June 26, 2026 9:53 am

ਥੰਮ ਨਹੀਂ ਰਹੀ ਔਰਤਾਂ ’ਤੇ ਹੁੰਦੇ ਜ਼ੁਲਮਾਂ ਦੀ ਦਾਸਤਾਨ

ਔਰਤ ਨੂੰ ਜਗਤ ਜਨਨੀ ਕਿਹਾ ਗਿਆ ਹੈ। ਇਸ ਦੀ ਕੁੱਖ ’ਚੋਂ ਪੀਰ ਪੈਗੰਬਰਾਂ, ਸੰਤਾਂ ਮਹਾਪੁਰਸ਼ਾਂ, ਯੋਧੇ ਸ਼ੂਰਵੀਰਾਂ ਅਤੇ ਦਾਨੀਆਂ ਨੇ ਜਨਮ ਲਿਆ ਹੈ। ਦੁਨੀਆਂ ਦੀ ਹੋਂਦ ਔਰਤ ਦੀ ਕੁੱਖ ਦੀ ਉਪਜ ਹੈ। ਛੋਟੀ ਬੱਚੀ ਤੋਂ ਜਵਾਨ ਹੋ ਕੇ ਵਿਆਹ ਤੋਂ ਬਾਅਦ ਪਤਨੀ ਅਤੇ ਬੱਚਿਆਂ ਦੀ ਮਾਤਾ ਤੋਂ ਹੁੰਦੇ ਹੋਏ ਦਾਦੀ ਬਨਣ ਤੱਕ ਦਾ ਸਫਰ, ਔਰਤ ਲਈ ਚਣੌਤੀ ਪੂਰਨ ਹੈ। ਇਹ ਔਰਤ ਦਾ ਸਬਰ ਅਤੇ ਧੀਰਜ ਹੈ ਜਿਸ ਸਦਕਾ ਉਹ ਵੱਡੀਆਂ ਸਮਾਜਿਕ ਜਿੰਮੇਵਾਰੀਆਂ ਨਿਭਾਉਂਦੀ ਹੋਈ ਅਡੋਲ ਹੈ। ਆਪਣੀ ਕੁੱਖ ’ਚੋਂ ਪੁੱਤਰਾਂ ਅਤੇ ਧੀਆਂ ਨੂੰ ਜਨਮ ਦੇਣ ਵਾਲੀ ਔਰਤ ਪੀੜੀ ਦਰ ਪੀੜੀ ਪਰਿਵਾਰ ਨੂੰ ਅੱਗੇ ਤੋਰਦੀ ਹੋਈ ਆਪ ਇਸ ਦੁਨੀਆਂ ਤੋਂ ਰੁਸਤਖ ਹੋ ਜਾਂਦੀ ਹੈ। ਅੱਜ ਔਰਤ ਦਾ ਘੱਟਦਾ ਸਨਮਾਨ ਵਾਕਿਆ ਹੀ ਇੱਕ ਚਿੰਤਾ ਦਾ ਵਿਸ਼ਾ ਹੈ।
ਵਰਤਮਾਨ ਸਮਾਂ ਬੇਸ਼ੱਕ ਈਕਵੀਂ ਸਦੀ ਦਾ ਹੈ ਪਰ ਔਰਤ ਨੂੰ ਸਮਾਜਿਕ ਤੌਰ ’ਤੇ ਇੱਕ ਸਨਮਾਨਯੋਗ ਰੁਤਬਾ ਮਿਲਣਾਂ ਅਜੇ ਬਾਕੀ ਹੈ। ਉਚੇ ਅਹੁਦਿਆਂ ਅਤੇ ਰੈਂਕਾਂ ’ਤੇ ਪਹੁੰਚ ਕੇ ਵੀ ਔਰਤ ਆਪਣੀ ਹੋਂਦ ਦੀ ਲੜਾਈ ਲੜਨ ਲਈ ਮਜਬੂਰ ਹੈ। ਪੀ. ਟੀ ਊਸ਼ਾ, ਕਿਰਨ ਬੇਦੀ, ਸਾਇਨਾ ਨੇਹਵਾਲ, ਮੈਰੀ ਕੌਮ ਅਤੇ ਕੁਸ਼ਤੀ ਜਗਤ ਵਿੱਚ ਝੰਡਾ ਲਹਿਰਾਉਣ ਵਾਲ਼ੀ ਸ਼ਾਕਸ਼ੀ ਵਰਗੀਆਂ ਮਿਹਨਤੀ, ਦਲੇਰ ਅਤੇ ਹਿੰਮਤੀ ਔਰਤਾਂ ਨੇ ਇੱਕ ਆਮ ਔਰਤ ਦੇ ਹੌਂਸਲਿਆਂ ਨੂੰ ਬੇਸ਼ੱਕ ਬੁਲੰਦ ਕੀਤਾ ਹੈ ਪਰ ਜ਼ਮੀਨੀ ਪੱਧਰ ਦੀੇ ਤਸਵੀਰ ਅਜੇ ਵੀ ਔਰਤ ਨੂੰ ਅਸੁੱਰਖਿਅਤ ਮੰਨਦੀ ਹੈ। ਰੋਜ਼ਾਨਾ ਅਖਬਾਰਾਂ ਵਿੱਚ ਛਪਦੀਆਂ ਜਬਰ ਜਨ੍ਹਾਂਹ ਅਤੇ ਛੇੜਛਾੜ ਦੀਆਂ ਖਬਰਾਂ ਔਰਤ ਦੀ ਅਸਲ ਤ੍ਰਾਸਦੀ ਨੂੰ ਬਿਆਨ ਕਰਦੀਆਂ ਹਨ। ਕੁੱਝ ਦਿਨ ਪਹਿਲਾਂ ਪੰਜਾਬ ਵਿੱਚ ਕੁੱਝ ਜਿੰਮੇਵਾਰ ਅਧਿਕਾਰੀਆਂ ਵਲੋਂ ਇੱਕ ਔਰਤ ਨੂੰ ਜੀਪ ਦੀ ਛੱਤ ਉਤੇ ਬੰਨ ਕੇ ਲੈ ਕੇ ਜਾਣ ਦੀ ਦਰਦਨਾਕ ਖਬਰ ਪੜਨ ਨੂੰ ਮਿਲੀ। ਇਹ ਘਿਨਘਾਉਣਾਂ ਕਾਰਾ ਦੇਖਣ ਵਾਲੇ ਇਨਸਾਨ ਦੀਆਂ ਨਜ਼ਰਾਂ ਦੋ ਘੜੀ ਇਸ ਖਬਰ ਦੀ ਸੱਚਾਈ ’ਤੇ ਯਕੀਨ ਨਹੀਂ ਕਰਦੀਆਂ। ਇਤਿਹਾਸ ਵਿੱਚ ਔਰਤ ਨਾਲ ਕੀਤੀ ਜ਼ਿਆਦਤੀ ਦੀ ਸ਼ਾਇਦ ਹੀ ਅਜਿਹੀ ਕੋਈ ਮਿਸਾਲ ਦੇਖਣ ਨੂੰ ਮਿਲਦੀ ਹੋਵੇ। ਇਸ ਕਰੂਰ ਵਰਤਾਰੇ ਨੇ ਔਰਤ ਜਾਤੀ ਦੀ ਇਜ਼ਤ ਨੂੰ ਭਾਰੀ ਠੇਸ ਪਹੁੰਚਾਈ ਹੈ।
ਕੁੱਝ ਖਬਰਾਂ ਦੇ ਹਵਾਲੇ ਤੋਂ ਪਤਾ ਲੱਗਦਾ ਹੈ ਕੀ ਕਈ ਬਾਲ ਸੁਧਾਰ ਘਰਾਂ ਵਿੱਚ ਛੋਟੀਆਂ ਬੱਚੀਆਂ ਨਾਲ ਹੁੰਦਾ ਵਹਿਸ਼ੀ ਵਿਵਹਾਰ ਪਤਾ ਨਹੀਂ ਕਿੰਨੀਆਂ ਹੀ ਮਾਸੂਮ ਲੜਕੀਆਂ ਦੀਆਂ ਚੀਕਾਂ ਨੂੰ ਆਪਣੇ ਵਿੱਚ ਸਮਾ ਗਿਆ ਹੈ। ਬਿਹਾਰ ਸੂਬੇ ਦੀ ਇੱਕ ਬੇਸਹਾਰਾ ਲੜਕੀਆਂ ਲਈ ਬਣੀ ਸੰਸਥਾ ਵਿੱਚ ਬੱਚੀਆਂ ਨਾਲ ਹੁੰਦੇ ਕੁਕਰਮ ਦੀ ਰੌਂਗਟੇ ਖੜੇ ਕਰਨ ਵਾਲੀ ਦਾਸਤਾਨ ਸਾਹਮਣੇ ਆਈ ਹੈ। ਅਪਰਾਧਿਕ ਲੋਕਾਂ ਨੇ ਛੋਟੀਆਂ ਛੋਟੀਆਂ ਬੱਚੀਆਂ ਨੂੰ ਗੁਰਬਤ ਦੀ ਜਿੰਦਗੀ ਜਿਉਣ ਲਈ ਮਜਬੂਰ ਕਰ ਦਿੱਤਾ ਹੈ। ਔਰਤ ਨੂੰ ਇੱਕ ਵਸਤੂ ਸਮਝ ਕੇ ਵਰਤਣ ਦਾ ਰਿਵਾਜ ਜਮੀਨੀ ਪੱਧਰ ’ਤੇ ਅਜੇ ਵੀ ਬਰਕਰਾਰ ਹੈ। ਟੈਲੀਵੀਜ਼ਨ ਅਤੇ ਅਖਬਾਰਾਂ ’ਚ ਲੜਕੀਆਂ ਵਲੋਂ ਆਏ ਦਿਨ, ਵਿਸ਼ਵਾਸ਼ ਵਿੱਚ ਲੈ ਕੇ, ਆਪਣੇ ਨਾਲ ਹੋਈਆਂ ਸ਼ਰੀਰਕ ਜ਼ਿਆਦਤੀਆਂ ਉਜਾਗਰ ਕੀਤੀਆਂ ਜਾ ਰਹੀਆਂ ਹਨ, ਜੋ ਇਸ ਸਭਿਅਤ ਅਤੇ ਪੜੇ ਲਿਖੇ ਸਮਾਜ ਨੂੰ ਸ਼ਰਮਸਾਰ ਕਰਦੀਆਂ ਹਨ।
