June 22, 2026 12:36 pm

ਚੋਣਾਂ ਦੇ ਮੱਦੇਨਜ਼ਰ ਕਣਕ ਦੇ ਖਰੀਦ ਪ੍ਰਬੰਧ ਪ੍ਰਭਾਵਿਤ ਹੋਣਗੇ

ਮੰਡੀ ਬੋਰਡ ਅਤੇ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਦੀਆਂ ਚੋਣ ਡਿਊਟੀਆਂ ਲੱਗੀਆਂ

ਮਾਛੀਵਾੜਾ ਸਾਹਿਬ, 21 ਮਾਰਚ (ਕਰਮਜੀਤ ਸਿੰਘ ਆਜ਼ਾਦ)-ਪੰਜਾਬ ਦੇ ਵਿਚ 30 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਤੇ 1 ਅਪ੍ਰੈਲ ਤੋਂ 15 ਮਈ ਤੱਕ ਸੂਬੇ ਦੀਆਂ ਅਨਾਜ ਮੰਡੀਆਂ ਵਿਚ ਕਣਕ ਦੀ ਫਸਲ ਦੀ ਆਮਦ ਵੀ ਜੋਰਾਂ ਤੇ ਹੋਵੇਗੀ ਪਰ ਇਨਾਂ ਖਰੀਦ ਪ੍ਰਬੰਧਾਂ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਮੰਡੀ ਬੋਰਡ ਦੇ ਕਰਮਚਾਰੀਆਂ ਅਤੇ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਦੀਆਂ ਚੋਣ ਡਿਊਟੀਆਂ ਲੱਗਣ ਕਾਰਨ ਇਸਦਾ ਪ੍ਰਭਾਵ ਸਿੱਧੇ ਤੌਰ ਤੇ ਕਣਕ ਦੀ ਖਰੀਦ ਤੇ ਪਵੇਗਾ।ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਮੰਡੀ ਬੋਰਡ ਅਧੀਨ ਆਉਂਦੀਆਂ ਮਾਰਕੀਟ ਕਮੇਟੀਆਂ ਅਤੇ ਖਰੀਦ ਏਜੰਸੀਆਂ ਪਨਸਪ, ਐਗਰੋ, ਮਾਰਕਫੈ¤ਡ, ਵੇਅਰਹਾਊਸ ਦੇ ਸਾਰੇ ਹੀ ਕਰਮਚਾਰੀਆਂ ਅਤੇ ਨੁਮਾਇੰਦਿਆਂ ਦੀਆਂ ਡਿਊਟੀਆਂ ਚੋਣਾਂ ਵਿਚ ਲਗਾ ਦਿੱਤੀਆਂ ਗਈਆਂ ਹਨ ਇਸ ਕਾਰਨ ਇਹ ਸਾਰੇ ਕਰਮਚਾਰੀ ਅਤੇ ਅਧਿਕਾਰੀ ਚੋਣ ਕਮਿਸ਼ਨ ਅਤੇ ਨਿਯੁਕਤ ਕੀਤੇ ਗਏ ਰਿਟਰਨਿੰਗ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ

ਵੋਟਾਂ ਬਣਾਉਣ ਦਾ ਕੰਮ ਅਤੇ ਚੋਣਾਂ ਦੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਦੀਆਂ ਮੀਟਿੰਗਾਂ ਵਿਚ ਰੁੱਝੇ ਹੋਏ ਹਨ।  ਪੰਜਾਬ ਵਿਚ ਹਾੜੀ ਦੇ ਸੀਜਨ ਦੀ ਸ਼ੁਰੂਆਤ 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਹੈ, ਉਸਤੋਂ ਪਹਿਲਾਂ ਅਨਾਜ ਮੰਡੀਆਂ ਵਿਚ ਸਫਾਈ ਅਤੇ ਖਰੀਦ ਪ੍ਰਬੰਧ ਮੁਕੰਮਲ ਕਰਨੇ ਹੁੰਦੇ ਹਨ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਵੀ ਫਸਲ ਲਈ ਬਾਰਦਾਨਾ ਤੇ ਫਸਲ ਦੀਆਂ ਬੋਰੀਆਂ ਨੂੰ ਲਗਵਾਉਣ ਲਈ ਗੋਦਾਮਾਂ ਦਾ ਪ੍ਰਬੰਧ ਕਰਨਾ ਹੁੰਦਾ ਹੈ ਪਰ ਇਹ ਸਭ ਅਧਿਕਾਰੀ ਇਨਾਂ ਪ੍ਰਬੰਧਾਂ ਨੂੰ ਮੁਕੰਮਲ ਕਰਨ ਦੀ ਬਜਾਏ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਿਚ ਰੁਝੇ ਹੋਏ ਹਨ। 13 ਅਪ੍ਰੈਲ  ਤੋਂ ਮੰਡੀਆਂ ਵਿਚ ਕਣਕ ਦੀ ਆਮਦ ਜੋਰਾਂ ਤੇ ਹੋ ਜਾਵੇਗੀ ਅਤੇ 15 ਮਈ ਤੱਕ ਖਰੀਦ ਦਾ ਕੰਮ ਚੱਲੇਗਾ ਪਰ ਇਸ ਸਮੇਂ ਦੌਰਾਨ ਮੰਡੀ ਬੋਰਡ ਦੇ ਅਧਿਕਾਰੀਆਂ ਅਤੇ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨੂੰ ਚੋਣਾਂ ਦਾ ਅਭਿਆਸ, ਚੋਣ ਸਮੱਗਰੀ ਇਕੱਠੀ ਕਰਕੇ ਲੇਜਾਣਾ ਅਤੇ ਪਿੰਡਾਂ ਵਿਚ ਬੂਥ ਅਨੁਸਾਰ ਡਿਊਟੀ ਦੇਣ ਲਈ ਕਈ ਦਿਨ ਲੱਗਣਗੇ ਤੇ  ਉਸ ਸਮੇਂ ਦੌਰਾਨ ਜੇ ਇਹ ਅਧਿਕਾਰੀ ਮੰਡੀਆਂ ਵਿਚ ਮੌਜੂਦ ਨਾ ਰਹੇ ਤਾਂ ਉਥੇ ਕਿਸਾਨਾਂ ਦੀ ਫਸਲ ਵੀ ਰੁਲਣ ਦੀ ਸੰਭਾਵਨਾ ਵਧ ਜਾਵੇਗੀ।  ਜੇਕਰ ਪੰਜਾਬ ਸਰਕਾਰ ਵੱਲੋਂ ਸਮਾਂ ਰਹਿੰਦਿਆਂ ਚੋਣ ਅਧਿਕਾਰੀਆਂ ਨੂੰ ਮੰਡੀ ਬੋਰਡ ਅਤੇ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਦੀ ਜਗ੍ਹਾ ਹੋਰ ਅਧਿਕਾਰੀ ਨਾ ਦਿੱਤੇ ਤਾਂ ਚੋਣਾਂ ਤਾ ਬੇਸ਼ੱਕ ਸੰਚਾਰੂ ਢੰਗ ਨਾਲ ਹੋ ਜਾਣਗੀਆਂ ਪਰ ਕਿਸਾਨ ਮੰਡੀਆਂ ਵਿਚ ਰੁਲਦਾ ਜਰੂਰ ਨਜ਼ਰ ਆਵੇਗਾ।

Send this to a friend