ਮਾਨਸਾ, 17 ਅਕਤੂਬਰ (ਪੀ.ਟੀ.)- ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਮਾਨਸਾ ਦਲਜੀਤ ਸਿੰਘ ਰੱਲ੍ਹਨ ਦੀ ਅਦਾਲਤ ਨੇ ਡਾਕਾ ਮਾਰਨ ਦੀ ਤਿਆਰੀ ਦੇ ਕੇਸ ਵਿਚੋਂ ਮਨੀ ਸਿੰਘ, ਰਾਜਪ੍ਰੀਤ ਸਿੰਘ ਅਤੇ ਹਰਦੀਪ ਸਿੰਘ ਨੂੰ ਬਰੀ ਕਰ ਦਿੱਤਾ ਹੈ। ਪੁਲਿਸ ਥਾਣਾ ਸ਼ਹਿਰੀ-1 ਮਾਨਸਾ ਵਿਖੇ ਮੁਖ਼ਬਰੀ ਦੇ ਅਧਾਰ ’ਤੇ 26 ਅਗਸਤ 2016 ਨੂੰ ਭਾਰਤੀ ਦੰਡਾਵਲੀ ਦੀ ਧਾਰਾ 399,402,411 ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਮੁਕੱਦਮਾ ਉਕਤ ਸਮੇਤ ਕੁੱਲ ਪੰਜ ਵਿਅਕਤੀਆਂ ਵਿਰੁੱਧ ਦਰਜ ਕੀਤਾ ਗਿਆ ਸੀ, ਜਿਸ ਅਨੁਸਾਰ ਉਕਤ 3 ਵਿਅਕਤੀ ਅਤੇ 2 ਨਾਬਾਲਗ ਵਿਅਕਤੀ ਹਰਮਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਪੀ.ਟੀ.ਯੂ. ਮਾਨਸਾ ਦੀ ਇਮਾਰਤ ਵਿਖੇ ਡਾਕਾ ਮਾਰਨ ਦੀ ਤਿਆਰੀ ਕਰ ਰਹੇ ਸਨ। ਪੁਲਿਸ ਨੇ ਉਪਰੋਕਤ ਪਾਸੋਂ 315 ਬੋਰ ਪਿਸਤੌਲ, 2 ਜਿੰਦਾ ਕਾਰਤੂਸ਼, ਗਡਾਂਸੀ, ਕਿਰਪਾਨ, ਛੁਰਾ ਅਤੇ ਚੋਰੀ ਦੇ ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ ਵੀ ਕੀਤਾ ਸੀ। ਬਚਾਓ ਪੱਖ ਦੇ ਵਕੀਲਾਂ ਗੁਰਪ੍ਰੀਤ ਸਿੰਘ ਸਿੱਧੂ, ਬਲਵੰਤ ਭਾਟੀਆ ਅਤੇ ਸਤਿੰਦਰਪਾਲ ਸਿੰਘ ਮਿੱਤਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਦਾਲਤ ਨੇ ਉਕਤ ਤਿੰਨ ਨੌਜਵਾਨਾਂ ਨੂੰ ਬਰੀ ਕਰ ਦਿੱਤਾ ਹੈ ਜਦੋਂਕਿ ਹਰਮਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਵਿਰੁੱਧ ਜੁਵੇਨਾਇਲ ਜਸਟਿਸ ਬੋਰਡ ਮਾਨਸਾ ਵਿਖੇ ਅਲੱਗ ਤੋਂ ਕੇਸ ਚੱਲਿਆ ਸੀ। ਇਸ ਕੇਸ ਵਿਚ ਭਾਵੇਂ ਨਾਬਾਲਗਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਪਰ ਉਨ੍ਹਾਂ ਦੀ ਬਾਲ ਉਮਰ ਨੂੰ ਧਿਆਨ ’ਚ ਰੱਖ ਕੇ ਅਦਾਲਤ ਨੇ ਉਨ੍ਹਾਂ ਨੇਕ ਚੱਲਣੀ ’ਤੇ ਰਿਹਾਅ ਕਰ ਦਿੱਤਾ ਸੀ।



