June 20, 2026 10:17 am

ਕੀ ਅਕਾਲੀ ਆਗੂ ਭਾਜਪਾ ਲੀਡਰਸ਼ਿਪ ਨੂੰ ‘ਟੋਹ’ ਰਹੇ ਸਨ?

ਜਸਵੰਤ ਸਿੰਘ ‘ਅਜੀਤ’

ਕੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ, ਭਾਜਪਾ ਲੀਡਰਸ਼ਿਪ ਨੂੰ ਇਸ ਗਲੋਂ ‘ਟੋਹ’ ਰਹੇ ਸਨ ਕਿ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਅਕਾਲੀ-ਭਾਜਪਾ ਗਠਜੋੜ ਅਧੀਨ ਅਕਾਲੀ ਦਲ ਦੇ ਤਿੰਨਾਂ ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਦਰਜ ਕਰਾਣ ਵਿੱਚ ਜੋ ਸਫਲਤਾ ਹਾਸਲ ਕੀਤੀ ਹੈ, ਉਸਦੇ ਚਲਦਿਆਂ ਕੀ ਉਹ ਲੋਕਸਭਾ ਚੋਣਾਂ ਵਿੱਚ ਵੀ ਦਿੱਲੀ ਦੀਆਂ ਸੱਤ ਸੀਟਾਂ ਵਿਚੋਂ ਦੋ-ਇੱਕ ਸੀਟਾਂ ਉਨ੍ਹਾਂ (ਸ਼੍ਰੋਮਣੀ ਅਕਾਲੀ ਦਲ–ਬਾਦਲ) ਨੂੰ ਦੇਣ ਲਈ ਤਿਆਰ ਹੋ ਸਕਦੀ ਹੈ? ਸ਼ਾਇਦ ਇਸਦਾ ਉਦੇਸ਼ ਇਹ ਸੀ ਕਿ ਜੇ ਇਹ ਸੰਕੇਤ ਮਿਲ ਜਾਂਦਾ ਹੈ ਕਿ ਭਾਜਪਾ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਇੱਕ-ਅੱਧ ਸੀਟ ਦੇਣ ਦੇ ਲਈ ਤਿਆਰ ਹੋ ਸਕਦੀ ਹੈ ਤਾਂ ਹੀ ਉਨ੍ਹਾਂ (ਅਕਾਲੀ ਆਗੂਆਂ) ਵਲੋਂ ਉਸ ਪੁਰ ਦਬਾਉ ਬਣਾਉਣ ਲਈ ਕਦਮ ਵਧਾਇਆ ਜਾਏ। ਮੰਨਿਆ ਜਾਂਦਾ ਹੈ ਕਿ ਇਹੀ ਟੋਹ ਲੈਣ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਇੱਕ ਸੀਨੀਅਰ ਆਗੂ ਸ. ਹਰਮਨਜੀਤ ਸਿੰਘ ਵਲੋਂ ਬਿਆਨ ਦੇ ਕੇ ਅਕਾਲੀ-ਭਾਜਪਾ ਗਠਜੋੜ ਦੇ ਮੁੱਖੀਆਂ ਨੂੰ ਅਪੀਲ ਕੀਤੀ ਗਈ ਕਿ ਇਸ ਵਾਰ ਉਨ੍ਹਾਂ ਵਲੋਂ ਲੋਕ ਸਭਾ ਚੋਣਾਂ ਵਿੱਚ ਦਿੱਲੀ ਦੀਆਂ ਸੱਤ ਸੀਟਾਂ ਵਿਚੋਂ ਦੋ, ਦਖਣੀ ਦਿੱਲੀ ਅਤੇ ਪਛਮੀ ਦਿੱਲੀ, ਦੇ ਹਲਕਿਆਂ ਤੋਂ ਸਿੱਖ ਉਮੀਦਵਾਰ ਮੈਦਾਨ ਵਿੱਚ ਉਤਾਰੇ ਜਾਣ।
