ਸ੍ਰੀ ਮੁਕਤਸਰ ਸਾਹਿਬ, 12 ਅਕਤੂਬਰ (ਵਿੱਕੀ ਝਾਂਬ)- ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਨਾਲ ਮੁਕਤਸਰ ਪ੍ਰੈਸ ਕਲੱਬ (ਰਜਿ.) ਦੇ ਇੱਕ ਵਫਦ ਨੇ ਮੀਟਿੰਗ ਕਰਕੇ ਵਿਸਥਾਰ ਸਹਿਤ ਵਿਚਾਰਾਂ ਸਾਂਝੀਆਂ ਕੀਤੀਆਂ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸ਼ਹਿਰ ਦੀ ਸਫਾਈ ਸਮੇਤ ਵੱਖ-ਵੱਖ ਮੁਸ਼ਕਿਲਾਂ ਦੇ ਜਲਦ ਹੱਲ ਲਈ ਵਿਸਵਾਸ਼ ਦਵਾਇਆ। ਇਤਿਹਾਸਕ ਅਤੇ ਧਾਰਮਿਕ ਪੱਖੋਂ ਵਿਸੇਸ਼ ਸਥਾਨ ਪ੍ਰਾਪਤ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਬਹੁਤ ਸਾਰੀਆਂ ਸਮੱਸਿਆਂ ਦਾ ਸਾਹਮਣਾ ਕਰ ਰਿਹਾ ਹੈ। ਵਫਦ ਵਿੱਚ ਸ਼ਾਮਲ ਭਜਨ ਸਿੰਘ ਸਮਾਘ ਜਨਰਲ ਸਕੱਤਰ, ਸ਼ਮਿੰਦਰ ਪਾਲ ਸਿੰਘ ਪ੍ਰਧਾਨ ਅਤੇ ਰਣਜੀਤ ਸਿੰਘ ਚੇਅਰਮੈਨ ਨੇ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਮੰਦੀ ਹਾਲਤ, ਸੀਵਰੇਜ ਸਮੱਸਿਆਵਾਂ, ਮੁੱਖ ਸੜ੍ਹਕਾਂ ’ਤੇ ਲੱਗੇ ਕੂੜੇ ਅਤੇ ਗੰਦਗੀ ਦੇ ਬਦਬੂ ਮਾਰਦੇ ਢੇਰ, ਬੇਤਰਤੀਬਾ ਟਰੈਫਿਕ, ਬਜਾਰਾਂ ਵਿੱਚ ਸੜ੍ਹਕਾਂ ’ਤੇ ਦੁਕਾਨਦਾਰਾਂ ਵੱਲੋਂ ਕੀਤੇ ਨਜਾਇਜ ਕਬਜੇ, ਪਲਾਸਟਿਕ ਦੇ ਲਿਫਾਫਿਆਂ ’ਤੇ ਪਾਬੰਦੀ ਦੇ ਬਾਵਜੂਦ ਸ਼ਰੇਆਮ ਵਿਕਰੀ ’ਤੇ ਵਰਤੋਂ ਹੋਣੀ, ਸਥਾਨਕ ਪੁਲਿਸ ਸਟੇਸ਼ਨ ਦੇ ਨਜਦੀਕ ਸਬਜੀ ਮੰਡੀ ਵਿੱਚ ਨਗਰ ਕੌਂਸਲ ਵੱਲੋਂ ਲੱਖਾਂ ਰੁਪਏ ਖਰਚ ਕੇ ਬਣਾਏ ਬਾਥਰੂਮ ਮੁਕੰਮਲ ਹੋਣ ਦੇ ਬਾਵਜੂਦ ਉਸ ਦੇ ਚਾਰੋਂ ਪਾਸੇ ਲੱਗੇ ਕੂੜੇ ਦੇ ਢੇਰਾਂ ਕਰਕੇ ਸ਼ੁਰੂ ਨਾ ਹੋਣੇ ਅਤੇ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀ ਵੱਡੀ ਘਾਟ ਤੇ ਪ੍ਰਬੰਧਾਂ ਦੇ ਨੀਵੇਂ ਪੱਧਰ ਸਮੇਤ ਹੋਰ ਵੀ ਕਈ ਪੱਖਾਂ ਬਾਰੇ ਵਿਚਾਰ ਸਾਂਝੇ ਕਰਦਿਆਂ ਉਪਰੋਕਤ ਸਮੱਸਿਆਵਾਂ ਦੇ ਹੱਲ ਵਾਸਤੇ ਕਈ ਸੁਝਾਅ ਵੀ ਦਿੱਤੇ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਇੰਨ੍ਹਾਂ ਸਮੱਸਿਆਵਾਂ ਸਬੰਧੀ ਪ੍ਰਗਟਾਈ ਚਿੰਤਾ ਨਾਲ ਸਹਿਮਤ ਹੁੰਦਿਆਂ ਜਲਦ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਦੱਸਦਿਆਂ ਕਿਹਾ ਕਿ ਸਫਾਈ ਪੱਖੋਂ ਸ਼ਹਿਰ ਦੇ ਹਾਲਾਤ ਥੋੜੇ ਸਮੇਂ ਵਿੱਚ ਬਿਹਤਰ ਬਨਾਉਣ ਬਾਰੇ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈ। ਸਰਵੇ ਟੀਮਾਂ ਸ਼ਹਿਰ ਦੇ ਗਲੀਆਂ-ਮੁਹੱਲਿਆਂ ਵਿੱਚ ਘਰ-ਘਰ ਜਾ ਕੇ ਸਥਿਤੀ ਦਾ ਜਾਇਜਾ ਲੈ ਰਹੀਆਂ ਹਨ। ਇਸ ਮੁੱਖ ਸਮੱਸਿਆ ਤੋਂ ਇਲਾਵਾ ਨਗਰ ਕੌਂਸਲ ਵੱਲੋਂ ਬਾਥਰੂਮ ਲੋਕਾਂ ਵਾਸਤੇ ਖੋਲ੍ਹ ਦੇਣ ਵਿੱਚ ਕੀਤੀ ਜਾ ਰਹੀ ਦੇਰੀ ਸਬੰਧੀ ਸਥਿਤੀ ਦੀ ਪੜਤਾਲ ਕੀਤੀ ਜਵੇਗੀ। ਉਨ੍ਹਾਂ ਦ੍ਰਿੜ ਵਿਸਵਾਸ਼ ਨਾਲ ਆਖਿਆ ਕਿ ਸਫਾਈ ਪੱਖੋਂ ਸਥਿਤੀ ਸੁਧਾਰ ਕੇ ਸ਼ਹਿਰ ਦਾ ਨਾਮ ਲਿਮਕਾ ਬੁੱਕ ਵਿੱਚ ਦਰਜ ਕਰਵਾਉਣ ਬਾਰੇ ਸੁਪਨੇ ਸੱਚ ਜਲਦ ਤੇ ਜਰੂਰ ਸੱਚ ਹੋਣਗੇ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਹਰ ਮਹੀਨੇ ਪ੍ਰੈਸ ਨਾਲ ਮੀਟਿੰਗ ਕਰਨ ਦੇ ਵਾਅਦੇ ਨੂੰ ਦਹਰਾਉਂਦਿਆ ਵਿਸਵਾਸ਼ ਦਵਾਇਆ ਕਿ ਹੁਣ ਇਸ ਪ੍ਰਤੀ ਹੋਰ ਦੇਰ ਨਹੀਂ ਕੀਤੀ ਜਾਵੇਗੀ। ਅਖੀਰ ਵਿੱਚ ਉਨ੍ਹਾਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਘੱਟ ਕਰਨ ਵਾਸਤੇ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਮੁਕਤਸਰ ਸ਼ਹਿਰ ਦੀਆਂ ਸਮੱਸਿਆਵਾਂ ਸਬੰਧੀ ਪੱਤਰਕਾਰਾਂ ਦਾ ਵਫਦ ਡੀ.ਸੀ. ਨੂੰ ਮਿਲਿਆ



