June 25, 2026 12:51 am

ਸ. ਭੂੰਦੜ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਤਿੰਨ ਰੋਜ਼ਾ ਧਾਰਮਿਕ ਸੇਵਾ ਆਰੰਭ

ਤਲਵੰਡੀ ਸਾਬੋ, 20 ਸਤੰਬਰ (ਰਾਮ ਰੇਸ਼ਮ ਸ਼ਰਨ)- ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਬੋਹਰ ਵਿਖੇ ਕੀਤੀ ਪੋਲ ਖੋਲ ਰੈਲੀ ਦੌਰਾਨ ਆਪਣੇ ਸੰਬੋਧਨ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰ.ਪ੍ਰਕਾਸ਼ ਸਿੰਘ ਬਾਦਲ ਨੂੰ ‘ਬਾਦਸ਼ਾਹ ਦਰਵੇਸ਼’ ਕਹਿ ਦੇਣ ਨਾਲ ਵਿਵਾਦਾਂ ਵਿੱਚ ਘਿਰੇ ਸ਼੍ਰੋਮਣੀ ਅਕਾਲੀ ਦਲ ਦੇ ਸੀਨ: ਆਗੂ ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ ਨੂੰ ਬੀਤੇ ਦਿਨ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪੰਜ ਪਿਆਰੇ ਸਾਹਿਬਾਨ ਵੱਲੋਂ ਲਾਈ ਧਾਰਮਿਕ ਸੇਵਾ ਦੀ ਲੜੀ ਵਿੱਚ ਭੂੰਦੜ ਨੇ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਪੁੱਜ ਕੇ ਤਿੰਨ ਰੋਜਾ ਧਾਰਮਿਕ ਸੇਵਾ ਆਰੰਭ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਰੈਲੀ ਦੌਰਾਨ ਸ੍ਰ.ਬਾਦਲ ਨੂੰ ਬਾਦਸ਼ਾਹ ਦਰਵੇਸ਼ ਕਹਿਣ ਤੇ ਸਿੱਖ ਜਥੇਬੰਦੀਆਂ ਨੇ ਇਹ ਕਹਿੰਦਿਆਂ ਭੂੰਦੜ ਦਾ ਵਿਰੋਧ ਸ਼ੁਰੂ ਕਰ ਦਿੱਤਾ ਸੀ ਕਿ ਉਕਤ ਸੰਬੋਧਨ ਸਿਰਫ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਲਈ ਹੀ ਵਰਤਿਆ ਜਾਂਦਾ ਹੈ।ਸਿੱਖ ਜਥੇਬੰਦੀਆਂ ਦੇ ਵਿਰੋਧ ਨੂੰ ਦੇਖਦਿਆਂ ਹੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਭੂੰਦੜ ਨੂੰ ਸ਼ਪੱਸ਼ਟੀਕਰਨ ਦੇਣ ਲਈ ਤਖਤ ਸ੍ਰੀ ਦਮਦਮਾ ਸਾਹਿਬ ਤਲਬ ਕੀਤਾ ਸੀ ਜਿੱਥੇ ਭੂੰਦੜ ਵੱਲੋਂ ਪੰਜ ਪਿਆਰੇ ਸਾਹਿਬਾਨ ਅੱਗੇ ਆਪਣੀ ਭੁੱਲ ਮੰਨ ਲੈਣ ਉਪਰੰਤ ਉਨਾਂ ਨੂੰ ਤਿੰਨ ਦਿਨਾਂ ਦੀ ਧਾਰਮਿਕ ਸੇਵਾ ਲਾਈ ਗਈ ਸੀ।ਅੱਜ ਭੂੰਦੜ ਨੇ ਧਾਰਮਿਕ ਸੇਵਾ ਦੀ ਆਰੰਭਤਾ ਕਰਦਿਆਂ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋ ਕੇ ਸਭ ਤੋਂ ਪਹਿਲਾਂ ਕੀਰਤਨ ਸ੍ਰਵਣ ਕੀਤਾ ਅਤੇ ਉਪਰੰਤ ਉਨਾਂ ਨੇ ਲੰਗਰ ਵਿੱਚ ਲੰਗਰ ਵਰਤਾਉਣ ਅਤੇ ਬਰਤਨ ਸਾਫ ਕਰਨ ਦੀ ਸੇਵਾ ਨਿਭਾਈ।ਉਕਤ ਤਿੰਨ ਰੋਜਾ ਸੇਵਾ 22 ਸਤੰਬਰ ਨੂੰ ਮੁਕੰਮਲ ਹੋਵੇਗੀ ਤੇ ਸੇਵਾ ਮੁਕੰਮਲ ਹੋਣ ਮੌਕੇ ਭੂੰਦੜ 1100 ਰੁਪਏ ਦੀ ਦੇਗ ਕਰਵਾਕੇ 11 ਜਪੁਜੀ ਸਾਹਿਬ ਦੇ ਪਾਠ ਕਰਕੇ ਸੇਵਾ ਸੰਪੰਨ ਕਰਨਗੇ। ਅੱਜ ਭੂੰਦੜ ਦੇ ਤਖਤ ਸਾਹਿਬ ਪੁੱਜਣ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਮੈਂਬਰ ਜਥੇ:ਗੁਰਤੇਜ ਸਿੰਘ ਢੱਡੇ,ਧਰਮ ਪ੍ਰਚਾਰ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਬੱਪੀਆਣਾ ਅਤੇ ਮੋਹਣ ਸਿੰਘ ਬੰਗੀ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਵੀ ਹਾਜ਼ਰ ਸਨ।

Send this to a friend