Skip to content
Independent perspectives. Global stories.
BREAKING

ਕਿਸਾਨਾਂ ਵੱਲੋਂ ਕੋਟਕਪੁਰਾ ਦੇ ਬੱਤੀਆਂ ਵਾਲਾ ਚੌਕ ’ਚ ਧਰਨਾ

Share this story

ਪ੍ਰਸ਼ਾਸਨ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਰਾਹਤ ਦੇਣ ਤੋਂ ਇਨਕਾਰੀ

ਕੋਟਕਪੂਰਾ, 15 ਅਕਤੂਬਰ (ਅਮਨ ਸ਼ਰਮਾ)- ਬੀਤੀ 9 ਅਕਤੂਬਰ ਨੂੰ ਮਾਰਕੀਟ ਕਮੇਟੀ ਕੋਟਕਪੂਰਾ ਦੇ ਦਫ਼ਤਰ ਸਾਹਮਣੇ ਕਿਸਾਨ ਮੰਗਾਂ ਲਈ ਦਿੱਤੇ ਧਰਨੇ ਵਿਚ ਕਿਸਾਨ ਆਗੂ ਦਵਿੰਦਰ ਸਿੰਘ ਰੋਮਾਣਾ ਬਲਾਕ ਪ੍ਰਧਾਨ ਜੈਤੋ ਦੀ ਹੋਈ ਮੌਤ ਲਈ ਜਿੰਮੇਵਾਰ ਸਰਕਾਰ ਅਤੇ ਜ਼ਿਲਾ ਪ੍ਰਸ਼ਾਸ਼ਨ ਵਿਰੁੱਧ ਕਿਸਾਨ ਦੀ ਲਾਸ਼ ਫਰੀਜ਼ਰ ਵਿਚ ਰੱਖ ਕੇ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ, ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਅਤੇ ਪਰਿਵਾਰ ਦਾ ਕਰਜ਼ਾ ਖਤਮ ਕਰਨ ਦੀਆਂ ਮੰਗਾਂ ਨੂੰ ਲੈਕੇ ਐਸ.ਡੀ.ਐਮ ਦਫ਼ਤਰ ਅੱਗੇ ਜਾਰੀ ਦਿਨ ਰਾਤ ਦੇ ਧਰਨੇ ਦੇ ਪੰਜਵੇਂ ਦਿਨ ਵੀ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਇਨਸਾਫ਼ ਨਾ ਦੇਣ ਦੇ ਰੋਸ ਵਜੋਂ ਅੱਜ ਪੰਜਾਬ ਦੀਆਂ ਕਿਸਾਨ ਮਜ਼ਦੂਰ ਜੱਥੇਬੰਦੀਆਂ ਦੀ ਅਗਵਾਈ ਵਿਚ ਭੜਕੇ ਕਿਸਾਨਾਂ ਨੇ ਸਥਾਨਕ ਬੱਤੀਆਂ ਵਾਲਾ ਚੌਕ ਵਿਖੇ ਜਾਮ ਲਾਕੇ ਸਰਕਾਰ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਗੁਰਦੀਪ ਸਿੰਘ ਰਾਮਪੁਰਾ, ਸੂਬਾ ਮੀਤ ਪ੍ਰਧਾਨ ਡਕੋਂਦਾ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਦਤਾਰ ਸਿੰਘ, ਜਮਹੂਰੀ ਕਿਸਾਨ ਸਭਾ ਦੇ ਕਿਸਾਨ ਆਗੂ ਮਾਸਟਰ ਛੱਜੋ ਰਾਮ ਰਿਖੀ, ਬਲਕਰਨ ਸਿੰਘ ਬਰਾੜ ਪ੍ਰਧਾਨ ਕੁਲਹਿੰਦ ਕਿਸਾਨ ਸਭਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਨਿਰਮਲ ਸਿੰਘ ਬਰਗਾੜੀ, ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉਂ ਅਤੇ ਜ਼ਿਲਾ ਪ੍ਰਧਾਨ ਫਰੀਦਕੋਟ ਬਲਰਾਜ ਸਿੰਘ ਗੁਰੂਸਰ, ਸੂਬਾ ਜਨਰਲ ਸਕੱਤਰ ਗੁਰਨਾਮ ਭਿੱਖੀ, ਸੀਨੀਅਰ ਮੀਤ ਪ੍ਰਧਾਨ ਜੋਰਾ ਸਿੰਘ ਭੈਣੀਬਾਘਾ, ਗੋਰਾ ਸਿੰਘ ਪਿਪਲੀ, ਸਰਦੂਲ ਸਿੰਘ ਕਾਸਮ ਭੱਟੀ,ਡਕੌਂਦਾ ਦੇ ਆਗੂ ਬਲਦੇਵ ਸਿੰਘ ਭਾਈ ਰੂਪਾ, ਐਡਵੋਕੇਟ ਬਲਕਰਨ ਸਿੰਘ ਬੱਲੀ, ਸਕੱਤਰ ਗੁਰਤੇਜ ਸਿੰਘ ਹਰੀਨੌਂ, ਸੁੱਚਾ ਸਿੰਘ ਲੱਧੂ, ਪ੍ਰਗਤੀਸ਼ੀਲ ਇਸਤਰੀ ਸਭਾ ਦੀ ਸੂਬਾਈ ਆਗੂ ਜਸਵੀਰ ਕੌਰ ਨੱਤ, ਕਾਮਰੇਡ ਸੁਖਦਰਸ਼ਨ ਨੱਤ, ਰਾਮਪਾਲ ਬਰਗਾੜੀ ਅਤੇ ਹੋਰਨਾਂ ਨੇ ਕਿਹਾ ਕਿ ਅੱਜ ਦੇਸ਼ ਦੇ ਕਿਸਾਨਾਂ ਨੇ ਮਿਹਨਤ ਕਰਕੇ ਅੰਨ ਭੰਡਾਰ ਤਾਂ ਭਰ ਦਿੱਤੇ ਪਰ ਅੰਨਦਾਤਾ ਅੱਜ ਕਰਜ਼ੇ ਕਾਰਨ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੈ। ਆਗੂਆਂ ਨੇ ਕਿਹਾ ਸਰਕਾਰ ਵੱਲੋਂ ਐਲਾਨੇ ਜਿਨਸਾਂ ਦੇ ਭਾਅ ਵੀ ਕਿਸਾਨਾਂ ਨੂੰ ਪੂਰੇ ਨਹੀਂ ਦਿੱਤੇ ਜਾ ਰਹੇ ਜਿਸ ਨੂੰ ਦੇਸ਼ ਅੰਦਰ ਲਾਗੂ ਕਰਾਉਣ ਲਈ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ’ਤੇ ਦੇਸ਼ ਦੀਆਂ 200 ਕਿਸਾਨ ਜੱਥੇਬੰਦੀਆਂ ਨੇ 8 ਤੋਂ 10 ਅਕਤੂਬਰ ਤੱਕ ਮਾਰਕੀਟ ਕਮੇਟੀਆਂ ਦੇ ਦਫ਼ਤਰਾਂ ਅੱਗੇ ਧਰਨੇ ਦੇਣ ਦਾ ਐਲਾਨ ਕੀਤਾ ਗਿਆ ਸੀ। ਆਗੂਆਂ ਨੇ ਕਿਹਾ ਕਿ ਇਸ ਸੱਦੇ ਨੂੰ ਕਾਮਯਾਬ ਕਰਨ ਲਈ 9 ਅਕਤੂਬਰ ਨੂੰ ਪੰਜਾਬ ਕਿਸਾਨ ਯੂਨੀਅਨ ਵੱਲੋਂ ਮਾਰਕੀਟ ਕਮੇਟੀ ਕੋਟਕਪੂਰਾ ਅੱਗੇ ਧਰਨਾ ਦਿੱਤਾ ਗਿਆ ਸੀ ਜਿੱਥੇ ਜੈਤੋ ਦੇ ਬਲਾਕ ਪ੍ਰਧਾਨ ਦਵਿੰਦਰ ਸਿੰਘ ਰੋਮਾਣਾ ਦੀ ਮੌਤ ਹੋ ਗਈ ਹੈ। ਜੱਥੇਬੰਦੀਆਂ ਨੇ ਮੰਗ ਕੀਤੀ ਸੀ ਕਿ ਕਿਸਾਨ ਦੇ ਪਰਿਵਾਰ ਨੂੰ 10 ਲੱਖ ਦਾ ਮੁਆਵਜ਼ਾ, ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਅਤੇ ਪਰਿਵਾਰ ਦਾ ਸਮੁੱਚਾ ਕਰਜ਼ਾ ਮੁਆਫ਼ ਕੀਤਾ ਜਾਵੇ ਪਰ ਜ਼ਿਲਾ ਪ੍ਰਸ਼ਾਸ਼ਨ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸ਼ਨ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਮਾਸਟਰ ਬਲਦੇਵ ਸਿੰਘ ਜੈਤੋ ਧਰਨੇ ’ਚ ਪਹੁੰਚੇ ਅਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਢੁੱਕਵਾਂ ਮੁਆਵਜਾ,ਕਿਸਾਨ ਪਰਿਵਾਰ ਦਾ ਸਮੁੱਚਾ ਕਰਜ਼ਾ ਅਤੇ ਇਕ ਜੀਅ ਨੂੰ ਨੌਕਰੀ ਦਿੱਤੀ ਜਾਵੇ। ਜ਼ਿਲਾ ਪ੍ਰਧਾਨ ਬਲਰਾਜ ਸਿੰਘ ਗੁਰੂਸਰ ਅਤੇ ਸਕੱਤਰ ਗੁਰਤੇਜ ਸਿੰਘ ਹਰੀਨੌਂ ਨੇ ਦੱਸਿਆ ਕਿ ਜਿੰਨ੍ਹਾਂ ਚਿਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਓੁਨ੍ਹਾਂ ਚਿਰ ਬੱਤੀਆਂ ਵਾਲਾ ਚੌਕ ਵਿਖੇ ਦਿਨ ਰਾਤ ਧਰਨਾ ਜਾਰੀ ਰਹੇਗਾ ਅਤੇ ਆਵਾਜਾਈ ਠੱਪ ਰੱਖੀ ਜਾਵੇਗੀ।

WRITTEN BY