ਚੰਡੀਗੜ੍ਹ, 20 ਮਾਰਚ (ਪੀ. ਟੀ.)-ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਵਰਕਿੰਗ ਕਮੇਟੀ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਈ ਕਾਰਨਾਂ ਦੇ ਚਲਦੇ ਉਹ ਅੰਮ੍ਰਿਤਸਰ ਦੇ ਲੋਕਾਂ ਨਾਲ ਨਿਆਂ ਨਹੀਂ ਕਰ ਪਾਉਣਗੇ, ਇਸ ਤੋਂ ਇਲਾਵਾ ਉਹ ਪਹਿਲੀ ਵਾਰ ’ਚ ਇਥੋਂ ਚੋਣ ਨਹੀਂ ਲੜ ਪਾਉਣਗੇ। ਇਥੇ ਜਾਰੀ ਬਿਆਨ ’ਚ ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਹੈ ਕਿ ਕਰੀਬ ਤਿੰਨ ਪਹਿਲਾਂ ਜਦੋਂ ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮਿਲੇ ਸਨ, ਉਨ੍ਹਾਂ ਨੇ ਮੈਨੂੰ ਬਠਿੰਡਾ ਜਾਂ ਅੰਮ੍ਰਿਤਸਰ ਸੀਟ ਤੋਂ ਚੋਣ ਲੜਨ ਦਾ ਆਫਰ ਦਿੱਤਾ ਸੀ। ਜਿਸ ’ਤੇ ਉਨ੍ਹਾਂ ਨੇ ਸਪੱਸ਼ਟ ਕੀਤਾ ਸੀ ਕਿ ਕਿਉਂਕਿ ਪਰਨੀਤ ਕੌਰ ਪਟਿਆਲਾ ਤੋਂ ਲੜ ਰਹੀ ਹੈ, ਅਜਿਹੇ ’ਚ ਉਹ ਚੋਣ ਨਹੀਂ ਲੜ ਸਕਣਗੇ। ਉਨ੍ਹਾਂ ਨੇ ਕਿਹਾ ਕਿ ਸੂਬੇ ਭਰ ’ਚ ਉਨ੍ਹਾਂ ਦੀ ਮੌਜੂਦਗੀ ਦੀ ਲੋੜ ਹੈ ਅਤੇ
ਅੰਮ੍ਰਿਤਸਰ ਤੋਂ ਚੋਣ ਲੜਨ ਨਾਲ ਉਹ ਇਕ ਹਲਕੇ ਤੱਕ ਹੀ ਸੀਮਿਤ ਰਹਿ ਜਾਣਗੇ। ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਕੋਲ ਪਹਿਲਾਂ ਹੀ ਸੂਬੇ ਦੇ ਸਾਰੇ ਸੰਸਦੀ ਹਲਕਿਆਂ ਨਾਲ ਸਬੰਧਤ ਕਈ ਮੌਜੂਦਾ ਤੇ ਸੰਭਾਵਿਤ ਉਮੀਦਵਾਰਾਂ ਪਾਸੋਂ ਪ੍ਰਚਾਰ ਕਰਨ ਲਈ ਅਪੀਲਾਂ ਮਿਲ ਚੁੱਕੀਆਂ ਹਨ।
