ਕਹਿੰਦੇ ਨੇ ਸਿੱਖਾਂ ਨੇ ਇਤਿਹਾਸ ਸਿਰਜਿਆ ਬੜਾ ਨਿਰਾਲਾ ਹੈ, ਲੇਕਿਨ ਉਸ ਇਤਿਹਾਸ ਨੂੰ ਸਾਂਭਣਾ ਸਿੱਖ ਕੌਮ ਦੇ ਹਿੱਸੇ ਨਹੀਂ ਆਇਆ। ਕਿਉਂਕਿ ਸਿਦਕ, ਮਿਹਨਤ, ਦ੍ਰਿੜ੍ਹ ਇਰਾਦੇ, ਲਗਨ, ਅਣਖ ਅਤੇ ਗੈਰਤ ਵਰਗੇ ਗੁਣਾਂ ਕਾਰਨ ਪੂਰੀ ਦੁਨੀਆ ਵਿਚ ਆਪਣਾ ਸਿੱਕਾ ਮੰਨਵਾ ਚੁੱਕੀ ਸਿੱਖ ਕੌਮ ਵੱਲੋਂ ਵੱਖ-ਵੱਖ ਸਮਿਆਂ ‘ਤੇ ਮਾਰੀਆਂ ਮੱਲਾਂ ਜਾਂ ਫਿਰ ਕੀਤੇ ਵੱਡੇ ਕਾਰਨਾਮਿਆਂ ਨੂੰ ਪੂਰੀ ਤਰ੍ਹਾਂ ਸਾਂਭ ਕੇ ਚੰਗੇ ਤਰੀਕੇ ਨਾਲ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੀ ਘਾਟ ਕਾਰਨ ਜ਼ਿਆਦਾਤਰ ਲੋਕ ਵੱਡੀਆਂ ਤੇ ਅਹਿਮ ਘਟਨਾਵਾਂ ਤੋਂ ਅਨਜਾਣ ਹੀ ਰਹੇ ਹਨ। ਸੰਨ 1783 ਨੂੰ ਸਿੱਖਾਂ ਵੱਲੋਂ ਤਿੰਨ ਬਹਾਦਰ ਜਰਨੈਲਾਂ ਦੀ ਅਗਵਾਈ ਹੇਠ ਰਾਜਧਾਨੀ ਦਿੱਲੀ ਦੀ ਸਰਜ਼ਮੀਨ ਉੱਪਰ ਕੇਸਰੀ ਨਿਸ਼ਾਨ ਸਾਹਿਬ ਲਹਿਰਾਅ ਕੇ ਸਿੱਖਾਂ ਉੱਪਰ ਜ਼ੁਲਮ ਢਾਹੁਣ ਵਾਲੇ ਹਾਕਮਾਂ ਨੂੰ ਵੰਗਾਰਨਾ ਇਕ ਵੱਡੀ ਇਤਿਹਾਸਕ ਘਟਨਾ ਹੈ, ਜਿਸ ਬਾਰੇ ਬਹੁਤੇ ਸਿੱਖ ਨਹੀਂ ਜਾਣਦੇ।ਇਸ ਇਤਿਹਾਸਕ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਸਿੱਖਾਂ ਦੇ ਜਰਨੈਲ ਜਥੇਦਾਰ ਬਘੇਲ ਸਿੰਘ ਸਨ। ਸੰਨ 1730 ਨੂੰ ਬਘੇਲ ਸਿੰਘ ਦਾ ਜਨਮ ਇਤਿਹਾਸਕ ਕਸਬੇ ਝਬਾਲ (ਅੰਮ੍ਰਿਤਸਰ) ਵਿਚ ਹੋਇਆ। ਆਪ ਦੇ ਪਰਿਵਾਰ ਦਾ ਸਬੰਧ ਮਾਝੇ ਦੇ 84 ਪਿੰਡਾਂ ਦੇ ਮਾਲਕ ਚੌਧਰੀ ਲੰਗਾਹ ਢਿੱਲੋਂ ਨਾਲ ਜਾ ਜੁੜਦਾ ਹੈ। ਚੌਧਰੀ ਲੰਗਾਹ ਗੁਰੂ ਅਰਜਨ ਦੇਵ ਜੀ ਦਾ ਸ਼ਰਧਾਲੂ ਸੀ ਅਤੇ ਮੁਕਤਸਰ ਦੀ ਜੰਗ ਵਿਚ ਆਪਣੇ ਜੌਹਰ ਦਿਖਾਉਣ ਵਾਲੀ ਸਿੰਘਣੀ ਮਾਈ ਭਾਗੋ ਦੇ ਦਾਦਾ ਭਾਈ ਪੈਰੋ ਸ਼ਾਹ ਢਿੱਲੋਂ ਦੇ ਛੋਟੇ ਭਰਾ ਸਨ। ਪਰ ਇਤਿਹਾਸ ਵਿਚ ਲਿਖਿਆ ਮਿਲਦਾ ਹੈ ਕਿ ਬਘੇਲ ਸਿੰਘ ਧਾਲੀਵਾਲ ਦਾ ਅਸਲ ਪਿੰਡ ਮੋਗਾ ਜ਼ਿਲ੍ਹੇ ਵਿਚ ਰਾਊਕੇ ਕਲਾਂ ਹੈ। ਇਤਿਹਾਸਕ ਕਸਬਾ ਝਬਾਲ ਵਿਚ ਆਪ ਦੇ ਨਾਨਕੇ ਵੀ ਹੋ ਸਕਦੇ ਹਨ। ਇਸ
