June 26, 2026 12:49 pm

ਪਾਵਰਕਾਮ ਦੀ ਅਣਗਹਿਲੀ ਕਾਰਨ ਆਏ ਹਜ਼ਾਰਾਂ ਰੁਪਏ ਦੇ ਬਿੱਲ ਨਾ ਮੋੜਨ ਦਾ ਕੀਤਾ ਐਲਾਨ

ਜਗਰਾਉਂ, 30 ਸਤੰਬਰ (ਪਰਮਜੀਤ ਸਿੰਘ ਗਰੇਵਾਲ)-ਪਾਵਰਕਾਮ ਦੀ ਅਣਗਹਿਲੀ ਕਾਰਨ ਪਿੰਡ ਕਾਉਂਕੇ ਕਲਾਂ ਦੇ ਗਰੀਬ ਪਰਿਵਾਰਾਂ ਨੂੰ ਹਜ਼ਾਰਾਂ ਰੁਪਏ ਦਾ ਬਿਜਲੀ ਦਾ ਬਿੱਲ ਆਉਣ ਕਾਰਨ ਅੱਜ ਉਸ ਵੇਲੇ ਸਥਿਤੀ ਤਨਾਅਪੂਰਨ ਬਣ ਗਈ, ਜਦੋਂ ਮੀਟਰ ਠੀਕ ਕਰਨ ਆਏ ਅਧਿਕਾਰੀਆਂ ਦਾ ਸਬੰਧਤ ਵਸਨੀਕਾਂ ਵੱਲੋਂ ਘਿਰਾਓ ਕੀਤਾ ਗਿਆ ਤੇ ਪਾਵਰਕਾਮ ਖਿਲਾਫ਼ ਨਾਅਰੇਬਾਜ਼ੀ ਕੀਤੀ। ਅੱਜ ਪਾਵਰਕਾਮ ਖਿਲਾਫ਼ ਪੁਲਿਸ ਚੌਕੀ ਕਾਉਂਕੇ ਕਲਾਂ ਵਿਖੇ ਸ਼ਿਕਾਇਤ ਦੇਣ ਆਏ ਪੀੜਤ ਵਸਨੀਕਾਂ ਸੁਰਜੀਤ ਸਿੰਘ, ਭੋਲਾ ਸਿੰਘ, ਬਲਦੇਵ ਸਿੰਘ, ਚਮਕੌਰ ਕੌਰ, ਚਰਨਜੀਤ ਕੌਰ, ਨਸੀਬ ਕੌਰ, ਜਸਬੀਰ ਕੌਰ, ਜੀਤ ਸਿੰਘ, ਜਗਦੇਵ ਕੌਰ, ਕੁਲਵਿੰਦਰ ਕੌਰ ਤੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਦੇ ਪਾਵਕਾਮ ਵੱਲੋਂ ਬਿਜਲੀ ਦੇ ਮੀਟਰ ਘਰਾਂ ’ਚੋਂ ਬਾਹਰ ਕੱਢੇ ਹਨ, ਉਸ ਸਮੇਂ ਤੋਂ ਬਿਜਲੀ ਦੇ ਬਿੱਲ ਜ਼ਿਆਦਾ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪੀੜਤਾਂ ਦੀ ਸ਼ਿਕਾਇਤ ’ਤੇ ਜਦੋਂ ਪਾਵਰਕਾਮ ਅਧਿਕਾਰੀ ਇੱਥੇ ਚੈਕ ਕਰਨ ਆਏ ਤਾਂ ਵੇਖ ਕੇ ਹੈਰਾਨੀ ਹੋਈ ਕਿ ਮੀਟਰਾਂ ਦੀਆਂ ਤਾਰਾਂ ਉਲਟ-ਪੁਲਟ ਲਗੀਆਂ ਹੋਈਆਂ ਹਨ, ਇਹ ਸਭ ਅਣਗਹਿਲੀ ਪਾਵਰਕਾਮ ਦੀ ਬਿਜਲੀ ਦੇ ਮੀਟਰ ਬਾਹਰ ਕੱਢਣ ਸਮੇਂ ਹੀ ਹੋਈ ਹੈ, ਜਿਸ ਦਾ ਖਮਿਆਜ਼ਾ ਹੁਣ ਤੱਕ ਗਰੀਬਾਂ ਨੂੰ ਭਾਰੀ ਬਿੱਲ ਦੇ ਕੇ ਭੁਗਤਣਾ ਪਿਆ। ਲੋਕਾਂ ਨੇ ਐਲਾਨ ਕੀਤਾ ਕਿ ਉਹ ਬਿਜਲੀ ਦੇ ਆਏ ਬਿੱਲ ਨਹੀ ਮੋੜਨਗੇ ਤੇ ਜਦੋਂ ਤੋਂ ਬਿਜਲੀ ਦੇ ਮੀਟਰ ਬਾਹਰ ਕੱਢੇ ਹਨ, ਉਸ ਸਮੇਂ ਤੋਂ ਲੈ ਕੇ ਹੁਣ ਤੱਕ ਜਮ੍ਹਾਂ ਕੀਤੇ ਬਿੱਲਾਂ ਦੀ ਅਦਾਇਗੀ ਦੇ ਪੈਸੇ ਵੀ ਪਾਵਰਕਾਮ ਤੋਂ ਵਾਪਸ ਲੈਣਗੇ, ਜਿਸ ਸਬੰਧੀ ਉਹ ਕੱਲ੍ਹ ਕੋਰਟ ’ਚ ਕੇਸ ਵੀ ਦਾਇਰ ਕਰਨਗੇ। ਇਸ ਸਬੰਧੀ ਗੱਲ ਕਰਨ ’ਤੇ ਪੁਲਿਸ ਚੌਕੀ ਦੇ ਇੰਚਾਰਜ ਲਖਵੀਰ ਸਿੰਘ ਨੇ ਕਿਹਾ ਕਿ ਸਬੰਧਤ ਵਸਨੀਕਾਂ ਦੀ ਪਾਵਰਕਾਮ ਖਿਲਾਫ਼ ਲਿਖਤੀ ਸ਼ਿਕਾਇਤ ਆਈ ਹੈ ਤੇ ਵਿਭਾਗੀ ਬਣਦੀ ਕਾਰਵਾਈ ਕੀਤੀ ਜਾਵੇਗੀ।

Send this to a friend