ਵਾਰ-ਵਾਰ ਕੀਤੀਆਂ ਗ਼ਲਤੀਆਂ ਨੂੰ ਮੁਆਫ਼ ਕਰਨਾ ਸਮੇਂ ਦੀ ਫ਼ਿਤਰਤ ਨਹੀਂ!

ਮਿੰਟੂ ਗੁਰੂਸਰੀਆ

ਲੋਕ ਸਭਾ ਚੋਣਾਂ ਦਾ ਸ਼ੰਖਨਾਦ ਹੋ ਗਿਐ। 16ਵੀਂ ਲੋਕ ਸਭਾ ਦੀ ਡੇਟਸ਼ੀਟ ਵੀ ਆ ਗਈ। ਕੁਝ ਲੋਕ ਆਖ ਰਹੇ ਨੇ ਕਿ ਇਹ ਨੇਤਾਵਾਂ ਦਾ ਇਮਤਿਹਾਨ ਹੈ। ਪਰ ਸਾਡੇ ਖਿਆਲ ਨਾਲ ਅਸਲੀ ਇਮਤਿਹਾਨ ਨੇਤਾਵਾਂ ਦੀ ਨਹੀਂ ਵੋਟਰ ਦਾ ਹੈ। ਓਹ ਵੋਟਰ, ਜਿਸ ਨੇ ਆਪਣੀ ਵੋਟ ਨਾਲ ਦੇਸ਼ ਦੀ ਤਸਵੀਰ ਤੇ ਆਪਣੀ ਤਕਦੀਰ ਬਨਾਉਂਣੀ ਹੈ। ਭਾਰਤੀ ਲੋਕਤੰਤਰ ਦੀ ਜੜ੍ਹ ਵੋਟ ਦੇ ਪਤਾਲ ਦੀ ਹਿੱਕ ’ਚ ਲੱਗੀ ਹੋਈ ਹੈ। ਸ਼ਹੀਦਾਂ ਨੇ ਆਪਣੀ ਰੱਤ ਨਾਲ ਸਿੰਜ ਕੇ ਵੋਟ ਦਾ ਹੱਕ ਭਾਰਤੀ ਆਵਾਮ ਨੂੰ ਬਖਸ਼ਿਆ ਹੈ। ਵੋਟ ਦੇਸ਼ ਦੀ ਦਸ਼ਾ ਤੇ ਦਿਸ਼ਾ ਤੈਅ ਕਰਦੀ ਹੈ। ਪਰ ਅਫਸੋਸ ਆਜ਼ਾਦੀ ਦੇ ਸੱਤਵੇ ਦਹਾਕੇ ’ਚ ਆ ਕੇ ਵੀ ਭਾਰਤੀ ਵੋਟਰ ਆਪਣੇ ਇਸ ਹੱਕ ਦੀ ਅਸਲ ਕੀਮਤ ਨਹੀਂ ਪਾ ਸਕਿਆ। ਜੇ ਇੰਂਝ ਨਾ ਹੋਇਆ ਹੁੰਦਾ ਤਾਂ ਅੱਜ ਲੋਕਤੰਤਰ ਦੇ ਮੰਦਰ ’ਚ ਦਾਗੀ ‘ਪੁਜ਼ਾਰੀ’ ਨਾ ਬੈਠੇ ਹੁੰਦੇ। ਸੱਚ ਤਾਂ ਇਹ ਹੈ ਕਿ ਭਾਰਤੀ ਵੋਟਰ ਅੱਜ ਵੀ ਚੋਣਾਂ ਨੂੰ ਮਨ ਪਰਚਾਵਾ, ਨਸ਼ਾ-ਨੋਟ ਹਾਸਲ ਕਰਨ ਦਾ ਸਾਧਨ ਜਾਂ ਸਿਆਸੀ ਨੌਟੰਕੀ ਵੱਜੋਂ ਲੈਂਦਾ ਹੈ। ਦੇਸ਼ ਬਨਾਉਂਣ ਲਈ ਵੋਟ ਦਾ ਇਸਤੇਮਾਲ ਨਿਗੂਣੇ ਜਿਹੇ ਲੋਕ ਕਰਦੇ ਹਨ। ਇਸ ਮਾਨਸਿਕਤਾ ਨੂੰ ਜਨਮ ਦਿੱਤਾ ਵੀ ਦੇਸ਼ ਦੀ ਗੰਧਲੀ ਸਿਆਸਤ ਨੇ ਹੈ, ਜਿਸ ਨੇ ਲੋਕਾਂ ਨੂੰ ਇਕ ਗੁਲਾਮੀ ਦੇ ਜੂਲੇ ਹੇਠੋਂ ਨਿਕਲ ਕੇ ਦੂਜੀ ਥੱਲੇ ਧੌਂਣ ਦੇਂਣ ਦਾ ਅਹਿਸਾਸ ਕਰਵਾਇਆ ਹੈ। ਸ਼ਹੀਦਾਂ ਦੇ ਸੁਪਨਿਆਂ ਦੇ ਭਾਰਤ ਦੀ ਤਾਂ ਨੀਂਹ ਹੀ ਰੱਖੀ ਰਹਿ ਗਈ, ਉਸ ’ਤੇ ਆਦਰਸ਼ ਭਾਰਤ ਤਾਂ ਕਦੇ ਉਸਰਿਆ ਹੀ ਨਹੀਂ। 1947 ਤੋਂ ਬਾਅਦ ਭਾਰਤੀ ਰਾਜਨੀਤੀ ਹਰ ਗੁਜ਼ਰਦੇ ਪਲ ਨਾਲ ਨਿਵਾਣਾਂ ਦੇ ਸਿਖਰਾਂ ਨੂੰ ਤੁਰਦੀ ਗਈ। ਜਿਵੇਂ-ਜਿਵੇਂ ਗੰਧਲੀ ਸਿਆਸਤ ਦੇ ਕਾਰੇ ਆਸਵਾਨ ਅੱਖਾਂ ਨੂੰ ਦਿਖਦੇ ਗਏ ਤਿਵੇ-ਤਿਵੇਂ ਲੋਕਾਂ ਦੀਆਂ ਅੱਖਾਂ ਦੇ ਸੁਪਨੇ ਤਿੜਕਦੇ ਗਏ। ਦੇਸ਼ ਦੀ ਲੁੱਟ ਦਾ ਮੁਕਾਮ ਹਰ ਦਿਨ ਵੱਧਦਾ ਗਿਆ। ਲੁਟੇਰਿਆਂ ਨੇ ਦੇਸ਼ ਲੁੱਟਣ ਦਾ ਸਭ ਤੋਂ ਸੌਖਾ ਤਰੀਕਾ ਲੱਭਿਆ ਸਿਆਸਤ ਰਾਹੀਂ ਤਾਕਤ ਹਾਸਲ ਕਰਕੇ। ‘ਕੁਝ ਲੱਖ ਖਰਚ ਕਰਕੇ ਤਾਕਤ ਹਾਸਲ ਕਰੋ ਤੇ ਫੇਰ ਮਨਚਾਹੀ ਲੁੱਟ ਕਰੋ’ ਇਹ ਸਿਧਾਂਤ ਬਣ ਗਿਆ ਹੈ ਸਿਆਸਤ ਦਾ। ਲੁੱਟ ਦੀ ਗੰਗਾਂ ਵੱਗਦੀ ਦੇਖ ਕੀ ਅਪਰਾਧੀ ਕੀ ਕਾਰਪੋਰੇਟ ਘਰਾਣੇ, ਸਭ ਖੜ੍ਹਾਵਾਂ ਹੱਥਾਂ ’ਚ ਫੜ ਕੇ ਦੌੜ ਪਏ, ਇਸ ਲੁੱਟ ਦੀ ਗੰਗਾਂ ’ਚ ਹੱਥ ਧੋਣ। ਤਾਂ ਹੀ, 21ਵੀਂ ਸਦੀ ਆਉਂਦਿਆਂ-ਆਉਂਦਿਆਂ ਤਾਂ ਇੱਥੇ ਲੋਟੂ ਘੋਟਾਲਿਆਂ ਦਾ ਆਕਾਰ ਖਰਬਾਂ ’ਚ ਚਲਿਆ ਗਿਆ।

ਹੁਣ ਤਾਂ ਇੱਥੋਂ ਦਾ ਗਰੀਬ ਉਮੀਦ ਦੀ ਲੋਈ ਹੀ ਲਾਹ ਕੇ ਬਹਿ ਗਿਆ ਹੈ। ਪਰ ਇਹ ਨੌਤਬ ਆਈ ਕਿਉਂ? ਇਸ ਵਰਤਾਰੇ ਦਾ ਮੂਲ ਕਾਰਨ ਸੀ ਭਰਤੀ ਲੋਕਾਂ ਦਾ ਵੋਟ ਦਾ ਸਹੀ ਇਸਤੇਮਾਲ ਨਾ ਕਰ ਪਾਉਂਣਾ। ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਗੁਲਾਮੀ ਦੇ ਕੌੜੇ ਖਾ-ਖਾ ਕੇ ਪਿੰਡੇ ਥੱਕੇ ਹੋਏ ਸਨ, ਬੋਝੇ ਲੁੱਟੇ ਹੋਏ ਸਨ। ਉਨ੍ਹਾਂ ਕੁਝ ਦੇਰ ਆਰਾਮ ਕਰਨ ਦੀ ਸੋਚ ਸੋਚੀ ਬਜਾਇ ਪੜ੍ਹਨ-ਲਿਖਣ ਦੇ। ਪੜ੍ਹਦੇ ਵੀ ਕਿਵੇਂ? ਹਾਲੇ ਤਾਂ ਭਾਰਤ ਦਾ ਨਿਰਮਾਣ ਹੋਣਾਂ ਸੀ। ਪਰ ਗਿਆਨ ਦੀ ਇਸ ਘਾਟ ਨੇ ਉਸ ਆਰੀ ਦਾ ਮੁੱਢ ਬੰਨ ਦਿੱਤਾ, ਜਿਸ ਨੇ ਅੱਗੇ ਚੱਲ ਕੇ ਦੇਸ਼ ਦੀਆਂ ਜੜ੍ਹਾਂ ਹੀ ਕੁਤਰ ਦਿੱਤੀਆਂ। ਘੱਟ-ਪੜ੍ਹੇ ਲਿਖੇ ਲੋਕਾਂ ਨੇ ਅਜ਼ਾਦੀ ਤੋਂ ਬਾਅਦ ਉਨ੍ਹਾਂ ਲੋਕਾਂ ਹੱਥ ਦੇਸ਼ ਦੀ ਵਾਗਡੋਰ ਸੌਂਪੀ, ਜੋ ਦੇਸ਼ ਦੇ ਸਿਪਾਹੀ ਗਿਣੇ ਜਾਂਦੇ ਸਨ ਤੇ ਜਿੰਨ੍ਹਾਂ ਦੇ ਚਿੱਟੇ ਲੀੜੇ ਉਨ੍ਹਾਂ ਦੀ ਭਲਮਾਣਸੀ ਦਾ ਸਰਟੀਫਿਕੇਟ ਸੀ। ਪਰ ਸੱਤਾ ਦੀ ਤਾਕਤ ‘ਦੇਵ-ਪੁਰਸ਼ਾਂ’ ਨੂੰ ‘ਰਾਕਸ਼ਸ’ ਬਨਾਉਂਣ ਦਾ ਦਮ ਰੱਖਦੀ ਹੈ। ਹੋਇਆ ਵੀ ਇੰਝ ਤਾਕਤ ਪਾ ਕੇ ਸਿਆਸਤਦਾਨ ਦੇਸ਼ ਹਿੱਤਾਂ ਨੂੰ ਚਿੱਥਣ ਲੱਗ ਪਏ। ਅੰਗਰੇਜ਼ਾਂ ਦੀਆਂ ਨੀਤੀਆਂ ਦੇ ਮੁਰੀਦ ਚਤੁਰ ਸਿਆਸਤਦਾਨ ਇਹ ਜਾਣ ਗਏ ਕਿ ਦੇਸ਼ ਦੀ ਜਨਤਾ ਨੂੰ ਅਜ਼ਾਦੀ ਦੇ ਖਿਡੌਣੇ ਦੇ ਆਹਰੇ ਲਾ ਕੇ ਉਸ ਦੇ ਘਰ ਦੇ ਲੱਪਰੇ ਲਾਏ ਜਾ ਸਕਦੇ ਹਨ। ਲੋਕ ਆਜ਼ਾਦੀ ਦੇ ਨਸ਼ੇ ’ਚ ਖੀਵੇ ਸਨ ਤੇ ਓਧਰ ਸਿਆਸਤ ‘ਲੱਡੂ’ ਖਾਣਾ ਸ਼ੁਰੂ ਕਰ ਚੁੱਕੀ ਸੀ। ਘੱਟ ਪੜ੍ਹ-ਲਿਖੀ ਜਨਤਾ ਨੂੰ ਕਦੇ ਜਾਤ ਦੇ ਨਾਂਅ ’ਤੇ ਬੇਵਕੂਫ਼ ਬਣਾ ਦਿੱਤਾ ਗਿਆ ਤੇ ਕਦੇ ਧਰਮ ਦੇ ਨਾਂਅ ’ਤੇ। ਸਿਆਸਤ ਉਸ ਨੂੰ ਆਪਸ ’ਚ ਲੜਾ ਕੇ ਚਲਾਕ ਬਾਂਦਰ ਵਾਂਗ ਉਸ ਦੀ ਜੇਬ ’ਚੋਂ ਤਾਕਤ ਦਾ ਟੁੱਕ ਲੈ ਗਈ।
ਸਿਆਸਤ ਸਮਝ ਗਈ ਕਿ ਵੋਟ ਦੀ ਕੀਮਤ ਸਮਝਣ ’ਚ ਹਾਲੇ ਭਾਰਤੀਆਂ ਨੂੰ ਪੀੜ੍ਹੀਆਂ ਲੱਗਣਗੀਆਂ। ਇਸ ਲਈ ਆਰਾਮ ਨਾਲ ਦੇਸ਼ ਨੂੰ ਨੋਚੀ ਚੱਲੋ। ਬਸ ਕਰਨਾ ਕੀ ਐ? ਵੋਟਾਂ ਤੋਂ ਪਹਿਲਾਂ ਮੰਗਤੇ ਬਣਨਾ ਹੈ, ਵਿਕਾਸ ਦੇ ਨਾਂਅ ’ਤੇ ਭਰਮਜ਼ਾਲ ਵਿਛਾਉਂਣਾਂ ਹੈ, ਫਿਰਕੂ ਦੰਗੇ ਕਰਵਾਉਂਣੇ ਹਨ, ਨਸ਼ੇ ਅਤੇ ਨੋਟਾਂ ਦੀ ਗਿੱਦੜਸਿੰਙੀ ਸੁੰਘਾਉਂਣੀ ਹੈ। ਤਾਕਤ ਆਪ ਚੱਲ ਕੇ ਸਿਆਸਤ ਨੂੰ ਸਿੱਜਦਾ ਕਰੇਗੀ। ਸਿਆਸਤ ਮਾਇਆਜ਼ਾਲ ਵਿਛਾਉਂਦੀ ਗਈ ਤੇ ਜਨਤਾ ਜਨਰਾਧਨ ਮੱਕੜੀ ਵਾਂਗ ਉਸ ’ਚ ਉਲਝਦੀ ਗਈ। ਇਸ ਜਾਲ ਦਾ ਤੋੜ ਸੀ ਵੋਟ। ਯਾਨੀ, ਜਿਸ ਨਾਲ ਮਰਜ਼ ਹੋਈ ਉਹੀ ਦਵਾ ਸੀ। ਪਰ ਹਰ ਵਾਰ ਵੋਟਰ ਗਲਤੀ ਕਰਦਾ ਗਿਆ। ਗਲਤ ਥਾਂ ਵੋਟ ਦੇਂਣ ਨੇ ਜਨਤਾ ਨੂੰ ਉਸ ਮੋੜ ’ਤੇ ਲਿਆ ਖੜ੍ਹਾ ਕੀਤਾ, ਜਿੱਥੇ ਹੁਣ ਉਸ ਨੂੰ ਸੁਧਾਰ ਦੀ ਉੱਕਾ ਈ ਉਮੀਦ ਨਹੀਂ ਬਚੀ। ਬਸ, ਕਿਸੇ ਚਮਤਕਾਰ ਦੀ ਧਰਵਾਸ ਹੈ। ਇਹ ਚਮਤਕਾਰ ਕਿਸੇ ਅੰਬਰ ਤੋਂ ਉਤਰ ਕੇ ਕਿਸੇ ਦੇਵਤੇ ਨੇ ਨਹੀਂ ਕਰਨਾ। ਇਸ ਨੂੰ ਅੰਜ਼ਾਮ ਦੇਣਾ ਹੈ, ਜਨਤਾ ਨੇ ਆਪ। ਤੇ ਇਸ ਦੀ ਅਧਾਰਸ਼ੀਲਾ ਰੱਖਣ ਦਾ ਵੇਲਾ ਵੀ ਆ ਗਿਆ ਹੈ। ਜੇ ਇਸ ਵਾਰ ਵੀ ਵੋਟਰ ਥਿੜਕ ਗਿਆ ਤਾਂ ਫੇਰ ‘ਸਵਾਰੀ ਆਪਣੇ ਸਮਾਨ ਦੀ ਜੁੰਮੇਵਾਰ’ ਵਾਲੀ ਉਸ ਨਾਲ ਹੋਵੇਗੀ। ਪਹਿਲਾਂ ਹੀ ਉਹ ਗਲਤ ਥਾਂ ’ਤੇ ਠੱਪੇ ਲਾ ਕੇ ਉਨ੍ਹਾਂ ਲੋਕਾਂ ਨੂੰ ਸੰਸਦ ’ਚ ਭੇਜ ਚੁੱਕਾ ਹੈ, ਜਿੰਨ੍ਹਾਂ ਦੇ ਚੋਲ੍ਹਿਆਂ ਦੇ ਦਾਗਾਂ ਦੀਆਂ ਅਨੇਕਾਂ ਟਾਕੀਆਂ ਹਨ।
ਹੁਣ ਮੌਕਾ ਹੈ ਕਿ ਸੰਸਦ ’ਚ ਈਮਾਨਦਾਰ ਲੋਕ ਭੇਜੇ ਜਾਣ। ਇਹ ਨਹੀਂ ਹੈ ਕਿ ਸਿਆਸਤ ’ਚ ਬੇਦਾਗ ਤੇ ਈਮਾਨਦਾਰਾਂ ਦਾ ਕਾਲ ਪੈ ਗਿਆ ਹੈ। ਬਸ, ਲੋੜ ਹੈ ਉਨ੍ਹਾਂ ਨੂੰ ਪਛਾਨਣ ਦੀ ਪਰ ਹਾਲੇ ਤੱਕ ਸਾਡਾ ਹਾਲ ਇਹ ਰਿਹਾ ਹੈ ਕਿ ਅਸੀਂ ਜਾਂ ਤਾਂ ਵੋਟ ਉਸ ਪਾਰਟੀ ਨੂੰ ਦੇ ਦਿੰਦੇ ਹਾਂ, ਜਿਸ ਨੂੰ ਸਾਡੇ ਪੁਰਖ ਦਿੰਦੇ ਆਏ ਹਨ ਤੇ ਜਾਂ ਅਸੀ ਵੋਟ ਆਪਣੇ ਲਾਲਚਾਂ ਦੀ ਭੇਂਟ ਚਾੜ੍ਹ ਦਿੰਦੇ ਹਾਂ। ਇਹ ਰਵਾਇਤ ਬਣ ਚੁੱਕੀ ਹੈ। ਜਾਂ ਤਾਂ ਵੋਟ ਪੁਸ਼ਤੈਨੀ ਪਾਰਟੀ ਨੂੰ ਚਲੀ ਜਾਂਦੀ ਹੈ ਜਾਂ ਨਸ਼ੇ-ਨੋਟ ਨੂੰ। ਪਿੰਡਾਂ ਵਿਚ ਹੀ ਨਹੀਂ ਸ਼ਹਿਰਾਂ ਅੰਦਰ ਵੀ ਇਹ ਚਲਣ ਹੈ ਕਿ ਜਦੋਂ ਕਿਸੇ ਨੌਜਵਾਨ ਮੁੰਡੇ-ਕੁੜੀ ਦੀ ਵੋਟ ਬਣਦੀ ਹੈ ਤਾਂ ਉਸ ਦੇ ਘਰ ਵਾਲੇ ਤੈਅ ਕਰਦੇ ਹਨ ਕਿ ਉਹ ਵੋਟ ਕਿੱਥੇ ਪਾਉਂਣਗੇ। ਹਾਲਾਂਕਿ 18 ਸਾਲ ਸੀ ਉਮਰ ’ਚ ਅੱਜ-ਕੱਲ੍ਹ ਦੇ ਮੁੰਡੇ ਪੂਰੀ ਤਰ੍ਹਾਂ ਚੇਤੰਨ ਹੁੰਦੇ ਹਨ ਪਰ ਫੇਰ ਵੀ ਉਨ੍ਹਾਂ ’ਤੇ ਇਹ ਫੁਰਮਾਣ ਥੋਪਿਆ ਜਾਂਦਾ ਹੈ ਕਿ ਉਹ ਵੋਟ ਕਿਸ ਨੂੰ ਪਾਉਂਣਗੇ। ਜੇਕਰ ਕੋਈ ਨੋਜਵਾਨ ਇਹ ਘਸੀ-ਪਿਟੀ ਪ੍ਰਥਾ ਦਾ ਵਿਰੋਧ ਕਰਦਾ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਕਿ ਉਸ ਨੂੰ ਹਾਲੇ ਚੰਗੇ-ਬੁਰੇ ਦਾ ਪਤਾ ਨਹੀਂ।
ਜੇਕਰ ਮੁੰਡਾ ਅਠਾਰ੍ਹਾਂ ਸਾਲ ’ਚ ਆਪਣੇ ਲਈ ਕੁੜੀ ਦੀ ਚੋਂਣ ਕਰ ਸਕਦਾ ਹੈ ਤਾਂ ਕੀ ਉਹ ਚੋਣਾਂ ’ਚ ਆਪਣੇ ਉਮੀਦਵਾਰ ਨੂੰ ਚੁਣ ਨਹੀਂ ਸਕਦਾ? ਪਿੰਡਾਂ ’ਚ ਤਾਂ ਹਾਲ ਇਹ ਹੈ ਕਿ ਵੋਟਰਾਂ ਨੂੰ ਇੱਕਾ-ਦੁੱਕਾ ਪਾਰਟੀਆਂ ਤੋਂ ਇਲਾਵਾ ਕਿਸੇ ਹੋਰ ਪਾਰਟੀ ਦਾ ਪਤਾ ਹੀ ਨਹੀਂ ਹੁੰਦਾ ਕਿ ਹੋਰ ਪਾਰਟੀਆਂ ਵੀ ਚੋਣ ਮੈਦਾਨ ’ਚ ਹਨ। ਰਵਾਇਤੀ ਪਾਰਟੀਆਂ ਦਾ ਹੀ ਪਤਾ ਹੁੰਦਾ ਹੈ। ਇਨ੍ਹਾਂ ਦੇ ਉਮੀਦਵਾਰ ਚੋਰ ਹੋਂਣ ਭਾਵੇਂ ਠੱਗ ਠੱਪਾ ਲਾ ਦੇਂਣਾ ਹੈ। ਭਾਵੇਂ ਜਗ ਜ਼ਾਹਰ ਹੋਵੇ ਕਿ ਫਲਾਣੀ ਪਾਰਟੀ ਦਾ ਫਲਾਣਾਂ ਉਮਦੀਵਾਰ ਚੋਰ ਹੈ ਪਰ ਮੋਹਰ ਉਸ ’ਤੇ ਹੀ ਲਾਈ ਜਾਦੀ ਹੈ, ਕਿਉਂਕਿ ਇਸ ਪਾਰਟੀ ਨੂੰ ਪਿਓ-ਦਾਦੇ ਵੋਟ ਦੇਂਦੇ ਆਏ ਹਨ। ਕਈ ਵੋਟਰਾਂ ਨੂੰ ਤਾਂ ਵੋਟ ਪਾਉਂਣ ਤੋਂ ਕੁਝ ਮਿੰਟ ਪਹਿਲਾਂ ਪਤਾ ਲੱਗਦਾ ਹੈ ਕਿ ਉਨ੍ਹਾਂ ਵੋਟ ਕਿੱਥੇ ਪਾਉਂਣੀ ਹੈ। ਉਹ ਵੀ ਉਸ ਨੂੰ ਪਾਰਟੀ ਦੇ ਲੀਡਰ ਹੀ ਬੈਲਟ ਪੇਪਰ ਦਾ ਪ੍ਰੋਫਾਰਮਾਂ ਦੇ ਕੇ ਸਮਝਾਉਂਦੇ ਹਨ ਕਿ ਇਹ ਹੈ ਆਪਣਾ ‘ਭਲਵਾਨ’, ਇਹ ਹੈ ਇਹਦਾ ਚੋਣ ਨਿਸ਼ਾਨ, ਠੋਕ ਦੇਈਂ ਠੱਪਾ। ਰਹਿੰਦੀ ਕਸਰ ਕੱਢੀ ਹੈ, ਗਰੀਬੀ ਨੇ। ਗਰੀਬ ਵੋਟਰ ਲਈ ਵੋਟ ਕੁਝ ਦਿਨ ਦਾਰੂ ਪੀਂਣ, ਨਸ਼ੇ ਖਾਣ ਅਤੇ ਚੁੱਲ੍ਹਾ ਜਲਾਉਂਣ ਦਾ ਸਮਾਨ ਹੈ। ਜਿਸ ਨੇ ਜ਼ਿਆਦਾ ਨਸ਼ਾ ਦਿੱਤਾ ਵੋਟ ਉਸ ਦੀ, ਜਿਸ ਨੇ ਜ਼ਿਆਦਾ ਨੋਟ ਦਿੱਤੇ ਜ਼ਮੀਰ ਉਸ ਦੀ। ਇਸੇ ਲਈ ਹੁਣ ਲੀਡਰ ਵਿਕਾਸ ਕਾਰਜ਼ ਨਹੀਂ ਕਰਦੇ, ਬਲਕਿ ਵਿਕਾਸ ਕਾਰਜ਼ਾਂ ’ਚੋਂ ਲੁੱਟ ਕਰਕੇ ਜਮ੍ਹਾਂ ਕੀਤੇ ਪੈਸੇ ਦੀ ਚੋਣਾਂ ’ਚ ਵੋਟਰਾਂ ’ਤੇ ‘ਸੁੱਟ’ ਕਰਦੇ ਹਨ। ਗਰੀਬ ਦੀ ਵੋਟ ਹਾਸਲ ਕਰਨੀ ਲੀਡਰਾਂ ਲਈ ਬਹੁਤ ਸੌਖਾਲਾ ਕੰਮ ਹੋ ਗਿਆ ਹੈ, ‘ਸ਼ਰਾਬ-ਮਾਇਆ ਵਰਤਾਓ, ਲਾਲ ਬੱਤੀ ਦੇ ਮਾਲਕ ਬਣ ਜਾਓ’। ਬਦਕਿਸਮਤੀ ਨਾਲ ਗਰੀਬ ਵੋਟ ਭਾਰਤ ’ਚ ਸਭ ਤੋਂ ਜ਼ਿਆਦਾ ਹੈ।
ਗਰੀਬ ਦੀ ਵੋਟ ਸਿਆਸਤਦਾਨਾਂ ਦੀ ਤਾਕਤ ਬਣ ਗਈ ਹੈ। ਗਰੀਬ ਨੂੰ ਲੋੜਾਂ ਵੀ ਨੇ ਤੇ ਚੇਤੰਨਤਾ ਦੀਆਂ ਥੋੜਾਂ ਵੀ। ਲਿਹਾਜ਼ਾ, ਉਸ ਕੋਲ ਇਹ ਸੋਚਣ ਦਾ ਕਦੇ ਸਬੱਬ ਹੀ ਨਹੀਂ ਬਣਦਾ ਕਿ ਅੱਜ ਵੇਚੀ ਵੋਟ ਉਹਦੀਆਂ ਆਉਂਣ ਵਾਲੀਆਂ ਨਸਲਾਂ ਦੇ ਪੈਰਾਂ ਲਈ ਸੂਲ ਹੈ, ਕਿਉਂਕਿ ਵੋਟਾਂ ਦੇ ਖਰੀਦਾਦਾਰ ਅੱਗੇ ਚੱਲ ਕੇ ਦੇਸ਼ ਵੇਚਦੇ ਹਨ। ਜਿੰਨ੍ਹਾਂ ਚਿਰ ਗਰੀਬ ਵੋਟਰ ਇਸ ਮੱਕੜਜ਼ਾਲ ’ਚੋਂ ਨਹੀਂ ਨਿਕਲਦਾ ਓਨਾਂ ਚਿਰ ਕਿਸੇ ਬਦਲਾਅ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਲੋਕਾਂ ਦੀ ਵੀ ਬਹੁਤਾਤ ਹੈ, ਜੋ ਵੋਟ ਪਾਉਂਦੇ ਹੀ ਨਹੀਂ। ਦੇਸ਼ ਵਿਚ ਵੋਟਿੰਗ ਦਰ ਬਹੁਤ ਘੱਟ ਹੈ। ਇਹ ਵੀ ਇਕ ਤਰ੍ਹਾਂ ਨਾਲ ਧ੍ਰੋਹ ਹੈ, ਕਿਉਂਕਿ ਇਕ-ਇਕ ਵੋਟ ਨੇ ਦੇਸ਼ ਨੂੰ ਰਾਹ ਦਿਖਾਉਂਣਾ ਹੁੰਦਾ ਹੈ। ਪਰ ਬਹੁਤੇ ਲੋਕ ਇਹ ਸੋਚ ਰੱਖਦੇ ਹਨ ਕਿ ਛੱਡੋ ਅਸੀਂ ਵੋਟਾਂ ਤੋਂ ਕੀ ਲੈਣਾਂ? ਇਹ ਸੋਚ ਰੱਖਣ ਵਾਲੇ ਪੜ੍ਹੇ-ਲਿਖੇ ਲੋਕ ਵੀ ਹਨ। ਕੋਈ ਵੋਟ ਵਾਲੇ ਦਿਨ ਨੂੰ ਛੁੱਟੀ ਮੰਨਦਾ ਹੈ ਤੇ ਕੋਈ ਇਸ ਨੂੰ ਸਮੇਂ ਦੀ ਬਰਬਾਦੀ ਦੱਸਦੈ। ਇਹ ਸੋਚ ਦੇਸ਼ ਨੂੰ ਪਿੱਛੇ ਧੱਕ ਰਹੀ ਹੈ। ਲੋਕਤੰਤਰ ਦੀ ਮਜ਼ਬੂਤੀ ਲਈ ਵੋਟਿੰਗ ਦਰ ਨੂੰ ਸ਼ਿਖਰ ’ਤੇ ਲਿਜਾਣਾ ਹੋਵੇਗਾ। ਇਕ ਹੋਰ ਸੱਚ ਲੋਕਤੰਤਰ ਦੇ ਮੂੰਹ ’ਤੇ ਧੱਬਾ ਹੈ ਕਿ ਜਿੱਥੇ ਪੈਸੇ ਜਾਂ ਚਾਲਾਂ ਨਾਲ ਵੋਟ ਨਹੀਂ ਮਿਲਦੀ, ਉੱਥੇ ਇਹ ਲੱਠ ਨਾਲ ਖੋਹੀ ਜ਼ਾਦੀ ਹੈ। ਉਨ੍ਹਾਂ ਲੋਕਾਂ ਦੀ ਕਮੀਂ ਨਹੀਂ ਜਿੰਨ੍ਹਾਂ ਦੇ ਨਾਂਅ ਨਾਲ ਖ਼ਬਰਾਂ ’ਚ ਵੀ ‘ਬਾਹੂਬਲੀ’ ਲਾਇਆ ਜਾਂਦਾ ਹੈ। ਇਹ ਬਾਹੂਬਲੀ ਲੱਠ ਦੇ ਸਿਰ ’ਤੇ ਕੁਰਸੀ ਤੱਕ ਪਹੁੰਚਦੇ ਹਨ।
ਗਰੀਬ ਪਰਵਾਰਾਂ ਨੂੰ ਬੰਦੂਕ ਦੀ ਨੋਕ ਤਾਂ ਮਜ਼ਬੂਰ ਕਰਦੀ ਹੈ ਜਾਗਰੂਕ ਧਿਰਾਂ ਨੂੰ ਵੀ ਜ਼ਮੀਰ ਮਾਰ ਕੇ ਬਾਹੂਬਲੀਆਂ ਦਾ ਦਮ ਭਰਨਾ ਪੈਂਦਾ। ਬਾਹੂਬਲੀ ਕੌਂਣ ਹੁੰਦੈ? ਜੋ ਹਰ ਕੰਮ ਧੱਕੇ ਨਾਲ ਕਰਵਾ ਲੈਂਦਾ ਹੈ। ਯਾਨੀ? ਅਪਰਾਧੀ ਦਾ ‘ਇੱਜ਼ਤਦਾਰ’ ਨਾਂਅ ਹੈ ਬਾਹੂਬਲੀ। ਹੱਦ ਹੋ ਗਈ ! ਆਪਰਾਧੀਆਂ ਨੂੰ ਇੱਜ਼ਤ, ਅਪਰਾਧੀਆਂ ਨੂੰ ਵੀ ਗੰਨਮੈਨ, ਅਪਰਾਧੀਆਂ ਨੂੰ ਲਾਲ ਬੱਤੀਆਂ। ਇਹ ਸਭ ਸਰਮਾਏਦਾਰੀ ਦਾ ਕਮਾਲ ਹੈ, ਜਾਗੀਰੂ ਤਾਕਤਾਂ ਦੇ ਸੁਮੇਲ ਦਾ ਜਾਦੂ ਹੈ। ਅਪਰਾਧੀਆਂ ਨੇ ਸਿਆਸਤ ਨੂੰ ਪੇਸ਼ਾ ਬਣਾ ਲਿਆ। ਆਪਣੇ ਕਾਲੇ ਧਨ ਨੂੰ ਸਫ਼ੈਦ ਕਰਨ ਦਾ ਕਾਰਖ਼ਾਨਾਂ ਬਣਾ  ਲਿਆ ਅਪਰਾਧੀਆਂ ਨੇ, ਜਿੰਨ੍ਹਾਂ ਨੂੰ ਪਿਆਰ ਨਾਲ ਲੋਕ ‘ਬਾਹੂਬਲੀ’ ਆਖਦੇ ਹਨ। ਕਮਾਲ ਦੀ ਗੱਲ ਤਾਂ ਇਹ ਹੈ ਕਿ ਅੱਜਕੱਲ੍ਹ ਕਈ ਬਾਹੂਬਲੀ ਜੇਲ੍ਹ ’ਚੋਂ ਸੰਸਦ ਦੀ ਕਾਰਵਾਈ ’ਚ ਭਾਗ ਲੈਂਣ ਜਾਂਦੇ ਹਨ। ਇਹੋ ਜਿਹੇ ਲੋਕ ਸੰਸਦ ’ਚ ਕੀ ਗੁਲ ਖਿਲਾਉਂਦੇ ਹਨ, ਇਹ ਸਭ ਨੂੰ ਪਤੈ। ਇਹ ਅਪਰਾਧੀ ਵੀ ਉਸ ਮਾਨਸਿਕਤਾ ਦੀ ਦੇਂਣ ਹਨ, ਜਿਸ ਨੂੰ ਅੱਜ ਤੱਕ ਵੋਟ ਦੀ ਕੀਮਤ ਦਾ ਅੰਦਾਜ਼ਾ ਨਹੀਂ ਹੋਇਆ।
ਜਦ ਤੱਕ ਲਾਲਚ ਨੂੰ, ਭੈਅ ਨੂੰ, ਅਗਿਆਨਤਾ ਨੂੰ ਵੋਟ ਪੈਂਦੀ ਰਹੇਗੀ ਤਦ ਤੱਕ ਕਿਸੇ ਬਦਲਾਅ ਦੀ ਉਮੀਦ ਕਰਨੀ ਬੇਵਕੂਫੀ ਹੋਵੇਗੀ। ਪਰ ਅਫ਼ਸੋਸ ਕਾਨੂੰਨ ਅਤੇ ਤੰਤਰ ਵੀ ਇਸ ਮਾਮਲੇ ’ਚ ਹਾਲੇ ਤੱਕ ਨਾਕਾਰਾ ਹੀ ਸਾਬਤ ਹੋਏ ਹਨ। ਤੁਸੀਂ  ਆਪ ਹੀ ਦੇਖੋ ਕੀ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਕੀਤੇ ਖਰਚੇ ਨਾਲ ਹੀ ਉਮੀਦਵਾਰ ਚੋਣ ਲੜਦੇ ਹਨ? ਕੀ ਵੋਟਾਂ ਦੀ ਖ਼ਰੀਦੋ-ਫਰੋਖ਼ਤ ਰੋਕਣ ਵਾਲੇ ਨਹੀਂ ਵਿਕਦੇ? ਕੀ ਕਦੇ ਚੋਣਾਂ ਲਈ ਦੇਸ਼ ਵਿਚ ਆਦਰਸ਼ ਮਾਹੌਲ ਬਣਿਆ ਹੈ? ਕੀ ਕਦੇ ਚੋਣ ਕਮਿਸ਼ਨ ਨੇ ਵੋਟਰ ਨੂੰ ਜਾਗਰੂਕ ਕਰਨ ਲਈ ਜੰਗੀ ਪੱਧਰ ਦਾ ਕਾਰਜ਼ ਵਿੱਢਿਆ ਹੈ? ਯਕੀਨਨ ਇਨ੍ਹਾਂ ਸਵਾਲਾਂ ਦੇ ਜਵਾਬ ਹੈ ਨਾਂਹ। ਹਾਂ ਵਿਚ ਹੁੰਦਾ ਵੀ ਕਿਵੇਂ ਕਿਉਂਕਿ ਜਿੰਨ੍ਹਾਂ ਲੋਕਾਂ ਨੂੰ ਵੋਟਰ ਅੱਜ ਤੱਕ ਚੁਣਦਾ ਆਇਆ ਹੈ ਉਨ੍ਹਾਂ ਆਪਣੇ ਫਾਇਦੇ ਲਈ ਕਾਨੂੰਨ ਬਣਾਏ ਹਨ, ਸੰਵਿਧਾਨ ’ਚ ਮਨ ਮਾਫਕ ਸੋਧਾਂ ਕੀਤੀਆਂ, ਮਰਜ਼ੀ ਨਾਲ ਕਾਨੂੰਨ ਨੂੰ ਤੋੜਿਆ-ਮਰੋੜਿਆ ਹੈ। ਆਜ਼ਾਦੀ ਤੋਂ ਬਾਅਦ ਵੋਟਰ ਲਗਾਤਾਰ ਗਲਤੀਆਂ ਕਰਦਾ ਗਿਆ ਤੇ ਚਤੁਰ ਸਿਆਸਤ ਇਸ ਦਾ ਭਰਪੂਰ ਫਾਇਦਾ ਉਠਾਉਂਦੀ ਗਈ। ਸਿਆਸਤ ਪਾਰਟੀ ਦੇ ਨਾਂਅ ’ਤੇ, ਧਰਮ ਦੇ ਨਾਂਅ ’ਤੇ, ਫਿਰਕੇ ਦੇ ਨਾਂਅ ’ਤੇ ਰਾਖਵੇਂਕਰਨ ਦੇ ਨਾਂਅ ’ਤੇ ਵੋਟਰ ਕੋਲੋਂ ਤਾਕਤ ਬਟੋਰਦੀ ਰਹੀ ਹੈ। ਇਸ ਸਿਆਸਤ ਨੇ ਆਪਣੇ ਫਾਇਦੇ ਲਈ ਵੋਟਰ ਨੂੰ ਸਮੂਹ ’ਚ ਸੋਚਣ ਦੇ ਕਾਬਿਲ ਹੀ ਨਹੀਂ ਛੱਡਿਆ। ਅੱਜ ਇਕ ਭਰਾ ਚੋਰ ਨੂੰ ਵੋਟ ਦਿੰਦਾ ਹੈ ਤੇ ਦੂਸਰਾ ਉਸ ਤੋਂ ਵੀ ਵੱਡੇ ਚੋਰ ਨੂੰ। ਇਹੀ ਕਾਰਨ ਹੈ ਕਿ ਅੱਜ ਸਿਆਸਤ ਦਾ ਸਾਗਰ ਗੰਧਲਾ ਹੈ, ਕਿਉਂਕਿ ਜਨਤਾ ਇਕ ਤੋਂ ਬਾਅਦ ਇਕ ਗੰਦੀ ਮੱਛੀ ਨੂੰ ਦਾਣਾ ਪਾ ਕੇ ਤਾਕਤਵਰ ਬਣਾਉਂਦੀ ਗਈ। ਅੱਜ ਆਲਮ ਹੈ ਕਿ ਜਨਤਾ ਨੂੰ ਸਿਆਸਤ ਤੋਂ ਨਫ਼ਰਤ ਹੋ ਗਈ ਹੈ। ਲੋਕ ਸਿਆਸਤ ਤੋਂ ਚਿੜ੍ਹ ਕਰਨ ਲੱਗ ਪਏ ਹਨ। ਪਰ ਇਹ ਮਸਲੇ ਦਾ ਹੱਲ ਨਹੀਂ ਹੈ। ਹਾਲਾਤਾਂ ਅੱਗੇ ਸਮਰਪਣ ਹੈ। ਜੇ ਦੇਸ਼ ਬਚਾਉਂਣਾ ਹੈ ਤਾਂ ਸਿਆਸਤ ਦੀ ਸਫਾਈ ਕਰਨੀ ਹੋਵੇਗੀ। ਚਿੱਕੜ ਸਾਫ ਕਰਨ ਲਈ ਚਿੱਕੜ ’ਚ ਉਤਰਣਾ ਪੈਂਣਾ ਹੈ।
ਸਿਆਸਤ ’ਚ ਨਾ ਸਿਰਫ ਰੂਚੀ ਦਿਖਾਉਂਣੀ ਪਵੇਗੀ ਬਲਕਿ ਨੌਜਵਾਨ ਸਿਆਸਤਦਾਨ ਪੈਦਾ ਵੀ ਕਰਨੇ ਪੈਂਣਗੇ। ਤੇ ਸਭ ਤੋਂ ਜ਼ਰੂਰੀ ਹੋਵੇਗਾ, ਵੋਟ ਦੇ ਹੱਕ ਦੀ ਜਾਗਰੂਕ ਵਰਤੋਂ। ਹਰ ਚੋਣ, ਚਾਹੇ ਉਹ ਲੋਕ ਸਭਾ ਦੀ ਹੋਵੇ ਚਾਹੇ ਕਿਸੇ ਕਲੋਨੀ ਦੀ, ਹਰ ਥਾਂ ਕੋਈ ਨਾ ਕੋਈ ਈਮਾਨਦਾਰ ਉਮੀਦਵਾਰ ਜ਼ਰੂਰ ਹੁੰਦਾ ਹੈ। ਵੋਟਰ ਨੂੰ ਸਹੀ ਪਛਾਣ ਕਰਨ ਦੀ ਲੋੜ ਹੁੰਦੀ ਹੈ। ਪਰ ਬਦਕਿਸਮਤੀ ਨਾਲ 68 ਸਾਲਾਂ ’ਚ ਉਸ ਨੂੰ ਇਹ ਜਾਚ ਨਹੀਂ ਆਈ। ਉਹ ਜਾਂ ਤਾਂ ਲਾਲਚਵੱਸ ਹੋ ਜਾਂਦੈ ਜਾਂ ਭੈਅਭੀਤ ਤੇ ਜਾਂ ਉਹ ਆਪਣੇ ਹੱਕ ਨੂੰ ਵਰਤਦਾ ਹੀ ਨਹੀਂ। ਏਧਾਂ ਕਦੇ ਤਬਦੀਲੀ ਨਹੀਂ ਹੋਣੀਂ, ਕਦੇ ਇਨਕਲਾਬ ਨਹੀਂ ਆਉਂਣੇ। ਇਨ੍ਹਾਂ ਦਾ ਮੁੱਢ ਬੰਨਣਾਂ ਪੈਂਣਾ ਹੈ। ਇਹ ਮੁੱਢ ਬੰਨੇਗੀ ਸਹੀ ਥਾਂ ਪਾਈ ਵੋਟ। ਨਹੀਂ ਤਾਂ ਜਨਤਾ ਦੇ ਬੋਝੇ ’ਚ ਨਿਕਲ ਕੇ ਸਰਮਾਏਦਾਰਾਂ ਦੀਆਂ ਤਿਜ਼ੌਰੀਆਂ ਦੀ ਸ਼ਾਨ ਵਧਾਉਂਦਾ ਰਹੇਗਾ। ਦੇਸ਼ ਬਚਾਉਂਣ ਲਈ ਵੋਟ ਜਾਗਦੀ ਜ਼ਮੀਰ ਨਾਲ ਕਰਨ ਦੀ ਲੋੜ ਹੈ। ਵੋਟਰ ਵੀਰੋ! ਇਹ ਭੁੱਲ ਜਾਓ, ਤੁਹਾਡਾ ਦਾਦਾ ਕਿਸ ਪਾਰਟੀ ਦਾ ਝੰਡਾ ਚੁੱਕੀ ਫਿਰਦਾ ਸੀ। ਤੁਸੀਂ ਇਹ ਦੇਖੋ ਤੁਹਾਡੇ ਦੇਸ਼ ਦਾ ਝੰਡਾ ਕੌਂਣ ਬੁ¦ਦ ਕਰ ਸਕਦਾ ਹੈ। ਲਾਲਚਾਂ ਨੂੰ ਠੋਕਰ ਮਾਰ ਦਿਉ, ਅੱਜ ਇਕ ਬੋਤਲ ਲਈ ਵੇਚੀ ਵੋਟ ਚੋਰਾਂ ਨੂੰ ਦੇਸ਼ ਲੁੱਟਣ ਦਾ ਲਾਈਸੈਂਸ ਦੇ ਦਵੇਗੀ। ਅੱਜ ਭੈਅ ਥੱਲੇ ਆ ਕੇ ਦਿੱਤੀ ਵੋਟ ਆਉਂਣ ਵਾਲੀਆਂ ਨਸਲਾਂ ਦੀ ਧੌਂਣ ਸਰਮਾਏਦਾਰੀ ਦੀ ਗੁਲਾਮੀ ਦੇ ਗੋਢੇ ਥੱਲੇ ਦੇ ਦਵੇਗੀ। ਪਹਿਲਾਂ ਭਰਾ-ਭਰਾ ਇਕੱਠੇ ਹੋ ਕੇ ਸੋਚੋ ਕੌਂਣ ਹੈ ਤੁਹਾਡੀ ਵੋਟ ਦਾ ਹੱਕਦਾਰ, ਫੇਰ ਗਲੀ ਵਾਸੀ ਇਕੱਠੇ ਹੋ ਕੇ ਸੋਚੋ ਕੌਂਣ ਹੈ ਤੁਹਾਡੇ ਹੱਕਾਂ ਦਾ ਰਾਖਾ, ਫੇਰ ਪਿੰਡ/…ਸ਼ਹਿਰ ਵਾਸੀ ਸਮੂਹ ’ਚ ਬੈਠ ਕੇ ਵਿਚਾਰੋ ਕੌਂਣ ਕਰ ਸਕਦਾ ਹੈ ਤੁਹਾਡੇ ਨਗਰ ਦਾ ਵਿਕਾਸ, ਫੇਰ ਹਲਕੇ ਦੇ ਰੂਪ ’ਚ ਇਕਮੱਤ ਬਣਾਓ ਕਿ ਕੌਂਣ ਲਿਜਾ ਸਕਦਾ ਹੈ ਦੇਸ਼ ਨੂੰ ਬੁ¦ਦੀਆਂ ’ਤੇ।
ਅਪਾਹਜ਼ ਹੋ ਚੁੱਕੇ ਕਾਨੂੰਨ ਨੂੰ ਵੀ ਫਨ ਚੁੱਕਣ ਦੀ ਲੋੜ ਹੈ ਕਿ ਉਹ ਚੋਣਾਂ ਲਈ ਐਸਾ ਆਦਰਸ਼ ਮਾਹੌਲ ਸਿਰਜ਼ ਕੇ ਦੇਵੇ, ਜਿੱਥੇ ਨਾ ਕੋਈ ਵੋਟਰ ਨੂੰ ਖਰੀਦ ਸਕੇ ਤੇ ਨਾ ਧਮਕਾ ਸਕੇ। ਅੰਤ ’ਚ ਕਲਮ ਇਹੀ ਕਹੇਗੀ ਕਿ ਇਹ ਚੋਣਾਂ ਨਹੀਂ ਵੋਟਰ ਲਈ ਜ਼ਮੀਰ ਜਗਾਉਂਣ ਦਾ ਸੰਖਨਾਦ ਹੈ। ਜਾਗਦੀ ਜ਼ਮੀਰ ਨਾਲ ਵੋਟ ਕਰਕੇ ਤੁਸੀਂ ਖੁਦ ਨੂੰ ਅਤੇ ਦੇਸ਼ ਨੂੰ ਮਜ਼ਬੂਤ ਕਰ ਸਕਦੇ ਹੋ। ਪੰਜ ਸਾਲ ’ਚ ਬਹੁਤ ਕੁਝ ਬਦਲ ਜਾਂਦਾ ਹੈ। ਇਹ ਸਮਾਂ ਹੈ ਤੁਹਾਡੇ ਕੋਲ ਅੱਜ ਨੂੰ ਬਦਲਣ ਤੇ ਕੱਲ੍ਹ ਨੂੰ ਸੁਰੱਖਿਅਤ ਕਰਨ ਦਾ। ਤੁਹਾਡੀ ਚੰਗਇਆਈ ’ਤੇ ਲਾਈ ਮੋਹਰ ਦੇਸ਼ ਨੂੰ ਮਜ਼ਬੂਤ ਕਰੇਗੀ ਤੇ ਬੁਰਾਈ ਨੂੰ ਪਾਈ ਵੋਟ ਤੁਹਾਡਾ ਸ਼ੋਸ਼ਣ।
ਮੁਫਲਸ ਤੇ ਕਿਰਤੀ ਤਬਕੇ ਨੂੰ ਕਿਸੇ ਤੋਂ ਭੈਅਭੀਤ ਹੋਂਣ ਦੀ ਲੋੜ ਨਹੀਂ, ਡਰਾਇਆ ਕਮਜ਼ੋਰ ਨੂੰ ਜਾਂਦਾ ਹੈ, ਇਸ ਲਈ ਖੁਦ ਨੂੰ ਸੰਗਠਿਤ ਕਰਕੇ ਡਰਾਉਂਣ ਵਾਲਿਆਂ ਨੂੰ ਡਰਾ ਦਿਉ ਤੇ ਨਿਡਰਤਾ ਨਾਲ ਦੇਸ਼ ਦੀ ਸੰਸਦ ’ਚ ਈਮਾਨਦਾਰ ਲੋਕਾਂ ਨੂੰ ਪਹੁੰਚਾ ਦਿਉ। ਜੇਕਰ ਵੋਟਰ ਹੁਣ ਵੀ ਗਲਤੀ ਕਰ ਗਿਆ ਤਾਂ ਫੇਰ ਉਹ ਕਿਸੇ ’ਤੇ ਦੋਸ਼ ਨਹੀਂ ਦੇ ਸਕਦਾ, ਆਪਣੇ ਸ਼ੋਸ਼ਣ, ਹੱਕਮਾਰੀ, ਲੁੱਟ ਦਾ ਉਹ ਆਪ ਜੁੰਮੇਵਾਰ ਹੋਵੇਗਾ।

Send this to a friend