ਉਨ੍ਹਾਂ ਇਸ ਸਬੰਧ ਵਿੱਚ ਸ. ਵਿਕਰਮਜੀਤ ਸਿੰਘ ਸਾਹਨੀ ਅਤੇ ਜ. ਮਨਜੀਤ ਸਿੰਘ ਜੀਕੇ ਦੇ ਨਾਂ ਵੀ ਪੇਸ਼ ਕੀਤੇ। ਬਸ, ਫਿਰ ਕੀ ਸੀ, ਅਕਾਲੀਆਂ ਵਿੱਚ ਭੇਡ-ਚਾਲ ਸ਼ੁਰੂ ਹੋ ਗਈ। ਜ. ਮਨਜੀਤ ਸਿੰਘ ਜੀਕੇ ਦੀਆਂ ਨਜ਼ਰਾਂ ਵਿੱਚ ਆਪਣੇ ਨੰਬਰ ਬਣਾਉਣ ਲਈ ਇੱਕ ਤੋਂ ਬਾਅਦ ਇੱਕ ਅਕਾਲੀ ਨੇ ਬਿਆਨ ਦਾਗ ਉਨ੍ਹਾਂ ਨੂੰ ਪਛਮੀ ਦਿੱਲੀ ਤੋਂ ਅਕਾਲੀ-ਭਾਜਪਾ ਗਠਜੋੜ ਵਲੋਂ ਉਮੀਦਵਾਰ ਬਣਾਏ ਜਾਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਸ਼ਾਇਦ ਹੀ ਕੋਈ ਅਜਿਹਾ ਦਿਨ ਗਿਆ ਹੋਵੇ, ਜਿਸ ਦਿਨ ਜ. ਮਨਜੀਤ ਸਿੰਘ ਜੀਕੇ ਨੂੰ ਪਛਮੀ ਦਿੱਲੀ ਤੋਂ ਟਿਕਟ ਦਿੱਤੇ ਜਾਣ ਦੀ ਮੰਗ ਨਾਲ ਸਬੰਧਤ ਕੋਈ ਬਿਆਨ ਮੀਡੀਆ ਵਿੱਚ ਨਾ ਆਇਆ ਹੋਵੇ। ਅਜਿਹੀ ਮੰਗ ਕਰ ਰਿਹਾਂ ਵਿਚੋਂ ਕੋਈ ਵੀ ਇਹ ਨਾ ਸਮਝ ਸਕਿਆ ਕਿ ਆਖਿਰ ਸ. ਹਰਮਨਜੀਤ ਸਿੰਘ ਵਲੋਂ ਦਿੱਤੇ ਗਏ ਬਿਆਨ ਦੇ ਪਿੱਛੇ ਉਦੇਸ਼ ਕੀ ਰਿਹਾ ਸੀ? ਇਤਨਾ ਹੀ ਨਹੀਂ ਉਨ੍ਹਾਂ ਨੇ ਦਲ ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੋਂ ਲੈ ਕੇ ਭਾਜਪਾ ਦੇ ਕੌਮੀ ਪ੍ਰਧਾਨ ਸ਼੍ਰੀ ਰਾਜਨਾਥ ਅਤੇ ਦਿੱਲੀ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸ਼੍ਰੀ ਹਰਸ਼ਵਰਧਨ ਤਕ ਨਾਲ ਮੁਲਾਕਾਤਾਂ ਕਰ ਅਤੇ ਮੰਗ-ਪਤ੍ਰ ਦੇ ਉਨ੍ਹਾਂ ਸਾਹਮਣੇ ਜ. ਮਨਜੀਤ ਸਿੰਘ ਜੀਕੇ ਨੂੰ ਪਛਮੀ ਦਿੱਲੀ ਲੋਕਸਭਾ ਹਲਕੇ ਤੋਂ ਟਿਕਟ ਦਿੱਤੇ ਜਾਣ ਦਾ ਦਾਅਵਾ ਪੇਸ਼ ਕਰਨਾ ਸ਼ੁਰੂ ਕਰ ਦਿੱਤਾ। ਉਹ ਇਹ ਭੁਲ ਗਏ ਕਿ ਜੇ ਭਾਜਪਾ

