ਇਤਿਹਾਸ ਵਿਚ ਪ੍ਰਸਿੱਧ ਭੰਗੀਆਂ ਦੀ ਤੋਪ ਅਤੇ ਅਜਿਹੀ ਹੀ ਇਕ ਹੋਰ ਤੋਪ ਨੂੰ ਸੰਨ 1761 ਵਿਚ ਅਬਦਾਲ ਦੇ ਬਾਦਸ਼ਾਹ ਅਹਿਮਦ ਸ਼ਾਹ ਦੂਰਾਨੀ ਦੇ ਹੁਕਮ ਨਾਲ ਉਸ ਦੇ ਪ੍ਰਧਾਨ ਮੰਤਰੀ ਸ਼ਾਹ ਵਲੀ ਖ਼ਾਂ ਨੇ ਜ਼ਜ਼ੀਆ (ਟੈਕਸ) ਵਜੋਂ ਲਾਹੌਰ ਦੇ ਹਿੰਦੂਆਂ ਦੇ ਘਰਾਂ ‘ਚੋਂ ਪਿੱਤਲ ਤੇ ਤਾਂਬੇ ਦੇ ਬਰਤਨ ਵਸੂਲ ਕਰਕੇ ਲਾਹੌਰ ਦੇ ਕਾਰੀਗਰ ਸ਼ਾਹ ਨਜ਼ੀਰ ਪਾਸੋਂ ਉਨ੍ਹਾਂ ਨੂੰ ਢਿਲਵਾ ਕੇ ਬਣਵਾਇਆ। ਜ਼ਮਜ਼ਮਾ ਤੋਪ ਦੀ ਬਾਹਰੀ ਪਰਤ ਸਾਢੇ ਚਾਰ ਫੁੱਟ ਮੋਟੀ ਹੈ। ਇਸ ਦੀ ਲੰਬਾਈ ਸਾਢੇ 14 ਫੁੱਟ ਅਤੇ ਇਸ ਦੇ ਮੂੰਹ ਦਾ ਸੁਰਾਖ਼ ਸਾਢੇ 9 ਇੰਚ ਹੈ।ਸੰਨ 1761 ‘ਚ ਹੋਈ ਪਾਣੀਪਤ ਦੀ ਤੀਜੀ ਲੜਾਈ ਵਿਚ ਅਹਿਮਦ ਸ਼ਾਹ ਨੇ ਇਸ ਤੋਪ ਨਾਲ ਬਹੁਤ ਕੁਝ ਤਹਿਸ-ਨਹਿਸ ਕੀਤਾ। ਉਹ ਉਸ ਲੜਾਈ ਤੋਂ ਬਾਅਦ ਵਾਪਸ ਕਾਬੁਲ ਪਰਤਦਾ ਹੋਇਆ ‘ਜ਼ਮਜ਼ਮਾ ਤੋਪ‘ ਆਪਣੇ ਗਵਰਨਰ ਖ਼ਵਾਜ਼ਾ ਊਬੈਦ ਖ਼ਾਂ ਪਾਸ ਲਾਹੌਰ ਹੀ ਛੱਡ ਗਿਆ ਅਤੇ ਦੂਜੀ ਤੋਪ ਆਪਣੇ ਨਾਲ ਲੈ ਗਿਆ, ਜੋ ਰਸਤੇ ਵਿਚ ਚਨਾਬ ਦਰਿਆ ਵਿਚ ਡਿੱਗ ਗਈ। ਸੰਨ 1762 ਵਿਚ ਸ: ਹਰੀ ਸਿੰਘ ਭੰਗੀ ਨੇ ਲਾਹੌਰ ਤੋਂ ਸਾਢੇ ਤਿੰਨ ਕਿਲੋਮੀਟਰ ਦੂਰ ਪਿੰਡ
ਖ਼ਵਾਜਾ ਸੱਯਦ ਦੇ ਮੁਕਾਮ ‘ਤੇ ਊਬੈਦ ਖ਼ਾਂ ‘ਤੇ ਹਮਲਾ ਕਰਕੇ ਉਸ ਪਾਸੋਂ ਜ਼ਮਜ਼ਮਾ ਤੋਪ ਖੋਹ ਲਈ ਅਤੇ ਲਾਹੌਰ ਵੀ ਫ਼ਤਹਿ ਕਰ ਲਿਆ। ਸੰਨ 1764 ਤੱਕ ਇਹ ਤੋਪ ਸ: ਲਹਿਣਾ ਸਿੰਘ ਤੇ ਗੁਜਰ ਸਿੰਘ ਭੰਗੀ ਦੇ ਕਬਜ਼ੇ ਹੇਠ ਲਾਹੌਰ ਦੇ ਸ਼ਾਹ ਬੁਰਜ ‘ਚ ਰੱਖੀ ਰਹੀ। ਜਦੋਂ ਸ: ਚੜ੍ਹਤ ਸਿੰਘ ਸ਼ੁਕਰਚਕੀਆ (ਮਹਾਰਾਜਾ ਰਣਜੀਤ ਸਿੰਘ ਦਾ ਦਾਦਾ) ਭੰਗੀ ਸਰਦਾਰਾਂ ਨੂੰ ਲਾਹੌਰ ਫ਼ਤਹਿ ਕਰਨ ਦੀ ਵਧਾਈ ਦੇਣ ਲਾਹੌਰ ਗਿਆ ਤਾਂ ਉਸ ਨੇ ਉਪਰੋਕਤ ਲੜਾਈ ‘ਚ ਦਿੱਤੇ ਸਹਿਯੋਗ ਲਈ ਲਾਹੌਰ ਦੀ ਲੁੱਟ ਵਿਚੋਂ ਆਪਣਾ ਹਿੱਸਾ ਮੰਗਿਆ। ਭੰਗੀਆਂ ਨੇ ਉਸ ਨੂੰ ਲਾਹੌਰ ਦਾ ਤਾਂ ਕੋਈ ਹਿੱਸਾ ਨਹੀਂ ਦਿੱਤਾ ਪਰ ਜ਼ਮਜ਼ਮਾ ਤੋਪ ਦੇ ਦਿੱਤੀ। ਚੜ੍ਹਤ ਸਿੰਘ ਨੇ ਇਹ ਤੋਪ ਆਪਣੇ ਬਣਾਏ ਕਿਲ੍ਹਾ ਗੁਜਰਾਂਵਾਲਾ ‘ਚ ਰੱਖ ਲਈ। ਸੰਨ 1772 ‘ਚ ਅਹਿਮਦ ਨਗਰ ਦੇ ਮੁਕਾਮ ‘ਤੇ ਚੜ੍ਹਤ ਸਿੰਘ ਅਤੇ ਚੱਠੇ ਪਠਾਣਾਂ ਦੀ ਹੋਈ ਜੰਗ ਵਿਚ ਇਹ ਤੋਪ ਚੱਠਿਆਂ ਨੇ ਖੋਹ ਲਈ। ਉਹ ਇਸ ਨੂੰ ਰਸੂਲ ਨਗਰ ਲੈ ਗਏ। ਉਥੇ ਇਹ ਤੋਪ ਅਹਿਮਦ ਖ਼ਾਂ ਚੱਠਾ ਅਤੇ ਪੀਰ ਮੁਹੰਮਦ ਖ਼ਾਂ ਚੱਠਾ ਦੇ ਕਬਜ਼ੇ ਹੇਠ ਰਹੀ।
ਸੰਨ 1773 ਵਿਚ ਝੰਡਾ ਸਿੰਘ ਭੰਗੀ ਨੇ ਰਸੂਲ ਨਗਰ ਚੱਠਿਆਂ ‘ਤੇ ਹਮਲਾ ਕੀਤਾ ਤਾਂ ਉਨ੍ਹਾਂ ਜ਼ਮਜ਼ਮਾ ਤੋਪ ਦੇ ਨਾਲ-ਨਾਲ ਹੋਰ ਬਹੁਤ ਕੁਝ ਦੇ ਕੇ ਭੰਗੀ ਸਰਦਾਰਾਂ ਨਾਲ ਸੁਲ੍ਹਾ ਕਰ ਲਈ।
ਝੰਡਾ ਸਿੰਘ ਆਪਣੀ ਰਾਜਧਾਨੀ ਗੁਜਰਾਤ ‘ਚ ਲਿਜਾਣ ਤੋਂ ਬਾਅਦ ਇਸ ਤੋਪ ਨੂੰ ਅੰਮ੍ਰਿਤਸਰ ਲੈ ਆਇਆ। ਅੰਮ੍ਰਿਤਸਰ ਲਿਆ ਕੇ ਉਸ ਨੇ ਇਸ ਤੋਪ ਨੂੰ ਆਪਣੇ ਸੰਨ 1767 ਵਿਚ ਬਣਾਏ ਕਿਲ੍ਹਾ ਭੰਗੀਆਂ ‘ਚ ਰੱਖ ਦਿੱਤਾ।
ਉਸ ਤੋਂ ਬਾਅਦ ਇਹ ਤੋਪ ਭੰਗੀਆਂ ਦੀ ਤੋਪ ਦੇ ਨਾਂਅ ਨਾਲ ਪ੍ਰਸਿੱਧ ਹੋ ਗਈ ਅਤੇ ਅੰਮ੍ਰਿਤਸਰ ‘ਤੇ ਮਹਾਰਾਜਾ ਰਣਜੀਤ ਸਿੰਘ ਦੇ ਕਬਜ਼ੇ ਤੱਕ ਇਸੇ ਕਿਲ੍ਹੇ ਵਿਚ ਰਹੀ।
ਮਹਾਰਾਜਾ ਰਣਜੀਤ ਸਿੰਘ ਨੇ ਇਹ ਤੋਪ ਪ੍ਰਾਪਤ ਕਰਨ ਤੋਂ ਬਾਅਦ ਇਸ ਨਾਲ ਡੱਸਕਾ, ਕਸੂਰ, ਸੁਜਾਨਪੁਰ, ਵਜ਼ੀਰਾਬਾਦ ਅਤੇ ਸੰਨ 1818 ਵਿਚ ਮੁਲਤਾਨ ਫ਼ਤਹਿ ਕੀਤਾ। ਮੁਲਤਾਨ ਦੇ ਯੁੱਧ ਵਿਚ ਲੋਹੇ ਵਾਂਗ ਮਜ਼ਬੂਤ ਮੁਲਤਾਨ ਦੇ ਕਿਲ੍ਹੇ ‘ਤੇ ਗੋਲੇ ਵਰ੍ਹਾਉਂਦਿਆਂ ਇਸ ਤੋਪ ਨੂੰ ਕਾਫ਼ੀ ਨੁਕਸਾਨ ਪਹੁੰਚਿਆ, ਜਿਸ ਕਾਰਨ ਉਸ ਤੋਂ ਬਾਅਦ ਇਹ ਤੋਪ ਲਾਹੌਰ ਦੇ ਦਿੱਲੀ ਦਰਵਾਜ਼ੇ ਦੇ ਬਾਹਰ ਰੱਖੀ ਰਹੀ।
-ਸੁਰਿੰਦਰ ਕੋਛੜ
ਫੋਨ : 7837849764, 9356127771