June 26, 2026 3:24 pm

ਪੰਜਾਬ ਅੱਜ ਤੋਂ ਝੋਨੇ ਦੀ ਖਰੀਦ ਲਈ ਤਿਆਰ-ਬਰ-ਤਿਆਰ

ਪੰਜਾਬ ਨੂੰ ਇਸ ਸਾਲ 200 ਲਖ ਮੀਟਰਿਕ ਟਨ ਝੋਨੇ ਦੀ ਆਮਦ ਹੋਣ ਦੀ ਉਮੀਦ

ਚੰਡੀਗੜ, 30 ਸਤੰਬਰ- ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਸੂਬੇ ਦੀਆਂ ਖਰੀਦ ਏਜੰਸੀਆਂ ਦੇ ਸਮੂਹ ਮੁਖੀਆਂ ਅਤੇ ਪੰਜਾਬ ਖੇਤਰ ਦੇ ਜਨਰਲ ਮੈਨੇਜਰ ਐਫ.ਸੀ.ਆਈ ਨੂੰ ਨਿਰਦੇਸ਼ ਦਿਤੇ ਕਿ ਉਹ 01 ਅਕਤੂਬਰ ਤੋਂ ਸੂਬੇ ਭਰ ਵਿਚ ਸ਼ੁਰੂ ਹੋਣ ਵਾਲੀ ਝੋਨੇ ਦੀ ਖਰੀਦ ‘ਤੇ ਨਿਜੀ ਤੌਰ ‘ਤੇ ਨਜ਼ਰ ਰਖਣ ਤਾਂ ਜੋ ਇਹ ਏਜੰਸੀਆਂ ਖਰੀਦ ਲਈ ਆਪਣੇ ਨਿਰਧਾਰਤ ਹਿਸੇ ਅਨੁਸਾਰ ਝੋਨੇ ਦੀ ਤੁਰੰਤ ਚੁਕਾਈ ਨੂੰ ਯਕੀਨੀ ਬਣਾ ਸਕਣ। ਪੰਜਾਬ ਨੂੰ ਇਸ ਸਾਲ 200 ਲਖ ਮੀਟਰਿਕ ਟਨ ਝੋਨੇ ਦੀ ਖਰੀਦ ਹੋਣ ਦੀ ਆਸ ਹੈ। ਸੂਬੇ ਭਰ ਵਿਚ ਸਥਾਪਿਤ 1834 ਖਰੀਦ ਕੇਂਦਰਾਂ ਵਿਚ ਕੁਲ ਝੋਨੇ ਦੀ ਖਰੀਦ ਵਿਚੋਂ ਪਨਗਰੇਨ 30 ਫੀਸਦੀ, ਪਨਸਪ 22 ਫੀਸਦੀ, ਮਾਰਕਫੈਡ 23 ਫੀਸਦੀ, ਪੰਜਾਬ ਐਗਰੋ 10 ਫੀਸਦੀ, ਪੰਜਾਬ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ 10 ਫੀਸਦੀ ਅਤੇ ਐਫ.ਸੀ.ਆਈ 05 ਫੀਸਦੀ ਝੋਨੇ ਦੀ ਖਰੀਦ ਕਰੇਗੀ। ਸੂਬੇ ਵਿਚ 2018-19 ਸਾਉਣੀ ਦੇ ਸੀਜ਼ਨ ਲਈ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਸ੍ਰੀ ਆਸ਼ੂ ਨੇ ਕਿਹਾ ਕਿ ਇਕ ਪਾਸੇ ਝੋਨੇ ਦੀ ਨਿਰਵਿਘਨ ਅਤੇ ਫੌਰੀ ਖਰੀਦ ਅਤੇ ਦੂਜੇ ਪਾਸੇ ਕਿਸਾਨਾਂ ਨੂੰ ਸਮਾਂਬਧ ਢੰਗ ਨਾਲ ਉਹਨਾਂ ਦੀ ਫਸਲ ਦੇ ਭੁਗਤਾਨ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਉਹਨਾਂ ਸਪਸ਼ਟ ਰੂਪ ਵਿੱਚ ਕਿਹਾ ਕਿ ਮੰਡੀਆਂ ਵਿਚ ਆਪਣੀ ਫਸਲ ਦੀ ਵਿਕਰੀ ਦੌਰਾਨ ਕਿਸਾਨਾਂ ਨੂੰ ਕੋਈ ਮੁਸ਼ਕਿਲ ਦਰਪੇਸ਼ ਨਹੀਂ ਆਉਣ ਦਿਤੀ ਜਾਵੇਗੀ।