ਲੀਡਰਸ਼ਿਪ ਨੇ ਅਕਾਲੀ-ਭਾਜਪਾ ਗਠਜੋੜ ਤਹਿਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਕੋਈ ਸੀਟ ਦੇਣੀ ਵੀ ਹੈ ਤਾਂ ਉਹ ਸ. ਪ੍ਰਕਾਸ਼ ਸਿੰਘ ਬਾਦਲ ਜਾਂ ਸ. ਸੁਖਬੀਰ ਸਿੰਘ ਬਾਦਲ ਵਲੋਂ ਦਬਾਉ ਬਣਾਏ ਜਾਣ ਤੇ ਹੀ ਦੇਣ ਨੂੰ ਤਿਆਰ ਹੋਵੇਗੀ। ਉਨ੍ਹਾਂ ਵਿੱਚ ਇਉਂ ਹੋੜ ਲਗ ਗਈ ਜਿਵੇਂ ‘ਤਾਏ ਦੀ ਧੀ ਚਲੀ ਮੈਂ ਕਿਉਂ ਰਹਾਂ ਇਕਲੀ’ ਦੀ ਸੋਚ ਉਨ੍ਹਾਂ ਪੁਰ ਭਾਰੂ ਹੋ ਗਈ ਹੋਵੇ। 
ਜ. ਮਨਜੀਤ ਸਿੰਘ ਜੀਕੇ ਦੇ ਇਨ੍ਹਾਂ ਅਖੌਤੀ ‘ਸ਼ੁਭਚਿੰਤਕਾਂ’ ਨੇ ਆਪਣੇ ਨੰਬਰ ਬਣਾਉਣ ਲਈ ਜਿਸ ਤਰ੍ਹਾਂ ਉਨ੍ਹਾਂ ਨੂੰ ਲੋਕਸਭਾ ਦਾ ਟਿਕਟ ਦਿੱਤੇ ਜਾਣ ਦੀ ਪੈਰਵੀ ਕਰਨੀ ਸ਼ੁਰੂ ਕੀਤੀ, ਉਸ ਨਾਲ ਇੱਕ ਪਾਸੇ ਤਾਂ ਸ. ਸੁਖਬੀਰ ਸਿੰਘ ਬਾਦਲ ਨੂੰ ਇਹ ਸੰਦੇਸ਼ ਚਲਾ ਗਿਆ ਕਿ ਦਿੱਲੀ ਪ੍ਰਦੇਸ਼ ਦੇ ਅਕਾਲੀ ਉਨ੍ਹਾਂ ਨੂੰ ‘ਓਵਰ ਰੂਲ’ ਕਰ ਆਪਣੇ-ਆਪ ਹੀ ਭਾਜਪਾ ਨੇਤਾਵਾਂ ਤਕ ਪਹੁੰਚ ਕਰਨ ਲਗ ਪਏ ਹਨ ਅਤੇ ਦੂਜੇ ਪਾਸੇ ਭਾਜਪਾ ਲੀਡਰਸ਼ਿਪ ਨੂੰ ਇਹ ਸੰਦੇਸ਼ ਚਲਾ ਗਿਆ ਕਿ ਇਹ ਲੋਕੀ ਅਕਾਲੀ-ਭਾਜਪਾ ਗਠਜੋੜ ਦੀ ਮਾਨਤਾ ਦੇ ਅਧਾਰ ’ਤੇ ਨਹੀਂ, ਸਗੋਂ ਉਨ੍ਹਾਂ ਪੁਰ ਦਬਾਉ ਬਣਾ, ਉਨ੍ਹਾਂ ਪਾਸੋਂ ਲੋਕਸਭਾ ਦੀ ਟਿਕਟ ਲੈਣਾ ਚਾਹੁੰਦੇ ਹਨ। ਇਸ ਹੋੜ ਦਾ ਜੋ ਨਤੀਜਾ ਹੋਇਆ, ਉਹ ਸਭ ਦੇ ਸਾਹਮਣੇ ਹੈ! ਦਸਿਆ ਗਿਆ ਹੈ ਕਿ ਇੱਕ ਪੱਧਰ ਤੇ ਤਾਂ ਭਾਰਤੀ ਜਨਤਾ ਪਾਰਟੀ ਦੇ ਆਗੂ ਦਿੱਲੀ ਦੀਆਂ ਸੱਤ ਲੋਕਸਭਾ ਸੀਟਾਂ ਵਿਚੋਂ ਇੱਕ (ਪਛਮੀ ਦਿੱਲੀ) ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਦੇਣ ਦੇ ਸਬੰਧ ਵਿੱਚ ਵਿਚਾਰ ਕਰਨ ਲਈ ਤਿਆਰ ਹੋ ਵੀ ਗਏ ਸਨ, ਪਰ ਜਦੋਂ ਉਨ੍ਹਾਂ ਇਹ ਵੇਖਿਆ ਕਿ ਇਸਦੀ ਮੰਗ ਕੇਂਦਰੀ ਅਕਾਲੀ ਲੀਡਰਸ਼ਿਪ ਵਲੋਂ ਨਹੀਂ ਆ ਰਹੀ ਤਾਂ ਉਨ੍ਹਾਂ ਇਸ ਮੁੱਦੇ ਤੇ ਵਿਚਾਰ ਕਰਨ ਦਾ ਇਰਾਦਾ ਤਿਆਗ ਦਿੱਤਾ।
ਅਕਾਲ ਤਖਤ ਦੇ ਜਥੇਦਾਰ ਦੀ ਚਿੰਤਾ : ਪਿਛਲੇ ਦਿਨੀਂ ਮੀਡੀਆ ਵਿੱਚ ਆਈਆਂ ਖਬਰਾਂ ਅਨੁਸਾਰ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇੱਕ ਬਿਆਨ ਦੇ ਕੇ ਦੇਸ਼ ਵਿੱਚ ਸਿੱਖਾਂ ਦੀ ਘਟ ਰਹੀ ਆਬਾਦੀ ਪੁਰ ਚਿੰਤਾ ਪ੍ਰਗਟ ਕਰਦਿਆਂ ਸਿੱਖਾਂ ਦੇ ਨਾਂ ਜਾਰੀ ਆਪਣੇ ਸੰਦੇਸ਼ ਵਿੱਚ ਕਿਹਾ ਕਿ ਦਿਨ-ਬ-ਦਿਨ ਸਿੱਖਾਂ ਦੀ ਘਟਦੀ ਜਾ ਰਹੀ ਆਬਾਦੀ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਇਸ ਘਾਟ ਨੂੰ ਪੂਰਿਆਂ ਕਰਨ ਲਈ ਹਰ ਸਿੱਖ ਨੂੰ ਚਾਰ-ਚਾਰ ਬੱਚੇ ਪੈਦਾ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਇਹ ਸੰਦੇਸ਼ ਪੜ੍ਹ ਕੇ ਹੈਰਾਨੀ ਹੋਈ, ਇਸ ਕਰਕੇ ਨਹੀਂ ਕਿ ਉਨ੍ਹਾਂ ਨੇ ਸਿੱਖਾਂ ਦੀ ਘਟ ਰਹੀ ਆਬਾਦੀ ਪੁਰ ਚਿੰਤਾ ਪ੍ਰਗਟ ਕੀਤੀ ਹੈ, ਸਗੋਂ ਹੈਰਾਨੀ ਇਸ ਕਰਕੇ ਹੋਈ ਕਿ ਉਨ੍ਹਾਂ ਨੇ ਸਿੱਖਾਂ ਦੀ ਅਬਾਦੀ ਵਧਾਣ ਵਾਸਤੇ ਹਰ ਸਿੱਖ ਨੂੰ ਚਾਰ-ਚਾਰ ਬੱਚੇ ਪੈਦਾ ਕਰਨ ਦੀ ਹਿਦਾਇਤ ਕੀਤੀ ਹੈ।
