ਬਾਦਲ ਦੀ ਆਮਦ ਮੌਕੇ ਨਾ ਪੁਜੇ ਰੁਸੇ ਹੋਏ ਟਕਸਾਲੀ ਅਕਾਲੀ ਆਗੂ
ਤਲਵੰਡੀ ਸਾਬੋ, 5 ਅਕਤੂਬਰ (ਰਾਮ ਰੇਸ਼ਮ ਸ਼ਰਨ)- ਸ਼੍ਰੋਮਣੀ ਅਕਾਲੀ ਦਲ ਵੱਲੋਂ 7 ਅਕਤੂਬਰ ਨੂੰ ਪਟਿਆਲਾ ਵਿਖੇ ਕੀਤੀ ਜਾ ਰਹੀ ਵਿਸ਼ਾਲ ਰਾਜਸੀ ਕਾਨਫਰੰਸ ਦੀਆਂ ਤਿਆਰੀਆਂ ਲਈ ਹਲਕਾਵਾਰ ਮੀਟਿੰਗਾਂ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰ.ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਤਲਵੰਡੀ ਸਾਬੋ ਵਿਖੇ ਵਰਕਰ ਮਿਲਣੀ ਦੌਰਾਨ ਵਿਸ਼ਾਲ ਜਨਸਭਾ ਨੂੰ ਸੰਬੋਧਨ ਕੀਤਾ। ਇਕੱਠ ਨੂੰ ਦੇਖ ਕੇ ਬਾਦਲ ਇਹ ਕਹੇ ਬਿਨਾਂ ਵੀ ਨਾ ਰਹੇ ਕਿ ਸਿੱਧੂ ਸਾਹਿਬ ਤੁਹਾਨੂੰ ਮੀਟਿੰਗ ਰੱਖਣ ਲਈ ਕਿਹਾ ਸੀ ਤੁਸੀਂ ਤਾਂ ਰੈਲੀ ਤੋਂ ਵੀ ਵੱਡਾ ਕੰਮ ਕਰ ਦਿੱਤਾ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਨ:ਸਕੱ: ਅਤੇ ਹਲਕੇ ਦੇ ਸਾਬਕਾ ਵਿਧਾਇਕ ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਆਯੋਜਿਤ ਇਸ ਵਰਕਰ ਮਿਲਣੀ ਵਿੱਚ ਪੁੱਜਣ ਤੇ ਸਿੱਧੂ ਨੇ ਸ੍ਰ.ਬਾਦਲ ਅਤੇ ਸਮੁੱਚੀ ਲੀਡਰਸ਼ਿਪ ਨੂੰ ਜੀ ਆਇਆਂ ਕਿਹਾ।ਵਰਕਰ ਮਿਲਣੀ ਵਿੱਚ ਪੁੱਜੇ ਸੈਂਕੜਿਆਂ ਦੀ ਗਿਣਤੀ ਵਿੱਚ ਅਕਾਲੀ ਭਾਜਪਾ ਵਰਕਰਾਂ ਨੂੰ ਸੰਬੋਧਨ ਦੌਰਾਨ ਸਾਬਕਾ ਮੁੱਖ ਮੰਤਰੀ ਬਾਦਲ ਨੇ ਕਾਂਗਰਸ ਸਰਕਾਰ ਤੇ ਰੱਜ ਕੇ ਹੱਲਾ ਬੋਲਿਆ।ਉਨਾਂ ਕਿਹਾ ਕਿ ਹੁਣ ਪੰਥਕ ਮੁਖੌਟਾ ਪਹਿਨ ਨੇ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਵਾਲੀ ਕਾਂਗਰਸ ਪਾਰਟੀ ਉਹੀ ਹੈ ਜਿਸਦੇ ਆਗੂ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਪੰਜਾਬੀ ਸੂਬਾ ਮੇਰੀ ਲਾਸ਼ ਤੇ ਬਣੇਗਾ ਪਰ ਸ਼੍ਰੋਮਣੀ ਅਕਾਲੀ ਦਲ ਦੇ ਸੰਘਰਸ਼ਾਂ ਕਾਰਣ ਪੰਜਾਬੀ ਸੂਬਾ ਹੋਂਦ ਵਿੱਚ ਆਇਆ ਪਰ ਇਨਾਂ ਦੀ ਮਾੜੀ ਸੋਚ ਕਾਰਣ ਸਾਥੋਂ ਪੰਜਾਬੀ ਬੋਲਦੇ ਇਲਾਕੇ ਤੇ ਸੂਬੇ ਦੀ ਰਾਜਧਾਨੀ ਖੋਹ ਲਈ ਗਈ। ਸ੍ਰ.ਬਾਦਲ ਨੇ ਅੱਗੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਝੂਠੀਆਂ ਰਿਪੋਰਟਾਂ ਰਾਹੀਂ ਪੰਜਾਬ ਦਾ ਮਾਹੌਲ ਖਰਾਬ ਕਰਨ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ। ਬਰਗਾੜੀ ਬੈਠੇ ਆਗੂਆਂ ਨੂੰ ਸਿਆਸੀ ਮੋਹਰੇ ਕਰਾਰ ਦਿੰਦਿਆਂ ਸ੍ਰ.ਬਾਦਲ ਨੇ ਅੱਜ ਸਿਮਰਨਜੀਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਸੂਬੇ ਵਿੱਚ ਭਰਾਮਾਰੂ ਜੰਗ ਦਾ ਮਾਹੌਲ ਨਾ ਸਿਰਜਿਆ ਜਾਵੇ ਇਸਦਾ ਕੌਮ ਨੂੰ ਬਹੁਤ ਨੁਕਸਾਨ ਹੋਵੇਗਾ। ਸ੍ਰ.ਬਾਦਲ ਨੇ ਵਰਕਰ ਮਿਲਣੀ ਦੌਰਾਨ ਕਿਹਾ ਕਿ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਹਰ ਪਿੰਡ ਵਿੱਚ ਉਹ ਆਖਿਰੀ ਦੋ ਸਾਲ੍ਹਾਂ ਵਿੱਚ ਹੀ ਦੋ ਦੋ ਵਾਰ ਆ ਕੇ ਗਏ ਹਨ ਜਦੋਂਕਿ ਮੌਜੂਦਾ ਮੁੱਖ ਮੰਤਰੀ ਦੇ ਕਿਸੇ ਪਿੰਡ ਵਾਸੀ ਨੇ ਦਰਸ਼ਨ ਤੱਕ ਨਹੀ ਕੀਤੇ।ਉਨਾਂ ਕਿਹਾ ਕਿ ਅਕਾਲੀ ਦਲ ਆਪਣੇ ਵਿਰੋਧੀਆਂ ਦੀ ਹਰ ਚੁਣੌਤੀ ਨੂੰ ਸਵੀਕਾਰ ਕਰਦਾ ਆਇਆ ਹੈ ਤੇ ਕਰਦਾ ਰਹੇਗਾ।