ਕੈਪਟਨ ਅਮਰਿੰਦਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇ ਉਹ ਚੋਣ ਲੜਦੇ ਹਨ ਅਤੇ ਅੰਮ੍ਰਿਤਸਰ ਤੋਂ ਬਕੌਲ ਮੈਂਬਰ ਲੋਕ ਸਭਾ ਚੁਣੇ ਜਾਂਦੇ ਹਨ, ਤਾਂ ਵੀ ਉਹ ਸਥਾਨਕ ਵਿਅਕਤੀ ਦੇ ਮੁਕਾਬਲੇ ਇਥੋਂ ਦੇ ਲੋਕਾਂ ਨਾਲ ਨਿਆਂ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ, ਬਾਹਰੀ ਵਿਅਕਤੀ ਹੋਣ ਕਾਰਨ ਉਹ ਇਥੋਂ ਦੇ ਕਿਸੇ ਵਾਸੀ ਵਾਂਗ ਅੰਮ੍ਰਿਤਸਰ ਨੂੰ ਨਹੀਂ ਜਾਣਦੇ। ਇਸ ਤੋਂ ਇਲਾਵਾ, ਉਹ ਇਥੇ ਜ਼ਰੂਰੀ ਸਮਾਂ ਨਹੀਂ ਦੇ ਪਾਉਣਗੇ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਕੋਲ ਅੰਮ੍ਰਿਤਸਰ ’ਚ ਕਈ ਮਜ਼ਬੂਤ ਅਤੇ ਪ੍ਰਭਾਵੀ ਆਗੂ ਹਨ, ਜਿਹੜੇ ਅਕਾਲੀ ਭਾਜਪਾ ਉਮੀਦਵਾਰ ’ਤੇ ਅਸਾਨੀ ਨਾਲ ਜਿੱਤ ਦਰਜ ਕਰ ਸਕਦੇ ਹਨ। ਇਸ ਤੋਂ ਇਲਾਵਾ, ਅੰਮ੍ਰਿਤਸਰ ’ਚ ਕਾਂਗਰਸ ਦਾ ਮਜ਼ਬੂਤ ਅਧਾਰ ਹੈ, ਜਿਥੇ ਪਾਰਟੀ ਇਹ ਸੀਟ ਕਈ ਵਾਰ ਜਿੱਤ ਚੁੱਕੀ ਹੈ ਅਤੇ ਬੀਤੀ ਵਾਰ ਵੀ ਧੋਖੇ ਨਾਲ ਭਾਜਪਾ ਉਮੀਦਵਾਰ ਦੇ ਹੱਕ ’ਚ ਇਹ ਸੀਟ ਐਲਾਨੀ ਗਈ ਸੀ। ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਪਾਰਟੀ ਨੂੰ ਇਕ ਸਥਾਨਕ ਉਮੀਦਵਾਰ ਨੂੰ ਉਤਾਰਨਾ ਚਾਹੀਦਾ ਹੈ, ਜਿਹੜਾ ਸਥਾਨਕ ਮੁੱਦਿਆਂ ਤੇ ਸਮੱਸਿਆਵਾਂ ਤੋਂ ਚੰਗੀ ਤਰ੍ਹਾ ਜਾਣੂ ਹੋਵੇ। ਅੰਮ੍ਰਿਤਸਰ ਦੇ ਲੋਕ ਪਹਿਲਾਂ ਹੀ ਐਮ.ਪੀ ਦੀ ਗੈਰ ਮੌਜੂਦਗੀ ਕਾਰਨ ਪ੍ਰੇਸ਼ਾਨ ਹਨ ਅਤੇ ਉਹ ਇਕ ਗੈਰ ਹਾਜ਼ਰ ਐਮ.ਪੀ ਨੂੰ ਦੂਸਰੇ ਨਾਲ ਤਬਦੀਲ ਨਹੀਂ ਕਰਨਾ ਚਾਹੁਣਗੇ। ਉਨ੍ਹਾਂ ਨੇ ਕਿਹਾ ਕਿ ਪਿਛਲਾ ਐਮ.ਪੀ ਤਾਂ ਕਦੇ ਕਦਾਰ ਦਿਖ ਵੀ ਜਾਂਦਾ ਸੀ, ਜਦਕਿ ਮੌਜੂਦਾ ਉਮੀਦਵਾਰ ਚੁਣਿਆ ਗਿਆ, ਤਾਂ ਦਿੱਲੀ ’ਚ ਆਪਣੇ ਹਿੱਤਾਂ ਤੇ ਵਚਨਬੱਧਤਾ ਦੇ ਚਲਦੇ ਕਦੇ ਵੀ ਇਥੇ ਨਜ਼ਰ ਨਹੀਂ ਆਏਗਾ। ਇਕ ਸਥਾਨਕ ਉਮੀਦਵਾਰ ਪਾਰਟੀ ਲਈ ਸੱਭ ਤੋਂ ਵਧੀਆ ਸਾਬਤ ਹੋਵੇਗਾ।