿਲਾ ਮੁਕਤਸਰ ਵਿਖੇ ਗੋਲੀਆਂ ਚਲਾਉਣ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਅਤੇ ਨਿਹੰਗ ਸਿੰਘਾਂ ਨੂੰ ਸ਼ਹੀਦ ਕਰਣ ਤੋਂ ਮਿਲਦਾ ਹੈ ਜਿਸ ਦਾ ਪਰਚਾ ਵੀ ਦਰਜ ਨਹੀਂ ਕੀਤਾ ਗਿਆ।
ਜੇਕਰ ਇਹ ਵੀ ਕਿਹ ਲਿਆ ਜਾਵੇ ਕਿ ਗੁਰੂ ਘਰ ਦੀ ਬੇਅਦਬੀ ਅਤੇ ਸਿੰਘਾਂ ਨੂੰ ਸ਼ਹੀਦ ਕਰਣ ਦੀ ਸ਼ੁਰੂਆਤ ਹੀ ਬਾਦਲ ਨੇ ਕੀਤੀ ਸੀ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ ।ਇਸ ਤੋਂ ਇਲਾਵਾ ਸ. ਬਾਦਲ ਨੇ ਹਰ ਉਸ ਸਿਖ ਲੀਡਰ ਨੂੰ ਬੜੀ ਚਲਾਕੀ ਨਾਲ ਜਲੀਲ ਕਰਕੇ ਪਾਸੇ ਕੀਤਾ, ਜਿਸ ਕਿਸੇ ਨੇ ਵੀ ਇਸ ਨੂੰ ਪੰਥਕ ਹਿਤਾਂ ਦੀ ਗਲ ਕਹਿਣ ਦੀ ਜੁਅਰਤ ਕੀਤੀ। ਸ਼੍ਰੋਮਣੀ ਅਕਾਲੀ ਦਲ ਜਿਸ ਨੇ ਕਿ ਗੁਲਾਮ ਦੇਸ਼ ਅੰਦਰ ਵੀ ਅੰਗਰੇਜ਼ਾਂ ਦੇ ਨਕ ਅੰਦਰ ਦਮ ਕਰਕੇ ਗੁਰਦੁਆਰਾ ਐਕਟ 1925 ਰਾਹੀਂ ਸ਼੍ਰੋਮਣੀ ਕਮੇਟੀ ਹੋਂਦ ਵਿਚ ਲਿਆਂਦੀ ਸੀ, ਅਜ ਆਜ਼ਾਦ ਦੇਸ਼ ਅੰਦਰ ਬਾਦਲ ਪਰਿਵਾਰ ਨੇ ਆਪਣੇ ਨਿਜੀ ਮੁਫਾਦਾਂ ਲਈ ਸਿਖ ਸਿਧਾਂਤਾਂ ਦਾ ਅਤੇ ਸ਼੍ਰੋਮਣੀ ਕਮੇਟੀ ਦਾ ਘਾਣ ਕਰਕੇ ਰਖ ਦਿਤਾ। ਜਿਸ ਸੰਸਥਾਂ ਦੀ ਚੜ੍ਹਦੀ ਕਲਾ ਲਈ ਸ਼੍ਰੋਮਣੀ ਅਕਾਲੀ ਦਲ ਹੋਂਦ ਵਿਚ ਲਿਆਂਦਾ ਸੀ ਉਸੇ ਸੰਸਥਾ ਨੂੰ ਹੀ ਨਿਗਲ ਜਾਣ ਦਾ ਜਿੰਮੇਵਾਰ ਬਣਾ ਦਿਤਾ । ਜਦੋਂ ਵੀ ਕਦੇ ਸਿਖ ਹਿਤਾਂ ਜਾਂ ਸਿਖ ਸਿਧਾਂਤਾਂ ਤੇ ਪਹਿਰਾ ਦੇਣ ਦੀ ਗਲ ਆਈ ਤਾਂ ਸ.ਬਾਦਲ ਨੇ ਮੀਸਣਾ ਬਣਕੇ ਮੂੰਹ ਹੀ ਨਹੀਂ ਮੋੜ ਲਿਆ , ਸਗੋਂ ਬੜੀ ਚਲਾਕੀ ਨਾਲ ਸਿਖ ਵਿਰੋਧੀ ਤਾਕਤਾਂ ਦਾ ਸਾਥ ਵੀ ਦਿਤਾ। ਸ਼੍ਰੋਮਣੀ ਅਕਾਲੀ ਦਲ ਦੇ ਅਜ ਵਾਲੇ ਹਾਲਾਤ ਤਾਂ ਬੜੀ ਦੇਰ ਪਹਿਲਾਂ ਹੀ ਹੋ ਜਾਣੇ ਸਨ ਪਰ ਅਕਾਲੀ ਦਲ ਅੰਦਰ ਸਿਖੀ ਨੂੰ ਸਮਰਪਿਤ ਆਗੂਆਂ ਦੀ ਹੋਂਦ ਕਰਕੇ ਬਚਿਆ ਰਿਹਾ। ਪਰ ਪ੍ਰਕਾਸ਼ ਸਿੰਘ ਬਾਦਲ ਦੇ ਪੁਤਰ ਮੋਹ ਨੇ ਸਾਰੇ ਹੀ ਸੀਨੀਅਰ ਟਕਸਾਲੀ ਅਕਾਲੀ ਆਗੂਆ ਨੂੰ ਨਜ਼ਰ ਅੰਦਾਜ਼ ਕਰਕੇ ਆਪਣੇ ਪੁਤਰ ਸੁਖਬੀਰ ਬਾਦਲ ਜੋ ਸਿਖੀ ਸਿਧਾਂਤਾਂ ਤੋ ਕੋਰਾ ਅਤੇ ਗੁਰੂ ਦੀ ਬਖਸ਼ਿਸ਼ ਪੰਜ ਕਕਾਰੀ ਰਹਿਤ ਦਾ ਵਿਰੋਧੀ ਸੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਕੇ ਪੰਥਕ ਜਥੇਬੰਦੀ ਨੂੰ ਸਿਰਫ ਬਾਦਲ ਦਲ ਬਣਾ ਦਿਤਾ।