ਅੱਜ ਉਨਾਂ ਨੇ ਤਲਵੰਡੀ ਸਾਬੋ ਵਿੱਚ ਅਕਾਲੀ ਦਲ ਦੀ ਵਰਕਰ ਮਿਲਣੀ ਵਿੱਚ ਖਲਲ ਪਾਉਣ ਵਾਲੇ ਕੁਝ ਗਰਮਖਿਆਲੀ ਆਗੂਆਂ ਨੂੰ ਅਕਾਲੀ ਵਰਕਰਾਂ ਵੱਲੋਂ ਡੱਟ ਕੇ ਰੋਕੇ ਜਾਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਕਾਲੀ ਦਲ ਨਾ ਕਿਸੇ ਨੂੰ ਭੈਅ ਦਿੰਦਾ ਹੈ ਤੇ ਨਾਂ ਹੀ ਭੈਅ ਮੰਨਦਾ ਹੈ ਇਹ ਗੱਲ ਚੰਗੀ ਤਰ੍ਹਾਂ ਨੋਟ ਕਰ ਲੈਣੀ ਚਾਹਿਦੀ ਹੈ।ਸ੍ਰ.ਬਾਦਲ ਨੇ ਵੱਡੀ ਗਿਣਤੀ ਵਰਕਰਾਂ ਨੂੰ ਹੁੰਮ ਹੁਮਾ ਕੇ ਪਟਿਆਲਾ ਰੈਲੀ ਵਿੱਚ ਪੁੱਜਣ ਦੀ ਅਪੀਲ ਕੀਤੀ।ਇਸ ਮੌਕੇ ਸਾਬਕਾ ਵਿਧਾਇਕ ਸਿੱਧੂ ਨੇ ਸ੍ਰ.ਬਾਦਲ ਨੂੰ ਭਰੋਸਾ ਦੁਆਇਆ ਕਿ ਹਰ ਰੈਲੀ ਵਾਂਗ ਪਟਿਆਲਾ ਰੈਲੀ ਵਿੱਚ ਵੀ ਹਲਕੇ ਤੋਂ ਵੱਡੀ ਗਿਣਤੀ ਵਰਕਰ ਸ਼ਮੂਲੀਅਤ ਕਰਨਗੇ। ਵਰਕਰ ਮਿਲਣੀ ਵਿੱਚ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਬਠਿੰਡਾ (ਦਿਹਾਤੀ) ਦੇ ਜਿਲ੍ਹਾ ਪ੍ਰਧਾਨ ਸ੍ਰ.ਜਗਦੀਪ ਸਿੰਘ ਨਕੱਈ, ਭਾਈ ਅਮਰੀਕ ਸਿੰਘ ਕੋਟਸ਼ਮੀਰ ਮੈਂਬਰ ਸ਼੍ਰੋਮਣੀ ਕਮੇਟੀ, ਕ੍ਰਿਸ਼ਨ ਮਿੱਤਲ ਪ੍ਰਧਾਨ ਨਗਰ ਕੌਂਸਲ ਰਾਮਾਂ, ਸੁਖਬੀਰ ਚੱਠਾ,ਭਾਗ ਸਿੰਘ ਕਾਕਾ, ਬਾਬੂ ਸਿੰਘ ਮਾਨ, ਅਵਤਾਰ ਮੈਨੂੰਆਣਾ,ਜਗਤਾਰ ਨੰਗਲਾ, ਰਣਜੀਤ ਮਲਕਾਣਾ,ਚਿੰਟੂ ਜਿੰਦਲ, ਭਾਜਪਾ ਮੰਡਲ ਪ੍ਰਧਾਨ ਨੱਥੂ ਰਾਮ ਲੇਲੇਵਾਲਾ, ਗੁਰਤੇਜ ਜੋਗੇਵਾਲਾ, ਜਗਦੀਪ ਪੂਨੀਆ ਪ੍ਰਧਾਨ ਬਾਰ ਐਸੋਸੀਏਸ਼ਨ, ਅਮਨਦੀਪ ਸੇਖੂ, ਹਰਮੋਹਿੰਦਰ ਸਿੰਘ ਤਲਵੰਡੀ ਸਾਬੋ, ਬਲਵੰਤ ਲੇਲੇਵਾਲਾ, ਅਮਰਜੀਤ ਧਨੋਆ, ਨਿੱਪੀ ਮਲਕਾਣਾ,ਭਾਜਪਾ ਆਗੂ ਲਛਮਣ ਠੇਕੇਦਾਰ ਤੇ ਵਿਜੈ ਕੁਮਾਰ, ਗਿਆਨੀ ਨਛੱਤਰ ਸਿੰਘ,ਬਾਬੂ ਸਿੰਘ ਗਿਆਨਾ,ਚਰਨਾ ਭਾਗੀਵਾਂਦਰ, ਮੋਤੀ ਭਾਗੀਵਾਂਦਰ, ਗੁਰਪ੍ਰੀਤ ਕਾਲਾ ਆਦਿ ਆਗੂ ਹਾਜਿਰ ਸਨ।