June 25, 2026 5:13 pm

ਪਾਉਂਟਾ ਸਾਹਿਬ ਦੀ ਪਾਵਨ ਧਰਤੀ

ਸਰਬੰਸਦਾਨੀ ਪਿਤਾ, ਨੀਲੇ ਦੇ ਸ਼ਾਹ ਅਸਵਾਰ, ਸੰਤ ਸਿਪਾਹੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਤੇ ਸ੍ਰੀ ਖ਼ਾਲਸਾ ਪੰਥ ਦੀ ਸਾਜਨਾ ਦੇ ਸੰਕਲਪ ਨੂੰ ਆਪਣੇ ਜ਼ਿਹਨ ਵਿਚ ਲੈ ਕੇ ਸਮੇਂ ਦੀ ਵੰਗਾਰ ਅਨੁਸਾਰ ਸਾਹਿਤ ਸਿਰਜਣਾ ਤੇ ਕਲਾਤਮਿਕ ਰੁਚੀਆਂ ਦੀ ਪੂਰਤੀ ਲਈ ਕਲਗੀਧਰ ਪਾਤਸ਼ਾਹ ਨੇ ਆਪਣੇ ਜੀਵਨ ਦੇ ਭਰ ਜਵਾਨੀ ਦੇ ਲਗਭਗ ਸਾਢੇ ਚਾਰ ਵਰ੍ਹੇ ਨਾਹਕ ਰਿਆਸਤ ਵਿਚ ਯਮਨਾ ਦੇ ਕਿਨਾਰੇ ਸਥਿਤ ਪਾਉਂਟਾ ਸਾਹਿਬ ਦੀ ਪਾਵਨ ਧਰਤੀ ’ਤੇ ਬਿਤਾਏ।  ਗੁਰੂ ਸਾਹਿਬ ਨੇ ਇਸ ਪਵਿੱਤਰ ਧਰਤੀ ’ਤੇ ਆਪਣੇ ਲਾਡਲੇ 52 ਕਵੀਆਂ ’ਤੇ ਸਾਹਿਤ-ਰੁਚੀਆਂ ਨੂੰ ਲੈ ਕੇ ਅਦਬੀ ਮਹਿਫ਼ਲਾਂ ਨੂੰ ਸ਼ਿੰਗਾਰਿਆ।  ਇਸੇ ਅਸਥਾਨ ‘ਤੇ ਚੰਦਨ ਕਵੀ ਦੀ ਕਵਿਤਾ ਤੋਂ ਖੁਸ਼ ਹੋ ਕੇ ਉਸ ਨੂੰ 65000 ਮੋਹਰਾਂ ਦੇ ਕੇ ਸਨਮਾਨਿਤ ਕੀਤਾ। ਯਮਨਾ ਦੇ ਕਲਕਲ ਵਹਿੰਦੇ ਪਾਣੀ ਨਾਲ ਕਲੋਲਾਂ ਕਰਦਿਆਂ ਕੁਦਰਤ ਦੀ ਸੁਹਾਵਣੀ ਗੋਦ ਵਿਚ ਬੈਠ ਦਸਮ ਗ੍ਰੰਥ ਦੀਆਂ ਅਨੇਕਾਂ ਬਾਣੀਆਂ ਦੀ ਰਚਨਾ ਕੀਤੀ। ਸ਼ਸਤਰ ਤੇ ਸ਼ਾਸਤਰ ਵਿਦਿਆ ਦੇ ਨਾਲ ਕਾਦਰ ਦੀ ਕੁਦਰਤ ਦੇ ਸੁੰਦਰ ਨਜ਼ਾਰਿਆਂ ਤੋਂ ਬਲਿਹਾਰ ਜਾਂਦਿਆਂ, ਅਕਾਲ ਪੁਰਖ ਵਾਹਿਗੁਰੂ ਦੀਆਂ ਗੁੱਝੀਆਂ ਰਮਜ਼ਾਂ ਨੂੰ ਭਾਂਪਦਿਆਂ ਇਕ ਯੋਗ ਕਲਾ ਪਾਰਖੂ ਦੀ ਤਰ੍ਹਾਂ ਆਪਣੇ ਸਿੰਘਾਂ ਨੂੰ ਸੋਹਣੀਆਂ ਦਸਤਾਰਾਂ ਸਜਾਉਣ ਅਤੇ ਚੰਗੇਰੀਆਂ ਸਾਹਿਤਕ ਰਚਨਾਵਾਂ ਦੇ ਮੁਕਾਬਲਿਆਂ ਵਿਚ ਇਨਾਮ ਦਿੱਤੇ ਜਾਣ ਲੱਗੇ। ਦੇਸ਼ ਦੇ ਕੋਨੇ-ਕੋਨੇ ਤੋਂ ਸਾਹਿਤਕਾਰ ਵਿਸ਼ੇਸ਼ ਕਰਕੇ ਕਵੀ ਆਪਣੀਆਂ ਆਤਮਿਕ-ਰਸ ਭਰਪੂਰ ਕਵਿਤਾਵਾਂ, ਜਿਨ੍ਹਾਂ ਵਿਚ ਪ੍ਰੇਮ-ਰਸ, ਬੀਰ-ਰਸ, ਹਾਸਰਸ ਹੁੰਦਾ ਸੀ ਸੁਣਾਉਣ ਲਈ ਪਹੁੰਚਦੇ ਸਨ।  ਇਥੇ ਹੀ ਪੀਰ ਬੁੱਧੂ ਸ਼ਾਹ, ਸਢੌਰੇ ਤੋਂ ਆਪਣੇ ਪੁੱਤਰਾਂ ਤੇ ਮੁਰੀਦਾਂ ਸਮੇਤ ਕਲਗੀਧਰ ਪਾਤਸ਼ਾਹ ਦੇ ਦਰਸ਼ਨਾਂ ਹਿੱਤ ਪਾਉਂਟਾ ਸਾਹਿਬ ਪੁੱਜੇ।  ਉਨ੍ਹਾਂ ਭੰਗਾਣੀ ਦੇ ਯੁੱਧ ਵਿਚ ਆਪਣੇ ਪੁੱਤਰਾਂ ਤੇ ਮੁਰੀਦਾਂ ਸਮੇਤ ਯੁੱਧ ਕਲਾ ਦੇ ਜੌਹਰ ਵਿਖਾਏ।  ਯੁੱਧ ਤੋਂ ਪਿੱਛੋਂ ਆਪਣੇ ਪੁੱਤਰਾਂ ਤੇ ਮੁਰੀਦਾਂ ਦੀ ਸ਼ਹਾਦਤ ਤੋਂ ਪਿੱਛੋਂ ਪੀਰ ਜੀ ਨੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਛੋਟੀ ਦਸਤਾਰ ਤੇ ਕੇਸਾਂ ਸਮੇਤ ਕੰਘਾ ਪ੍ਰਾਪਤ ਕਰਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।
ਅੱਜ ਤੇਜ਼ੀ ਨਾਲ ਮਸ਼ੀਨੀਕਰਨ ਅਤੇ ਸਨਅਤੀਕਰਨ ਵੱਲ ਵਧ ਰਹੇ ਕੰਪਿਊਟਰ ਯੁੱਗ ਵਿਚ ਵੀ ਸ੍ਰੀ ਅਨੰਦਪੁਰ ਸਾਹਿਬ ਦੀ ਤਰ੍ਹਾਂ ਪਾਉਂਟਾ ਸਾਹਿਬ ਵਿਖੇ ਵੀ ਹੋਲੇ ਮਹੱਲੇ ਦੀ ਰੌਣਕ ਵੇਖਣ ਯੋਗ ਹੁੰਦੀ ਹੈ।  