June 28, 2026 2:27 am

ਸੰਤ ਭਿੰਡਰਾਂਵਾਲੇ ਕੌਮ ਦੇ ਮਹਾਨ ਸ਼ਹੀਦ-ਸਿਆਸੀ ਆਗੂ ਸਿੱਖਾਂ ਦੇ ਹਿਰਦੇ ਵਲੂੰਧਰਨ ਤੋਂ ਗੁਰੇਜ ਕਰਨ : ਸਿੰਘ ਸਾਹਿਬ

ਤਲਵੰਡੀ ਸਾਬੋ, 3 ਅਕਤੂਬਰ (ਰਾਮ ਰੇਸ਼ਮ ਸ਼ਰਨ)- ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਲੱਗੀ ਹੋਣ ਕਾਰਣ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਨਾ ਜਾਣਾ ਅਤਿ ਮੰਦਭਾਗੀ ਘਟਨਾ ਹੈ ਅਤੇ ਇਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇੱਥੋਂ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸਿੱਖ ਕੌਮ ਦੀ ਆਨ ਬਾਨ ਅਤੇ ਸ਼ਾਨ ਲਈ ਕੁਰਬਾਨੀ ਦੇ ਗਏ ਸਨ ਤੇ ਸਮੁੱਚੀ ਦੁਨੀਆ ਇਹ ਭਲੀਭਾਂਤ ਜਾਣਦੀ ਹੈ ਕਿ ਸੰਤ ਭਿੰਡਰਾਂਵਾਲੇ ਸਿੱਖ ਕੌਮ ਦੇ ਮਹਾਨ ਸ਼ਹੀਦ ਹਨ ਜਿਨਾਂ ਦਾ ਸਤਿਕਾਰ ਹਰ ਸਿੱਖ ਦੇ ਹਿਰਦੇ ਵਿੱਚ ਹੈ।ਉਨਾਂ ਕਿਹਾ ਕਿ ਸਿਰਫ ਇਸ ਕਾਰਣ ਖੱਟਰ ਵੱਲੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਨਾ ਜਾਣਾ ਕਿ ਉਥੇ ਸੰਤਾਂ ਦੀ ਤਸਵੀਰ ਲੱਗੀ ਹੋਈ ਹੈ ਨੇ ਸਿੱਖ ਹਿਰਦਿਆਂ ਨੂੰ ਵਲ਼ੂੰਧਰਿਆ ਹੈ।ਉਨਾਂ ਕਿਹਾ ਕਿ ਖੱਟਰ ਵਰਗੇ ਸਿਆਸੀ ਆਗੂਆਂ ਨੂੰ ਸਭ ਪਤਾ ਹੁੰਦਾ ਹੈ ਇਸਦੇ ਬਾਵਜੂਦ ਉਹ ਅਜਿਹੀਆਂ ਹਰਕਤਾਂ ਕਰਕੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਦੇ ਰਹਿੰਦੇ ਹਨ ਜਦੋਂਕਿ ਸਿੱਖ ਭਾਵਨਾਵਾਂ ਦੀ ਕਦਰ ਕਰਦਿਆਂ ਉਨਾਂ ਨੂੰ ਅਜਿਹੀਆਂ ਕਾਰਵਾਈਆਂ ਤੋਂ ਗੁਰੇਜ ਕਰਨਾ ਚਾਹੀਦਾ ਹੈ।ਉਨਾਂ ਕਿਹਾ ਕਿ ਖੱਟਰ ਨੂੰ ਇਸ ਕਾਰਵਾਈ ਲਈ ਤੁਰੰਤ ਸਮੁੱਚੇ ਸਿੱਖ ਜਗਤ ਤੋਂ ਮਾਫੀ ਮੰਗਣੀ ਚਾਹਿਦੀ ਹੈ।

Send this to a friend