ਉਹਨਾਂ ਫਸਲ ਦੇ ਭੰਡਾਰਨ ਦੌਰਾਨ ਉਚ ਗੁਣਵਤਾ ਵਾਲੀਆਂ ਮਜ਼ਬੂਤ ਬੋਰੀਆਂ ਦੀ ਵਰਤੋਂ ਕਰਨ ਅਤੇ ਫਸਲ ਦੇ ਭੰਡਾਰਨ ਸਮੇਂ ਇਹਨਾਂ ਬੋਰੀਆਂ ਦੀ ਕਿਲਤ ਨਾ ਹੋਣ ਨੂੰ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ । ਉਹਨਾਂ ਸਬੰਧਤ ਅਧਿਕਾਰੀਆਂ ਨੂੰ ਖਰੀਦ ਪ੍ਰੀਕਿਰਿਆ ਦੌਰਾਨ ਨਿਜੀ ਤੌਰ ‘ਤੇ ਮੰਡੀਆਂ ਦਾ ਦੌਰਾ ਕਰਨ ਅਤੇ ਨਿਰਵਿਘਨ ਚੁਕਾਈ ਨੂੰ ਯਕੀਨੀ ਬਣਾਉਣ ਲਈ ਕਿਹਾ। ਉਹਨਾਂ ਕਿਹਾ ਕਿ ਫੀਲਡ ਸਟਾਫ ਝੋਨੇ ਦੀ ਖਰੀਦ ਪ੍ਰਕਿਰਿਆ ਨੂੰ ਜਲਦ ਤੋਂ ਜਲਦ ਨੇਪਰੇ ਚਾੜ੍ਹਨ ਲਈ ਸ਼ਨੀਵਾਰ, ਐਤਵਾਰ ਅਤੇ ਸਰਕਾਰੀ ਛੁਟੀਆਂ ਵਾਲੇ ਦਿਨ ਵੀ ਕੰਮ ਕਰੇ। ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਮੰਡੀਆਂ ਵਿਚ ਫਸਲ ਦੀ ਸੁਰਖਿਆ ਅਤੇ ਸਫਾਈ ਸਹੂਲਤਾਂ ਸਬੰਧੀ ਢੁਕਵੇਂ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ।ਭਾਰਤ ਸਰਕਾਰ ਨੇ ਏ-ਗਰੇਡ ਦੇ ਝੋਨੇ ਲਈ ਵਧ ਤੋਂ ਵਧ ਵਿਕਰੀ ਮੁਲ 1770 ਰੁਪਏ ਪ੍ਰਤੀ ਕੁਇੰਟਲ ਅਤੇ ਝੋਨੇ ਦੀ ਆਮ ਕਿਸਮ ਲਈ 1750 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ। ਸੂਬੇ ਦੀਆਂ ਏਜੰਸੀਆਂ ਦੁਆਰਾ ਝੋਨੇ ਦੀ ਖਰੀਦ ਸਬੰਧੀ 40,300 ਕਰੋੜ ਰੁਪਏ ਦੀ ਸੀ.ਸੀ.ਐਲ. ਲਿਮਟ ਦਾ ਲਾਭ ਲੈਣ ਲਈ ਵਿੱਤ ਵਿਭਾਗ ਵਲੋਂ ਆਰ.ਬੀ.ਆਈ ਨੂੰ ਨਕਦ ਕਰਜ਼ਾ ਹੱਦ ਦੇ ਸਬੰਧ ਵਿਚ ਪ੍ਰਸਤਾਵਨਾ ਭੇਜੀ ਗਈ ਹੈ। ਐਫ.ਸੀ.ਆਈ. ਝੋਨੇ ਦੀ ਖਰੀਦ ਲਈ ਜ਼ਰੂਰੀ ਫੰਡਾਂ ਲਈ ਆਪਣੇ ਪੱਧਰ ’ਤੇ ਖੁਦ ਪ੍ਰਬੰਧ ਕਰੇਗੀ। ਸ੍ਰੀ ਆਸ਼ੂ ਨੇ ਸਮੂਹ ਕਿਸਾਨਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ ਮੰਡੀਆਂ ਵਿਚ ਸੁਕੀ, ਸਾਫ਼ ਅਤੇ ਪੂਰਨ ਤੌਰ ‘ਤੇ ਪਕੀ ਫਸਲ ਹੀ ਲੈ ਕੇ ਆਉਣ। ਉਨ੍ਹਾਂ ਸਾਰੇ ਭਾਈਵਾਲਾਂ ਚਾਹੇ ਉਹ ਆੜਤੀਆਂ, ਟਰਾਂਸਪੋਰਟਰ ਜਾਂ ਸ਼ੈਲਰਜ਼ ਜੋ ਵੀ ਹੋਵੇ, ਨੂੰ ਇਹ ਵੀ ਕਿਹਾ ਕਿ ਉਹ ਭ੍ਰਿਸ਼ਟਾਚਾਰ ਵਰਗੀਆਂ ਗਲਤ ਗਤੀਵਿਧੀਆਂ ਤੋਂ ਗੁਰੇਜ਼ ਕਰਨ।

Send this to a friend