ਪਾਉਂਟਾ ਸਾਹਿਬ ਦੀ ਧਰਤੀ ਹਿਮਾਚਲ, ਹਰਿਆਣਾ, ਪੰਜਾਬ, ਦਿੱਲੀ, ਉਤਰਾਂਚਲ ਖਾਸ ਕਰਕੇ ਦੂਨ ਅਤੇ ਤਰਾਈ ਦੇ ਇਲਾਕੇ ਦੀਆਂ ਸਿੱਖ ਸੰਗਤਾਂ ਲਈ ਵਿਸ਼ੇਸ਼ ਖਿੱਚ ਰੱਖਦੀ ਹੈ।  ਹੋਲੇ ਮਹੱਲੇ ਦੇ ਪਾਵਨ ਅਵਸਰ ’ਤੇ ਇਸ ਪਾਵਨ ਧਰਤੀ ਸੰਗਤਾਂ ਕਾਫ਼ਲਿਆਂ ਦੇ ਰੂਪ ਵਿਚ ਪਿੰਡਾਂ ਤੇ ਸ਼ਹਿਰਾਂ ਤੋਂ ਪਾਉਂਟਾ ਸਾਹਿਬ ਪੁੱਜਦੀਆਂ ਹਨ।  ਇਹ ਮੇਲਾ ਪਹਾੜੀ ਤੇ ਪੰਜਾਬੀ ਸੱਭਿਆਚਾਰ ਦਾ ਸੁੰਦਰ ਸੁਮੇਲ ਬਣ ਜਾਂਦਾ ਹੈ, ਜੋ ਲਗਾਤਾਰ ਚਾਰ ਦਿਨ ਚਲਦਾ ਹੈ। ਦੀਵਾਨ ਸਜਦੇ ਹਨ। ਇਨ੍ਹਾਂ ਦੀਵਾਨਾਂ ਵਿਚ ਕਵੀ ਦਰਬਾਰ, ਕੀਰਤਨ ਦਰਬਾਰ, ਕਥਾ ਦਰਬਾਰਾਂ ਵਿਚ ਗੁਰੂ ਘਰ ਦੇ ਕੀਰਤਨੀਆਂ, ਕਥਾਕਾਰਾਂ, ਕਵੀਆਂ, ਢਾਡੀਆਂ, ਕਵੀਸ਼ਰਾਂ ਨੂੰ ਲੱਖਾਂ ਸੰਗਤਾਂ ਸ਼ਰਧਾ ਦੀ ਮੂਰਤੀ ਬਣ ਕੇ ਸਰਵਣ ਕਰਦੀਆਂ ਹਨ। ਚੌਥੇ ਦਿਨ ਹਿਮਾਚਲ ਤੇ ਪਹਾੜੀ ਲੋਕ ਆਪਣੇ ਰਵਾਇਤੀ ਪਹਿਰਾਵੇ ਵਿਚ ਕਲਗੀਧਰ ਪਾਤਸ਼ਾਹ ਨੂੰ ਪ੍ਰਣਾਮ ਕਰਨ ਪੁੱਜਦੇ ਹਨ।
ਯਮਨਾ ਦਰਿਆ ਦੇ ਕਿਨਾਰੇ ਬਣੀ ਗੁਰਦੁਆਰਾ ਪਾਉਂਟਾ ਸਾਹਿਬ ਦੀ ਆਲੀਸ਼ਾਨ ਸੰਗਮਰਮਰੀ ਇਮਾਰਤ ਸਿੱਖ ਇਤਿਹਾਸ ਨੂੰ ਆਪਣੇ ਅੰਦਰ ਸਮੋਈ ਬੈਠੀ ਹੈ।  ਇਸ ਅਸਥਾਨ ਉਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਸਮੇਤ ਸੁਸ਼ੋਭਿਤ ਰਹੇ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਜਨਮ ਵੀ ਇਸੇ ਅਸਥਾਨ ਉਤੇ ਹੋਇਆ। ਸੈਂਕੜੇ ਵਰ੍ਹਿਆਂ ਤੋਂ ਘੋਰ ਤਪ ਕਰ ਰਹੇ ਕਾਲਪੀ ਰਿਸ਼ੀ ਨੂੰ ਗੁਰੂ ਸਾਹਿਬ ਨੇ ਪਾਲਕੀ ਭੇਜ ਕੇ ਆਪਣੇ ਪਾਸ ਬੁਲਾਇਆ, ਜੋ ਗੁਰੂ ਨਾਨਕ ਦੇ ਦਸਵੇਂ ਸਰੂਪ ਦੇ ਦਰਸ਼ਨਾਂ ਦੀ ਤਾਂਘ ਵਿਚ ਬਿਹਬਲ ਬੈਠਾ ਸੀ, ਦਰਸ਼ਨਾਂ ਉਪਰੰਤ ਇਸੇ ਅਸਥਾਨ ਉਪਰ ਕਾਲਪੀ ਰਿਸ਼ੀ ਨੇ ਆਪਣਾ ਸਰੀਰ ਰੂਪੀ ਚੋਲਾ ਤਿਆਗਿਆ।
ਗੁਰਦੁਆਰਾ ਕੰਪਲੈਕਸ ਵਿਚ ਗੁਰਦੁਆਰਾ ਤਪ ਅਸਥਾਨ, ਗੁਰਦੁਆਰਾ ਕਵੀ ਦਰਬਾਰ, ਗੁਰਦੁਆਰਾ ਕਾਲਪੀ ਰਿਸ਼ੀ ਸੁਸ਼ੋਭਿਤ ਹਨ। ਸਾਹਿਤਕਾਰਾਂ ਤੇ ਖੋਜੀਆਂ ਲਈ ਇਕ ਵੱਖਰੀ ਇਮਾਰਤ ਵਿਦਿਆ ਸਰ ਹੈ, ਜਿਸ ਵਿਚ ਲਾਇਬਰੇਰੀ ਤੇ ਸਿੱਖ ਅਜਾਇਬ ਘਰ ਬਣੇ ਹੋਏ ਹਨ।  ਇਸੇ ਇਮਾਰਤ ਨਾਲ ਜੁੜਿਆ ਹੋਇਆ ਹੈ 27 ਆਧੁਨਿਕ ਸਹੂਲਤਾਂ ਵਾਲੇ ਕਮਰਿਆਂ ਦਾ ਰਿਹਾਇਸ਼ੀ ਮਾਤਾ ਸੁੰਦਰੀ ਨਿਵਾਸ।  ਭਾਈ ਜੋਗਾ ਸਿੰਘ ਨਿਵਾਸ ਵਿਚ ਛੇ ਵੱਡੇ ਹਾਲ ਕਮਰੇ ਹਨ।  ਇਸ ਤੋਂ ਇਲਾਵਾ 72 ਸੁੰਦਰ ਕਮਰਿਆਂ ਦੀ ਇਮਾਰਤ ਸੰਗਤ ਨੂੰ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਪਾਉਂਟਾ ਸਾਹਿਬ ਦੇ ਅਸਥਾਨ ਲਈ ਸਾਰਾ ਸਾਲ ਲੱਖਾਂ ਸੰਗਤਾਂ ਪੁੱਜਦੀਆਂ ਹਨ। ਚੰਡੀਗੜ੍ਹ ਤੋਂ 120 ਕਿਲੋਮੀਟਰ ਦੂਰ ਵਸਿਆ ਇਹ ਸ਼ਹਿਰ ਨਾਹਨ (ਹਿਮਾਚਲ), ਜਗਾਧਰੀ (ਹਰਿਆਣਾ) ਤੇ ਦੇਹਰਾਦੂਨ (ਉਤਰਾਂਚਲ) ਤੋਂ ਸਿੱਧੀਆਂ ਸੜਕਾਂ ਨਾਲ ਜੁੜਿਆ ਹੋਇਆ ਹੈ। 
-ਭਗਵਾਨ ਸਿੰਘ ਜੌਹਲ
ਸੰਪਰਕ : 98143-24040

Send this to a friend