June 22, 2026 3:11 pm

ਸ੍ਰੀ ਅਨੰਦਪੁਰ ਸਾਹਿਬ ਲਾਗੇ ਚੱਲੀਆਂ ਗੋਲੀਆਂ 23 ਸਾਲਾ ਨੋਜਵਾਨ ਪੀਜੀਆਈ ਰੈਫਰ

ਸ੍ਰੀ ਅਨੰਦਪੁਰ ਸਾਹਿਬ, 17 ਸਤੰਬਰ (ਦਵਿੰਦਰਪਾਲ ਸਿੰਘ, ਅੰਕੁਸ਼)- ਸ੍ਰੀ ਅਨੰਦਪੁਰ ਸਾਹਿਬ ਦੇ ਬਿਲਕੁਲ ਨਜ਼ਦੀਕ ਪੈਂਦੇ ਪਿੰਡ ਗੰਗੂਵਾਲ ਵਿਖੇ ਆਪਸੀ ਰੰਜਸ਼ ਦੇ ਚਲਦਿਆਂ ਚਲਾਈਆਂ ਗੋਲੀਆਂ ਵਿਚ 23 ਸਾਲਾ ਨੋਜਵਾਨ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਕਰਕੇ ਇਲਾਕੇ ਵਿਚ ਦਹਿਸ਼ਤ ਦਾ ਮਾਹੋਲ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਤੀਸ਼ ਕੁਮਾਰ ਨੇ ਦੱਸਿਆ ਕਿ ਦੋ ਗਰੁੱਪਾਂ ਦੀ ਆਪਸੀ ਰੰਜਸ਼ ਚਲਦਿਆਂ ਇਹ ਘਟਨਾ ਘਟੀ ਹੈ। ਦੁਪਹਿਰ 12.15 ਦੇ ਕਰੀਬ ਜਦੋਂ ਰੋਹਿਤ ਬਾਲੀ ਪੁੱਤਰ ਸਰੂਪ ਬਾਲੀ ਪਿੰਡ ਗੰਗੂਵਾਲ ਵਿਖੇ ਆਪਣੀ ਕਰਿਆਨੇ ਦੀ ਦੁਕਾਨ ਤੇ ਬੈਠਾ ਸੀ ਤਾਂ ਦੋ ਮੋਟਰਸਾਈਕਲਾਂ ਤੇ ਸਵਾਰ ਤਿੰਨ ਨੋਜਵਾਨਾਂ ਨੇ ਉਸ ਤੇ ਹਮਲਾ ਕਰ ਦਿਤਾ ਤੇ ਤਿੰਨ ਗੋਲੀਆਂ ਚਲਾਈਆਂ। ਜਿਨ੍ਹਾਂ ਚੌਂ ਇਕ ਗੋਲੀ ਰੋਹਿਤ ਬਾਲੀ ਦੇ ਪੱਟ ਵਿਚ ਲੱਗੀ ਤੇ ਉਹ ਜਖਮੀ ਹੋ ਗਿਆ। ਜਖਮੀ ਹਾਲਤ ਵਿਚ ਰੋਹਿਤ ਬਾਲੀ ਨੂੰ ਜਦੋਂ ਸਿਵਲ ਹਸਪਤਾਲ ਲਿਆਉਂਦਾ ਗਿਆ ਤਾਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਵਲੋਂ ਪੀਜੀਆਈ ਰੈਫਰ ਕਰ ਦਿਤਾ ਗਿਆ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਰਮਿੰਦਰ ਸਿੰਘ ਕਾਹਲੋਂ ਤੇ ਥਾਣਾ ਮੁਖੀ ਸਤੀਸ਼ ਕੁਮਾਰ ਮੌਕੇ ਤੇ ਪਹੁੰਚ ਗਏ ਤੇ ਘਟਨਾ ਦਾ ਜਾਇਜ਼ਾ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਇਨ੍ਹਾਂ ਵਿੱਚੌਂ ਵਿਕਾਸ ਬਿੱਲਾ ਦੀ ਪਹਿਚਾਣ ਕਰ ਲਈ ਗਈ ਹੈ ਜਦੋਂ ਕਿ ਬਾਕੀਆਂ ਬਾਰੇ ਵੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਖਮੀ ਰੋਹਿਤ ਬਾਲੀ ਦੇ ਬਿਆਨਾਂ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Send this to a friend