ਜਾਪਦਾ ਹੈ ਕਿ ਉਨ੍ਹਾਂ ਨੂੰ ਇਸ ਗਲ ਦਾ ਗਿਆਨ ਨਹੀਂ ਕਿ ਗੁਰੂ ਘਰ ਵਿੱਚ ਗਿਣਤੀ ਦਾ ਸਨਮਾਨ ਨਹੀਂ, ਸ਼ਰਧਾ ਅਤੇ ਗੁਰੂ ਪ੍ਰਤੀ ਸਮਰਪਣ ਭਾਵਨਾ ਦਾ ਸਨਮਾਨ ਹੁੰਦਾ ਹੈ। ਇਤਿਹਾਸ ਗੁਆਹ ਹੈ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰੀਖਿਆ ਲਈ ਤਾਂ 80 ਹਜ਼ਾਰ ਦੀ ਹਾਜ਼ਰੀ ਵਿਚੋਂ ਗੁਰੂ ਚਰਨਾਂ ਵਿੱਚ ਆਪਾ ਸਮਰਪਣ ਕਰਨ ਲਈ ਕੇਵਲ ਪੰਜ ਹੀ ਨਿਤਰੇ ਸਨ। ਇਸ ਤੇ ਵੀ ਗੁਰੂ ਸਾਹਿਬ ਨੇ ਕੋਈ ਅਫਸੋਸ ਜਾਂ ਚਿੰਤਾ ਪ੍ਰਗਟ ਕਰਨ ਦੀ ਬਜਾਏ ਸੰਤੁਸ਼ਟਤਾ ਹੀ ਪ੍ਰਗਟ ਕੀਤੀ ਸੀ। ਜਿਸਦਾ ਉਦੇਸ਼ ਇਹ ਸੀ ਕਿ ਸਿੱਖੀ ਦਾ ਮਾਰਗ ਸਹਿਜ ਨਹੀਂ, ਇਸ ਮਾਰਗ ਤੇ ਚਲਣ ਦੀ ਪਹਿਲੀ ਸ਼ਰਤ ਹੀ ਇਹ ਹੈ ਕਿ ਇਸ ਮਾਰਗ ਤੇ ਚਲਣ ਵਾਲੇ ਨੂੰ ਸਿਰ ਤਲੀ ਤੇ ਧਰ ਕੇ ਨਿਤਰਨਾ ਹੋਵੇਗਾ; ਅਤੇ ਅਜਿਹਾ ਸਾਹਸ ਕੋਈ ਵਿਰਲਾ ਹੀ ਕਰ ਸਕਦਾ ਹੈ। ਇਸ ਕਰਕੇ ਚਿੰਤਾ ਇਸ ਗਲ ਦੀ ਨਹੀਂ ਹੋਣੀ ਚਾਹੀਦੀ ਕਿ ਕੇਸਾਧਾਰੀ ਸਿੱਖਾਂ ਦੀ ਅਬਾਦੀ ਘਟਦੀ ਜਾ ਰਹੀ ਹੈ, ਚਿੰਤਾ ਇਸ ਗਲ ਦੀ ਹੋਣੀ ਚਾਹੀਦੀ ਹੈ ਕਿ ਸਿੱਖ ਅਖਵਾਣ ਦਾ ਦਾਅਵਾ ਕਰਨ ਵਾਲਿਆਂ ਵਿੱਚ ਸਿੱਖੀ ਪ੍ਰਤੀ ਵਿਸ਼ਵਾਸ ਅਤੇ ਗੁਰੂ ਪ੍ਰਤੀ ਸਮਰਪਿਤ ਹੋਣ ਦੀ ਭਾਵਨਾ ਘਟਦੀ ਜਾ ਰਹੀ ਹੈ ਜਿਸ ਕਾਰਣ ਉਹ ਸਿੱਖੀ ਵਿਰਸੇ ਨਾਲੋਂ ਹੀ ਨਹੀਂ, ਸਗੋਂ ਸਿੱਖੀ ਸਰੂਪ ਨਾਲੋਂ ਵੀ ਟੁਟਦੇ ਜਾ ਰਹੇ ਹਨ। ਇਨ੍ਹੀਂ ਦਿਨੀਂ ਹੀ ਇਸੇ ਸਬੰਧ ਵਿੱਚ ਮੀਡੀਆ ਵਿੱਚ ਆਇਆ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕਤੱਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਦਾ ਇਕ ਬਿਆਨ ਨਜ਼ਰਾਂ ਵਿਚੋਂ ਗੁਜ਼ਰਿਆ, ਜਿਸ ਵਿੱਚ ਉਨ੍ਹਾਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਸਿੱਖਾਂ ਦੀ ਲਗਾਤਾਰ ਘਟਦੀ ਜਾ ਰਹੀ ਅਬਾਦੀ ਪੁਰ ਪ੍ਰਗਟ ਕੀਤੀ ਗਈ ਚਿੰਤਾ ਦਾ ਸੁਆਗਤ ਕੀਤਾ ਹੈ, ਪਰ ਇਸਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਅਕਾਲ ਤਖਤ ਦੇ ਜਥੇਦਾਰ ਵਲੋਂ ਸਿੱਖਾਂ ਨੂੰ ਚਾਰ-ਚਾਰ ਬੱਚੇ ਪੈਦਾ ਕਰਨ ਦੀ ਦਿੱਤੀ ਗਈ ਹਿਦਾਇਤ ਹੈਰਾਨ ਕਰਨ ਵਾਲੀ ਹੈ। ਉਨ੍ਹਾਂ ਕਿਹਾ ਕਿ ਜਾਪਦਾ ਹੈ ਕਿ ਅਕਾਲ ਤਖਤ ਦੇ ਜਥੇਦਾਰ ਜਾਂ ਤਾਂ ਸਿੱਖਾਂ ਦੀ ਘਟ ਰਹੀ ਅਬਾਦੀ ਦੇ ਮੂਲ ਕਾਰਣਾਂ ਤੋਂ ਪੂਰੀ ਤਰ੍ਹਾਂ ਅਨਜਾਣ ਹਨ ਜਾਂ ਫਿਰ ਉਹ ਜਾਣਦਿਆਂ-ਬੁਝਦਿਆਂ ਅਨਜਾਣ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਘਟ ਰਹੀ ਅਬਾਦੀ ਦਾ ਮੂਲ ਕਾਰਣ ਸਿੱਖ ਨੌਜਵਾਨਾਂ ਦਾ ਸਿੱਖ ਇਤਿਹਾਸ ਅਤੇ ਧਾਰਮਕ ਮਾਨਤਾਵਾਂ ਤੋਂ ਅਨਜਾਣ ਹੋਣਾ ਹੈ, ਜਿਸ ਕਾਰਣ ਉਹ ਭਟਕ ਸਿੱਖੀ ਸਰੂਪ ਤਿਆਗਦੇ, ਸਿੱਖੀ ਵਿਰਸੇ ਨਾਲੋਂ ਟੁੱਟਦੇ ਅਤੇ ਨਸ਼ਿਆਂ ਦਾ ਸ਼ਿਕਾਰ ਹੋ ਆਪਣੀ ਜਵਾਨੀ ਬਰਬਾਦ ਕਰਦੇ ਜਾ ਰਹੇ ਹਨ। ਉਨ੍ਹਾਂ ਚਿਤਾਵਨੀ ਭਰੇ ਸ਼ਬਦਾਂ ਵਿੱਚ ਕਿਹਾ ਕਿ ਇਨ੍ਹਾਂ ਹਾਲਾਤ ਵਿੱਚ ਜੇ ਸਿੱਖ ਚਾਰ-ਚਾਰ ਬੱਚੇ ਵੀ ਪੈਦਾ ਕਰਨ ਤਾਂ ਵੀ ਸਿੱਖਾਂ ਦੀ ਅਬਾਦੀ ਵਧਣ ਦੀ ਬਜਾਏ ਘਟਦੀ ਹੀ ਜਾਇਗੀ। ਉਨ੍ਹਾਂ ਇਹ ਵੀ ਕਿਹਾ ਕਿ ਗਿਆਨੀ ਗੁਰਬਚਨ ਸਿੰਘ, ਜਥੇਦਾਰ ਅਕਾਲ ਤਖਤ ਨੂੰ ਇਹ ਗਲ ਸਵੀਕਾਰ ਕਰਨ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ ਕਿ ਸਤਿਗੁਰਾਂ ਵਲੋਂ ਵਰੋਸਾਈ ਪੰਜਾਬ ਦੀ ਧਰਤੀ ਪੁਰ ਸਿੱਖੀ ਦਾ ਪ੍ਰਚਾਰ ਅਤੇ ਸਿੱਖੀ ਦੀ ਸੰਭਾਲ ਕਰਨ ਦੀ ਜ਼ਿਮੇਂਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਜ਼ਿਮੇਂਦਾਰੀ ਨਿਭਾਉਣ ਪੱਖੋਂ ਪੂਰੀ ਤਰ੍ਹਾਂ ਬੇਮੁਖ ਹੋ ਚੁਕੀ ਹੈ। ਉਸਦੇ ਮੁਖੀ ਆਪਣੇ ਰਾਜਸੀ ਆਕਾਵਾਂ ਦੀ ਖੁਸ਼ਨੂਦੀ ਹਾਸਲ ਕਰਨ ਅਤੇ ਉਨ੍ਹਾਂ ਦੇ ਰਾਜਸੀ ਸੁਆਰਥ ਦੀ ਪੂਰਤੀ ਲਈ ਸ਼੍ਰੋਮਣੀ ਕਮੇਟੀ ਦੇ ਸਾਰੇ ਸਾਧਨ ਉਨ੍ਹਾਂ ਪ੍ਰਤੀ ਸਮਰਪਿਤ ਕਰੀ ਬੈਠੇ ਹਨ। ਜਿਸ ਕਾਰਣ ਸ਼੍ਰੋਮਣੀ ਕਮੇਟੀ ਨਾ ਤਾਂ ਸਾਰਥਕ ਪ੍ਰਚਾਰ ਵਲ ਧਿਆਨ ਦੇ ਪਾ ਰਹੀ ਹੈ ਤੇ ਨਾ ਹੀ ਸਿੱਖੀ ਦੀ ਸੰਭਾਲ ਪ੍ਰਤੀ ਆਪਣੀ ਜ਼ਿਮੇਂਦਰੀ ਨਿਭਾਣ ਦੇ ਸਬੰਧ ਵਿੱਚ ਗੰਭੀਰ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਅਕਾਲ ਤਖਤ ਨੁੰ ਇਹ ਵੀ ਸਵੀਕਾਰ ਕਰਨਾ ਚਾਹੀਦਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਇਸੇ ਲਾਪ੍ਰਵਾਹੀ ਅਤੇ ਕਮਜ਼ੋਰੀ ਦਾ ਹੀ ਲਾਭ ਉਠਾ ਇਸਾਈ ਪ੍ਰਚਾਰਕ ਸਿੱਖੀ ਦੇ ਕੇਂਦਰ ਸ੍ਰੀ ਅੰਮ੍ਰਿਤਸਰ ਤਕ ਦੇ ਆਸ-ਪਾਸ ਵਸਦੇ ਸਿੱਖ ਨੌਜਵਾਨਾਂ ਨੂੰ ਪ੍ਰੇਰ ਆਪਣਾ ਪੈਰੋਕਾਰ ਬਣਾਉਣ ਵਿੱਚ ਸਫਲ ਹੋ ਰਹੇ ਹਨ, ਉਸੇ ਦੇ ਫਲਸਰੂਪ ਅੱਜ ਅਨੇਕਾਂ ਸਿੱਖੀ ਸਰੂਪ ਧਾਰੀ ਵਿਅਕਤੀ ਫਖਰ ਨਾਲ ਈਸਾਈਆਂ ਦਾ ਧਰਮ-ਚਿੰਨ੍ਹ ‘ਕਰਾਸ’ ਗਲ ਵਿੱਚ ਪਾਈ ਨਜ਼ਰ ਆਉਣ ਲਗੇ ਹਨ।