ਸਟੇਜ ਦੀ ਕਾਰਵਾਈ ਅਵਤਾਰ ਮੈਨੂੰਆਣਾ ਨੇ ਬਾਖੂਬੀ ਨਿਭਾਈ।
ਬਾਦਲ ਦੀ ਆਮਦ ਮੌਕੇ ਨਾ ਪੁਜੇ ਰੁਸੇ ਹੋਏ ਟਕਸਾਲੀ ਅਕਾਲੀ ਆਗੂ- ਉਧਰ ਅਜ ਦੀ ਵਰਕਰ ਮੀਟਿੰਗ ਜਿਥੇ ਮੀਟਿੰਗ ਹਾਲ ਤੋਂ ਬਾਹਰ ਕੁਝ ਹੀ ਦੂਰੀ ਉਪਰ ਹੋਈਆਂ ਖੂਨੀ ਝੜਪਾਂ ਨਾਲ ਗ੍ਰਹਿਣੀ ਗਈ ਉਥੇ ਅਕਾਲੀ ਦਲ ਦੇ ਤਲਵੰਡੀ ਸਾਬੋ ਹਲਕੇ ਨਾਲ ਸਬੰਧਤ ਕਈ ਟਕਸਾਲੀ ਆਗੂਆਂ ਨੇ ਵੀ ਆਪਣੇ ਆਪ ਨੂੰ ਉਕਤ ਮੀਟਿੰਗ ਤੋਂ ਪਰੇ ਰਖਣ ਵਿਚ ਹੀ ਭਲਾ ਸਮਝਿਆ ।ਇਸ ਮੀਟਿੰਗ ਜਿਸ ਨੂੰ ਪਟਿਆਲਾ ਰੈਲੀ ਦੇ ਸੰਦਰਭ ਵਿਚ ਭਾਵੇਂ ਅਕਾਲੀ ਦਲ ਦੇ ਸਭ ਤੋਂ ਵਡੇ ਆਗੂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੰਬੋਧਨ ਕੀਤਾ ਪਰ ਫਿਰ ਵੀ ਅਧੀ ਦਰਜਨ ਤੋਂ ਵਧ ਆਗੂ ਜਿਨ੍ਹਾਂ ਵਿਚ ਹਲਕਾ ਤਲਵੰਡੀ ਸਾਬੋ ਦੇ ਸ਼੍ਰੋਮਣੀ ਕਮੇਟੀ ਮੈਂਬਰ ਜੋ ਟਕਸਾਲੀ ਅਕਾਲੀ ਆਗੂਆਂ ਚ ਗਿਣੇ ਜਾਂਦੇ ਹਨ ਉਹ ਅਤੇ ਉਸ ਦੇ ਸਾਥੀਆਂ ਸਮੇਤ ਕਿਸੇ ਦੇ ਵੀ ਦਰਸ਼ਨ ਨਹੀਂ ਹੋਏ ।ਅਜ ਦੀ ਇਸ ਇਕਤਰਤਾ ਵਿਚ ਨਜ਼ਰੀਂ ਨਾ ਪੈਣ ਵਾਲਿਆਂ ਵਿਚ ਬਲਵਿੰਦਰ ਸਿੰਘ ਗਿਲ ਭਗਵਾਨ ਸਿੰਘ ਲੇਲੇਵਾਲਾ ਦੋਵੇਂ ਸਾਬਕਾ ਹਲਕਾ ਜਥੇਦਾਰ ਅਤੇ ਉਨ੍ਹਾਂ ਦੇ ਸਾਥੀਆਂ ਸਮੇਤ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਹੀ ਮੈਂਬਰ ਸ਼੍ਰੋਮਣੀ ਕਮੇਟੀ ਮੋਹਨ ਸਿੰਘ ਬੰਗੀ ਦੇ ਨਾਮ ਵਰਨਣਯੋਗ ਹਨ ।