ਭਾਜਪਾ ਉਮੀਦਵਾਰ ਕਿਰਨ ਖੇਰ ਨੂੰ ਚੰਡੀਗੜ੍ਹ ’ਚ ਦਿਖਾਏ ਗਏ ਕਾਲੇ ਝੰਡੇ

image ਚੰਡੀਗੜ੍ਹ, 18 ਮਾਰਚ (ਪੀ.ਟੀ.)- ਭਾਰਤੀ ਜਨਤਾ ਪਾਰਟੀ ਹਾਈਕਮਾਨ ਵੱਲੋਂ ਚੰਡੀਗੜ੍ਹ ਲੋਕ ਸਭਾ ਸੀਟ ਲਈ ਐਲਾਨੀ ਪਾਰਟੀ ਉਮੀਦਵਾਰ ਅਭਿਨੇਤਰੀ ਕਿਰਨ ਖੇਰ ਨੂੰ ਸਥਾਨਕ ਪਾਰਟੀ ਆਗੂਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਰਨ ਖੇਰ ਅੱਜ ਜਦੋਂ ਚੰਡੀਗੜ੍ਹ ਪਹੁੰਚੀ ਤਾਂ ਪਾਰਟੀ ਦੇ ਕੁਝ ਵਰਕਰਾਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ ਤੇ ਕੁਝ ਥਾਵਾਂ ’ਤੇ ਉਨ੍ਹਾਂ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੇ ਦਿਨੀਂ ਜਦੋਂ ਪਾਰਟੀ ਹਾਈਕਮਾਨ ਨੇ ਕਿਰਨ ਖੇਰ ਨੂੰ ਚੰਡੀਗੜ੍ਹ ਲਈ ਉਮੀਦਵਾਰ ਐਲਾਨਿਆ ਸੀ ਤਾਂ ਕੁਝ ਸਥਾਨਕ ਭਾਜਪਾ ਆਗੂਆਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਸੀ। ਭਾਜਪਾ ਵਰਕਰਾਂ ਨੇ ਕਿਰਨ ਖੇਰ ਦਾ ਪੁਤਲਾ ਵੀ ਫੁਕਿਆ ਸੀ, ਜਦੋਂ ਕਿ ਕੁਝ ਵਰਕਰਾਂ ਨੇ ਆਪਣੇ ਅਸਤੀਫੇ ਤੱਕ ਦੇ ਦਿੱਤੇ। ਭਾਜਪਾ ਚੰਡੀਗੜ੍ਹ ਦੇ ਮੀਤ ਪ੍ਰਧਾਨ ਰਾਮਵੀਰ

ਭੱਟੀ ਨੇ ਕਿਰਨ ਖੇਰ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਕਿਹਾ ਕਿ ਹਾਈਕਮਾਨ ਨੇ ਕਿਰਨ ਖੇਰ ਨੂੰ ਟਿਕਟ ਦੇ ਕੇ ਪਾਰਟੀ ਨੂੰ ਹਾਰ ਦੀ ਕਗਾਰ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਪਾਰਟੀ ਮੈਂਬਰ ਬਣੇ ਰਹਿਣਗੇ, ਪਰ ਕਿਰਨ ਖੇਰ ਲਈ ਕਿਸੇ ਵੀ ਹਾਲਤ ਵਿਚ ਵੋਟਾਂ ਨਹੀਂ ਮੰਗਣਗੇ।
ਇਹ ਵੀ ਦੱਸਣਯੋਗ ਹੈ ਕਿ ਚੰਡੀਗੜ੍ਹ ਸੀਟ ਤੋਂ ਪਾਰਟੀ ਨੇ ਸਾਬਕਾ ਸੰਸਦ ਮੈਂਬਰ ਸੱਤਪਾਲ ਜੈਨ, ਪਾਰਟੀ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਸੰਜੇ ਟੰਡਨ ਅਤੇ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਨੂੰ ਨਜ਼ਰ ਅੰਦਾਜ਼ ਕਰਦਿਆਂ ਅਭਿਨੇਤਰੀ ਕਿਰਨ ਖੇਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ।
ਦੂਸਰੇ ਪਾਸੇ ਚੰਡੀਗੜ੍ਹ ਸੀਟ ਲਈ ਕਾਂਗਰਸ ਨੇ ਜਿਥੇ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਨੂੰ ਮੁੜ ਉਮੀਦਵਾਰ ਬਣਾਇਆ ਹੈ, ਉਥੇ ਆਮ ਆਦਮੀ ਪਾਰਟੀ ਨੇ ਗੁਲ ਪਨਾਗ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਚੰਡੀਗੜ੍ਹ ਵਿਚ ਲੋਕ ਸਭਾ ਚੋਣਾਂ ਲਈ ਵੋਟਾਂ 10 ਅਪ੍ਰੈਲ ਨੂੰ ਪਾਈਆਂ ਜਾਣਗੀਆਂ।

Send this to a friend