ਅਤੇ ਅੰਤ ਵਿੱਚ : ਸ. ਹਰਵਿੰਦਰ ਸਿੰਘ ਸਰਨਾ ਨੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸਲਾਹ ਦਿੱਤੀ ਹੈ ਕਿ ਜੇ ਸ਼੍ਰੋਮਣੀ ਕਮੇਟੀ ਆਪਣੀ ਜ਼ਿਮੇਂਦਾਰੀ ਨਿਭਾਣ ਪ੍ਰਤੀ ਗੰਭੀਰ ਨਹੀਂ ਰਹਿ ਗਈ ਹੋਈ ਤਾਂ ਉਨ੍ਹਾਂ ਨੂੰ ਆਪ ਸਿੱਖੀ ਦੇ ਸਰਵੁੱਚ ਅਸਥਾਨ ਅਕਾਲ ਤਖਤ ਦੇ ਮੁਖੀ ਹੋਣ ਦੇ ਨਾਤੇ ਇਸ ਪਾਸੇ ਪਹਿਲ ਕਰਨ ਦੀ ਜ਼ਿਮੇਂਦਾਰੀ ਸੰਭਾਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚਲੇ ਤਿੰਨਾਂ ਤਖਤਾਂ, ਤਖਤ ਸ੍ਰੀ ਅਕਾਲ ਤਖਤ, ਤਖਤ ਸ੍ਰੀ ਕੇਸ ਗੜ੍ਹ ਅਤੇ ਤਖਤ ਸ੍ਰੀ ਦਮਦਮਾ ਸਾਹਿਬ, ਦੇ ਜਥੇਦਾਰ ਸਾਹਿਬਾਨ ਨੂੰ ਇਕ ਸਾਂਝੀ ਟੀਮ ਬਣਾ ਪੰਜਾਬ ਵਿੱਚ ਸਿੱਖੀ ਦੇ ਪ੍ਰਚਾਰ ਅਤੇ ਸਿੱਖੀ ਸੰਭਾਲ ਦੀ ਜ਼ਿਮੇਂਦਾਰੀ ਆਪਣੇ ਸਿਰ ਲੈ ਜੁਟ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਅਜਿਹੀ ਪਹਿਲ ਕਰਨ ਨਾਲ ਸਮੁਚਾ ਸਿੱਖ ਜਗਤ ਦ੍ਰਿੜ੍ਹਤਾ ਨਾਲ ਉਨ੍ਹਾਂ ਪਿਛੇ ਖੜਾ ਹੋਵੇਗਾ। ਉਨ੍ਹਾਂ ਕਿਹਾ ਕਿ ਕੇਵਲ ਚਿੰਤਾ ਪ੍ਰਗਟ ਕਰਦਿਆਂ ਰਹਿਣ ਅਤੇ ਰਾਜਨੀਤੀ ਦਾ ਸ਼ਿਕਾਰ ਹੋ ਚੁਕੀ ਸ਼੍ਰੋਮਣੀ ਕਮੇਟੀ ਪਾਸੋਂ ਕੋਈ ਆਸ ਰਖਣਾ ਪਾਣੀ ਵਿੱਚ ਲਕੀਰ ਖਿਚਣ ਦੇ ਤੁਲ ਹੋਵੇਗਾ।

Send this to a friend