June 20, 2026 7:40 pm

ਕਿਸਾਨਾਂ ’ਤੇ ਲਾਠੀਚਾਰਜ ਦੇ ਵਿਰੋਧ ਵਿੱਚ ਮੁੱਖ ਮੰਤਰੀ ਤੇ ਨੰਨ੍ਹੀ ਛਾਂ ਦੇ ਪੁਤਲੇ ਸਾੜੇ

image ਤਲਵੰਡੀ ਸਾਬੋ, 21 ਮਾਰਚ (ਰਣਜੀਤ ਸਿੰਘ ਰਾਜੂ)-ਬੀਤੇ ਦਿਨ ਡਿਪਟੀ ਕਮਿਸ਼ਨਰ ਮਾਨਸਾ ਦੇ ਦਫਤਰ ਅੱਗੇ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਪੁਲਿਸ ਵੱਲੋਂ ਲਾਠੀਚਾਰਜ ਕਰਨ ਦੇ ਰੋਸ ਵਜੋਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ਤੇ ਬਲਾਕ ਤਲਵੰਡੀ ਸਾਬੋ ਦੇ ਪਿੰਡ ਜੋਗੇਵਾਲਾ ਅਤੇ ਕਲਾਲਵਾਲਾ ਵਿੱਚ ਕਿਸਾਨ ਆਗੂ ਜਗਦੇਵ ਸਿੰਘ ਜੋਗੇਵਾਲਾ ਦੀ ਅਗਵਾਈ ਵਿੱਚ ਇਕੱਠੇ ਹੋਏ ਵੱਡੀ ਗਿਣਤੀ ਕਿਸਾਨਾਂ ਤੇ ਬੀਬੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਬਠਿੰਡਾ ਤੋਂ ਅਕਾਲੀ ਭਾਜਪਾ ਗਠਜੋੜ ਦੀ ਉਮੀਦਵਾਰ ਅਤੇ ਨੰਨ੍ਹੀ ਛਾਂ ਮੁਹਿੰਮ ਦੀ ਸੰਚਾਲਕ ਬੀਬਾ ਹਰਸਿਮਰਤ ਕੌਰ ਬਾਦਲ ਦੇ ਪੁਤਲੇ ਫੂਕ ਕੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ।

     ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਲੋਕਤੰਤਰ ਨਾਂ ਦੀ ਕੋਈ ਚੀਜ ਨਹੀ ਰਹੀ ਸਗੋਂ ਪੰਜਾਬ ਅੰਦਰ ਡੰਡੇ ਦਾ ਰਾਜ ਚੱਲ ਰਿਹਾ ਹੈ ਅਤੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਵੱਖ ਵੱਖ ਜਥੇਬੰਦੀਆਂ ਦੇ ਕਾਰਕੁੰਨਾਂ ਦੀ ਆਵਾਜ ਨੂੰ ਜਬਰਦਸਤੀ ਬੰਦ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਪ੍ਰੰਤੂ ਅਸੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਰਹਿਣਗੇ ਭਾਂਵੇ ਸਰਕਾਰ ਕਿੰਨੇ ਵੀ ਗਲਤ ਢੰਗ ਤਰੀਕੇ ਕਿਉਂ ਨਾ ਅਪਨਾ ਲਵੇ।ਇਸ ਮੌਕੇ ਇਕੱਠੇ ਹੋਏ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਪਿੰਡਾਂ ਵਿੱਚ ਵੋਟਾਂ ਮੰਗਣ ਆਉਣ ਤੇ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰਾਂ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਭਾਕਿਯੂ ਦੇ ਬਲਾਕ ਪ੍ਰਧਾਨ ਬਹੱਤਰ ਸਿੰਘ ਨੰਗਲਾ,ਬਲਜੀਤ ਸਿੰਘ ਕਲਾਲਵਾਲਾ, ਜੱਗਰ ਸਿੰਘ ਤਿਉਣਾ, ਕਾਕਾ ਸਿੰਘ, ਲੱਖਾ ਸਿੰਘ ਜੋਗੇਵਾਲਾ ਆਦਿ ਕਿਸਾਨ ਆਗੂ ਹਾਜਿਰ ਸਨ।

Send this to a friend