ਅੰਮ੍ਰਿਤਸਰ, 20 ਮਾਰਚ (ਮਨਿੰਦਰ ਸਿੰਘ ਗੋਰੀ)- ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਵਿੱਚ ਰਾਜਸਥਾਨ ਦੇ ਇਤਿਹਾਸਕ ਗੁਰਦੁਆਰਾ ਬੁੱਢਾ ਜੌਹੜ ਦੀ ਤਨਖਾਹੀਆ ਕਰਾਰ ਦਿੱਤੀ ਹੋਈ ਪ੍ਰਬੰਧਕੀ ਕਮੇਟੀ ਖਿਲਾਫ ਕੋਈ ਹੋਰ ਕਾਰਵਾਈ ਕਰਨ ਤੋਂ ਪਹਿਲਾਂ ਸਪਸ਼ਟੀਕਰਨ ਦੇਣ ਲਈ ਇੱਕ ਹੋਰ ਮੌਕਾ ਦਿੱਤਾ ਗਿਆ, ਜਦਕਿ ਨਿਊਜ਼ੀਲੈਂਡ ਦੇ ਸ਼ਹਿਰ ਹੈਮਿਲਟਨ ਦੇ ਗੁਰਦੁਆਰਾ ਸਾਹਿਬ ਦੇ ਸਕੱਤਰ ਰਵਿੰਦਰ ਸਿੰਘ ਅਤੇ ਖਜ਼ਾਨਚੀ ਇਕਬਾਲ ਸਿੰਘ ਨੂੰ ਸੰਗਤਾਂ ਦੇ ਗੁਰਦੁਆਰਾ ਸਾਹਿਬ ਵਿੱਚ ਦਾਖਲੇ ’ਤੇ ਰੋਕ ਲਗਾਏ ਜਾਣ ਦੇ ਮਾਮਲੇ ਨੂੰ ਵਿਚਾਰਦਿਆਂ ਤਨਖਾਹੀਆ ਕਰਾਰ ਦਿੱਤਾ ਹੈ। ਮੜ੍ਹੀਆਂ ਮਸਾਣਾਂ ਜਾਂ ਕਬਰਾਂ ਤੇ ਸ੍ਰੀ ਅਖੰਡ ਪਾਠ ਕਰਨ ਵਾਲੇ ਗ੍ਰੰਥੀ ਸਾਹਿਬਾਨ, ਰਾਗੀਆਂ, ਢਾਡੀਆਂ ਤੇ ਕਵੀਸ਼ਰਾਂ ਨੂੰ ਵੀ ਕੁਤਾਹੀ ਕਰਨ ਪ੍ਰਤੀ ਸਖਤ ਹਦਾਇਤ
ਕੀਤੀ ਗਈ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਈ ਇਕਤਰਤਾ ਵਿੱਚ ਗਿਆਨੀ ਗੁਰਬਚਨ ਸਿੰਘ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ, ਗਿਆਨੀ ਮੱਲ੍ਹ ਸਿੰਘ ਤਖਤ ਸ੍ਰੀ ਹਜੂਰ ਸਾਹਿਬ ਦੇ ਮੀਤ ਗ੍ਰੰਥੀ, ਗਿਆਨੀ ਜੋਤਇੰਦਰ ਸਿੰਘ ਅਤੇ ਸ੍ਰ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਹੈ¤ਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣਾ ਅਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਮੁਅਤਲਸ਼ੁਦਾ ਜਥੇਦਾਰ ਗਿਆਨੀ ਇਕਬਾਲ ਸਿੰਘ ਸ਼ਾਮਿਲ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਰਾਜਸਥਾਨ ਦੇ ਇਤਿਹਾਸਕ ਗੁਰਦੁਆਰਾ ਬੁਢਾ ਜੌਹੜ ਦੀ ਪਿਤਾ ਪੁਰਖੀ ਪ੍ਰਬੰਧਕੀ ਕਮੇਟੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਮੇਟੀ ਭੰਗ ਕਰਨ ਦੇ ਹੋਏ ਆਦੇਸ਼ਾਂ ਦੀ ਪਾਲਣਾ ਨਾ ਕਰਨ ਕਰਕੇ ਤਨਖਾਹੀਆ ਕਰਾਰ ਦਿੱਤਾ ਸੀ ਲੇਕਿਨ ਇਸ ਕਮੇਟੀ ਦੇ ਪ੍ਰਬੰਧਕ ਸਹਿਬਾਨ ਫਿਰ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਨਹੀਂ ਪੁਜੇ। ਉਨ੍ਹਾਂ ਦੱਸਿਆ ਕਿ ਪੰਜ ਸਿੰਘ ਸਾਹਿਬਾਨ ਨੇ ਦੀਰਘ ਵਿਚਾਰ ਉਪਰੰਤ ਇਸ ਕਮੇਟੀ ਦੇ ਤਨਖਾਹੀਆ ਕਰਾਰ ਦਿੱਤੇ ਮੈਂਬਰਾਨ ਨੂੰ ਇੱਕ ਹੋਰ ਮੌਕਾ ਸਪਸ਼ਟੀਕਰਨ ਦੇਣ ਲਈ ਦਿੱਤਾ ਹੈ ਜੇਕਰ ਉਹ ਫਿਰ ਵੀ ਨਾ ਆਏ ਤਾਂ ਪੰਥਕ ਰਵਾਇਤਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਨਿਊਜ਼ੀਲੈਂਡ ਦੇ ਸ਼ਹਿਰ ਹੈਮਿਲਟਨ ਦੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੇ ਦਾਖਲੇ ’ਤੇ ਲਗਾਈ ਗਈ ਰੋਕ ਸਬੰਧੀ ਪੁੱਜੀਆਂ ਸ਼ਿਕਾਇਤਾਂ ਦੇ ਸਪਸ਼ਟੀਕਰਨ ਲਈ ਗੁਰਦੁਆਰਾ ਕਮੇਟੀ ਦੇ ਸਕੱਤਰ ਰਵਿੰਦਰ ਸਿੰਘ ਅਤੇ ਖਜ਼ਾਨਚੀ ਇਕਬਾਲ ਸਿੰਘ ਨੂੰ ਸਪਸ਼ਟੀਕਰਨ ਦੇਣ ਲਈ ਬਾਰ ਬਾਰ ਲਿਖਿਆ ਗਿਆ ਲੇਕਿਨ ਉਹ ਨਹੀਂ ਪੁਜੇ ਜਿਸ ਕਾਰਨ ਰਵਿੰਦਰ ਸਿੰਘ ਅਤੇ ਇਕਬਾਲ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਮੜੀਆਂ ਮਸਾਣਾਂ ਜਾਂ ਕਬਰਾਂ ਤੇ ਸ੍ਰੀ ਅਖੰਡ ਪਾਠ ਕਰਨ ਬਾਰੇ ਪੁਜੀਆਂ ਸ਼ਿਕਾਇਤਾਂ ਦੀ ਗੱਲ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਮਹਿਜ ਆਰਥਿਕ ਲਾਭ ਲਈ ਹੀ ਗ੍ਰੰਥੀ ਸਾਹਿਬਾਨ ਅਜਿਹੇ ਸਥਾਨਾਂ ’ਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਸਰੂਪ ਲੈ ਕੇ ਜਾਂਦੇ ਹਨ ਤੇ ਰਾਗੀ ਢਾਡੀ ਕਵੀਸ਼ਰ ਵੀ ਪੁੱਜ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜ ਸਿੰਘ ਸਾਹਿਬਾਨ ਵੱਲੋਂ ਅਜਿਹੇ ਗ੍ਰੰਥੀ ਸਾਹਿਬਾਨ, ਰਾਗੀਆਂ, ਢਾਡੀਆਂ ਤੇ ਕਵੀਸ਼ਰਾਂ ਨੂੰ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਅਜਿਹੀਆਂ ਕਾਰਵਾਈਆਂ ਤੋਂ ਬਾਜ ਆਉਣ ਨਹੀ ਤਾਂ ਸਖਤ ਐਕਸ਼ਨ ਲਿਆ ਜਾਵੇਗਾ ਹੈ।