ਮੂਣਕ/ਸੰਗਰੂਰ, 27 ਸਤੰਬਰ (ਕੁਲਵੰਤ ਸਿੰਘ ਦੇਹਲਾ)- ਜ਼ਿਲ੍ਹਾ ਸੰਗਰੂਰ ਦੇ ਖਨੌਰੀ ਅਤੇ ਮੂਣਕ ਖੇਤਰਾਂ ‘ਚ ਘਗਰ ਤੇ ਭਾਖੜਾ ਨਹਿਰ ਦੇ ਕੰਢੇ ’ਤੇ ਵਸਦੇ ਪਿੰਡਾਂ ਦੇ ਲੋਕਾਂ ਨੂੰ ਪੰਜਾਬ ਸਰਕਾਰ ਦੀ ਤਰਫੋਂ ਹਰੇਕ ਤਰ੍ਹਾਂ ਦੇ ਪੂਰਨ ਸਹਿਯੋਗ ਦਾ ਭਰੋਸਾ ਦਿਵਾਉਂਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਕਿਹਾ ਕਿ ਉਹ ਖੁਦ ਪਾਣੀ ਦੀ ਸਥਿਤੀ ‘ਤੇ ਨਜ਼ਰ ਰਖ ਰਹੇ ਹਨ ਅਤੇ ਹੁਣ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਥੋਰੀ ਨੇ ਅਜ ਐਸ.ਡੀ.ਐਮ ਸੂਬਾ ਸਿੰਘ ਨਾਲ ਮਕੋਰੜ ਸਾਹਿਬ ਵਿਖੇ ਘਗਰ ਦਰਿਆ ਦਾ ਜਾਇਜ਼ਾ ਲੈਂਦਿਆਂ ਕੀਤਾ। ਸ਼੍ਰੀ ਥੋਰੀ ਨੇ ਕਿਹਾ ਕਿ ਖਨੌਰੀ ਵਿਖੇ ਕਾਰਜਸ਼ੀਲ ਫਲਡ ਕੰਟਰੋਲ ਰੂਮ ਵਲੋਂ 24 ਘੰਟੇ ਸਟੇਟ ਫਲਡ ਕੰਟਰੋਲ ਰੂਮ ਨਾਲ ਰਾਬਤਾ ਰਖਿਆ ਜਾ ਰਿਹਾ ਹੈ ਅਤੇ ਦਰਿਆ ਵਿਚਲੇ ਪਾਣੀ ਦਾ ਪਧਰ ਵੀ ਤੇਜ਼ੀ ਨਾਲ ਨੀਵਾਂ ਹੋ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਲ ਲੋੜ ਮੁਤਾਬਕ ਫੰਡ ਮੌਜੂਦ ਹਨ ਅਤੇ ਕਿਸੇ ਵੀ ਸਥਿਤੀ ਨਾਲ ਸੁਚਜੇ ਢੰਗ ਨਾਲ ਨਜਿਠਣ ਲਈ ਸਾਰੇ ਇੰਤਜ਼ਾਮ ਹਨ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ ਮੂਣਕ ਨੂੰ ਕਿਸੇ ਵੀ ਸੰਭਾਵੀ ਸਥਿਤੀ ਨਾਲ ਫੌਰੀ ‘ਤੇ ਨਜਿਠੇ ਜਾਣ ਲਈ 2 ਲਖ ਰੁਪਏ ਦੀ ਰਾਸ਼ੀ ਵੀ ਜਾਰੀ ਕੀਤੀ ਤਾਂ ਜੋ ਲੋੜ ਪੈਣ ‘ਤੇ ਜੇ.ਸੀ.ਬੀ, ਬੋਰੀਆਂ, ਤਾਰਾਂ, ਜਾਲ ਆਦਿ ਦਾ ਪ੍ਰਬੰਧ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਨੇ ਮਕਰੋੜ ਸਾਹਿਬ ਅਤੇ ਨੇੜਲੇ ਪਿੰਡਾਂ ਚਾਂਦੂ, ਹਾਂਡਾ, ਕੜੈਲ, ਫੁਲਦ ਦੇ ਮੌਕੇ ‘ਤੇ ਮੌਜੂਦ ਨਿਵਾਸੀਆਂ ਨਾਲ ਵੀ ਗਲਬਾਤ ਕੀਤੀ ਅਤੇ ਸਰਕਾਰ ਦੀ ਤਰਫੋਂ ਪੂਰਨ ਵਿਸ਼ਵਾਸ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਕਿਸੇ ਵੀ ਸੰਕਟ ਦੀ ਸਥਿਤੀ ਨਾਲ ਨਜਿਠਣ ਲਈ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ ਅਤੇ ਹਾਲ ਦੀ ਘੜੀ ਵਿਚ ਅਜਿਹਾ ਕੋਈ ਵੀ ਸੰਕਟ ਨਹੀਂ ਹੈ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੂਣਕ ਤੋਂ ਮਕੋਰੜ ਸਾਹਿਬ ਤਕ ਦੇ ਲਗਭਗ 15 ਕਿਲੋਮੀਟਰ ਦੇ ਖੇਤਰ ‘ਚ ਅਜ ਵੀ ਐਸ.ਡੀ.ਐਮ ਵਲੋਂ ਜਾਇਜ਼ਾ ਲਿਆ ਗਿਆ ਹੈ ਅਤੇ ਉਹ ਖੁਦ ਵੀ ਘਗਰ ਤੇ ਭਾਖੜਾ ਨਹਿਰ ਦੀ ਰੋਜ਼ਾਨਾ ਦੀ ਸਥਿਤੀ ‘ਤੇ ਨਜ਼ਰ ਰਖ ਰਹੇ ਹਨ ਅਤੇ ਸਰਕਾਰ ਇਸ ਮਾਮਲੇ ‘ਤੇ ਪੂਰੀ ਤਰ੍ਹਾਂ ਗੰਭੀਰ ਹੈ। ਉਨ੍ਹਾਂ ਨੇ ਇਲਾਕਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਕਿਸਮ ਦੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਅਤੇ ਉਹ ਇਸ ਮਾਮਲੇ ‘ਤੇ ਕਿਸੇ ਵੀ ਵੇਲੇ ਪ੍ਰਸ਼ਾਸਨ ਨਾਲ ਰਾਬਤਾ ਕਰ ਸਕਦੇ ਹਨ। ਸ਼੍ਰੀ ਥੋਰੀ ਨੇ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬਧ ਹੈ।