ਦਾਜ ਦੀ ਬਲੀ ਚੜਨ ਵਾਲੀਆਂ ਲੜਕੀਆਂ ਅਤੇ ਔਰਤਾਂ ਦੀ ਗਿਣਤੀ ਅਣਗਿਣਤ ਹੈ। ਵਿਆਹ ਮੌਕੇ ਮੰਗਿਆ ਜਾਂਦਾ ਦਾਜ ਲ਼ੜਕੀ ਨੂੰ ਮਾਂ ਬਾਪ ਦੇ ਸਿਰ ’ਤੇ ਇੱਕ ਵਜ਼ਨ ਬਣਾ ਦਿੰਦਾ ਹੈ ਅਤੇ ਦਾਜ ਦੀਆਂ ਸ਼ਰਤਾਂ ਪੂਰੀਆਂ ਨਾ ਹੁੰਦੀਆਂ ਦੇਖ ਪਤਾ ਨਹੀਂ ਕਿੰਨੇ ਹੀ ਰਿਸ਼ਤੇ ਟੁੱਟਦੇ ਹਨ। ਅਸੁਰੱਖਿਅਤ ਮਹੌਲ ਅਤੇ ਵਿਆਹਾਂ ਸ਼ਾਦੀਆਂ ਦੇ ਵੱਡੇ ਖਰਚੇ ਕਾਰਨ ਅੱਜ ਮਾਂ ਬਾਪ ਧੀਆਂ ਜੰਮਣੋਂ ਡਰਨ ਲੱਗੇ ਹਨ। ਅਜਿਹੀ ਸਥਿਤੀ ਵਿੱਚ ਲੜਕੀਆਂ ਦੀ ਜ਼ਨਮ ਦਰ ਮੁੰਡਿਆਂ ਦੀ ਜਨਮ ਦਰ ਨਾਲੋਂ ਘਟਣੀ ਸੁਭਾਵਿਕ ਹੀ ਹੈ, ਜਿਸਦਾ ਕਿ ਸਮਾਜਿਕ ਢਾਂਚੇ ’ਤੇ ਮਾੜਾ ਪ੍ਰਭਾਵ ਪਿਆ ਹੈ। ਇਹ ਸਭ ਇਨਸਾਨ ਦੇ ਆਪਣੇ ਬਣਾਏ ਹੋਏ ਜਾਲ ਹਨ, ਜਿਨਾਂ ਵਿੱਚ ਅੱਜ ਉਹ ਆਪ ਹੀ ਉਲਝਦਾ ਜਾ ਰਿਹਾ ਹੈ।
’ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਦੇ ਮਹਾਨ ਵਚਨ ਉਚਾਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਸਮਾਜ ਵਿੱਚ ਉਚਾ ਅਹੁੱਦਾ ਦਿੱਤਾ ਹੈ ਅਤੇ ਸਨਮਾਨ ਦੀ ਪਾਤਰ ਬਣਾਇਆ ਹੈ। ਅੱਜ ਇਹ ਮਰਦ ਪ੍ਰਧਾਨ ਸਮਾਜ ਗੁਰੂ ਸਾਹਿਬਾਨਾਂ ਦੀਆਂ ਅਮੁੱਲ ਸਿਖਿਆਵਾਂ ਨੂੰ ਭੁਲਦਾ ਜਾ ਰਿਹਾ ਹੈ, ਜਿਸ ਕਾਰਨ ਔਰਤ ਦੁਰਦਸ਼ਾ ਅਤੇ ਅਨਾਦਰ ਦੀ ਸ਼ਿਕਾਰ ਹੋਈ ਹੈ। ਮਰਦ ਦੇ ਬਰਾਬਰ ਕੰਮ ਕਰਨ ਵਾਲੀ ਔਰਤ ਅੱਜ ਆਪਣੇ ਹੱਕਾਂ ਤੋਂ ਮੁਹਤਾਜ ਹੈ। ਇੱਕ ਸੰਤੁਲਿਤ ਸਮਾਜ ਉਸਾਰਨ ਲਈ ਔਰਤ ਨੂੰ ਬਰਾਬਰ ਸਨਮਾਨ ਅਤੇ ਹੱਕ ਦੇਣੇ ਹੋਣਗੇ, ਇਸ ਨਾਲ ਔਰਤ ਨੂੰ ਜਿਉਣ ਲਈ ਇੱਕ ਸੁਰਖਿਅਤ ਮਹੌਲ ਮਿਲ ਸਕੇਗਾ, ਜੋ ਕਿ ਅੱਜ ਵਕਤ ਦੀ ਮੁੱਖ ਲੋੜ ਹੈ।

Send this to a friend