ਸਬੰਧੀ ਹੋਰ ਖੋਜ ਦੀ ਲੋੜ ਹੈ। ਸੰਨ 1748 ਈ: ਨੂੰ ਜਿਸ ਵਕਤ ਦਲ ਖਾਲਸਾ ਦਾ ਉਭਾਰ ਹੋ ਰਿਹਾ ਸੀ, ਉਸ ਸਮੇਂ ਲਾਹੌਰ ਜ਼ਿਲ੍ਹੇ ਦੇ ਪਿੰਡ ਬਰਕੀ ਵਿਚ ਵਿਰਕ ਗੋਤ ਨਾਲ ਸਬੰਧਤ ਕਰੋੜਾ ਸਿੰਘ ਪੈਦਾ ਹੋਇਆ, ਜੋ ਪਿੱਛੋਂ ਜਾ ਕੇ ਕਰੋੜ ਸਿੰਘੀਆ ਮਿਸਲ ਦਾ ਸਰਦਾਰ ਬਣਿਆ। ਇਤਿਹਾਸ ਦੱਸਦਾ ਹੈ ਕਿ ਬੇਹੱਦ ਜ਼ਾਲਮ ਮੁਗ਼ਲ ਹਾਕਮ ਜ਼ਕਰੀਆ ਖਾਨ ਨੇ 20 ਕੁ ਸਾਲ ਦੀ ਉਮਰ ਵਿਚ ਕਰੋੜਾ ਸਿੰਘ ਨੂੰ ਜਬਰੀ ਮੁਸਲਮਾਨ ਬਣਾ ਦਿੱਤਾ। ਪਰ ਆਪ ਬੜੀ ਜਲਦੀ ਹੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਮੁੜ ਸਿੰਘ ਸਜ ਗਏ। ਕਰੋੜਾ ਸਿੰਘ ਦੇ ਆਪਣੇ ਕੋਈ ਪੁੱਤਰ ਨਹੀਂ ਸੀ। ਉਸ ਨੇ ਆਪਣੇ ਘਰੇਲੂ ਨੌਕਰ ਬਘੇਲ ਸਿੰਘ ਨੂੰ ਗੋਦ ਲੈ ਰੱਖਿਆ ਸੀ। ਸੰਨ 1761 ਨੂੰ ਹੋਈ ਤਰਾਈ ਦੀ ਲੜਾਈ ਦੌਰਾਨ ਕਰੋੜਾ ਸਿੰਘ ਮਾਰਿਆ ਗਿਆ। ਉਸ ਤੋਂ ਬਾਅਦ ਬਘੇਲ ਸਿੰਘ ਨੇ ਕਰੋੜ ਸਿੰਘੀਆ ਮਿਸਲ ਦੀ ਵਾਗਡੋਰ ਸੰਭਾਲੀ। ਜਥੇਦਾਰ ਬਘੇਲ ਸਿੰਘ ਨੇ ਆਪਣੀ ਸੂਝ-ਬੂਝ ਸਦਕਾ ਸਿੱਖ ਮਿਸਲਾਂ ਨੂੰ ਸੰਗਠਿਤ ਕਰਕੇ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਦੇ ਲਾਲ ਕਿਲ੍ਹੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਲਹਿਰਾਅ ਕੇ ਹਿੰਦੁਸਤਾਨ ਦੇ ਇਤਿਹਾਸ ਨੂੰ ਇਕ ਨਵਾਂ ਮੋੜ ਦਿੱਤਾ।
ਜਦ ਬਘੇਲ ਸਿੰਘ ਨੇ ਕਰੋੜ ਸਿੰਘੀਆ ਮਿਸਲ ਦਾ ਕਾਰਜ ਭਾਰ ਸੰਭਾਲਿਆ ਤਾਂ ਉਸ ਵਕਤ ਦਿੱਲੀ ਦੇ ਤਖ਼ਤ ‘ਤੇ ਮੁਗ਼ਲ ਹਾਕਮ ਸ਼ਾਹ ਆਲਮ ਦੂਜਾ ਰਾਜ ਕਰ ਰਿਹਾ ਸੀ। ਬਘੇਲ ਸਿੰਘ ਨੇ ਸਭ ਤੋਂ ਪਹਿਲਾਂ ਹੁਸ਼ਿਆਰਪੁਰ ‘ਤੇ ਕਬਜ਼ਾ ਕਰਕੇ ਆਪਣੀ ਜੇਤੂ ਮੁਹਿੰਮ ਦੀ ਸ਼ੁਰੂਆਤ ਕੀਤੀ। ਉਸ ਦੀਆਂ ਤਿੰਨ ਪਤਨੀਆਂ ਸਨ। ਆਪਣੀ ਪਹਿਲੀ ਪਤਨੀ ਰੂਪ ਕੰਵਲ ਨੂੰ ਰਾਜ ਦੇ ਅੰਦਰੂਨੀ ਮਾਮਲਿਆਂ ਦਾ ਪ੍ਰਬੰਧ ਸੌਂਪਿਆ। ਹਰਿਆਣਾ ਵਿਚ ਕਰਨਾਲ ਤੋਂ 30 ਕਿਲੋਮੀਟਰ ਅੱਗੇ ਛਲੌਦੀ ਨੂੰ ਆਪਣੇ ਕਬਜ਼ੇ ‘ਚ ਕਰਕੇ ਇਸ ਦੀ ਦੇਖ-ਰੇਖ ਦੂਜੀ ਪਤਨੀ ਰਾਜ ਕੰਵਲ ਨੂੰ ਸੰਭਾਲ ਦਿੱਤੀ। ਤੀਜੀ ਪਤਨੀ ਰਤਨ ਕੌਰ ਨੂੰ ਕਲਾਵਰ ਦਾ ਪ੍ਰਬੰਧ ਸੌਂਪ ਦਿੱਤਾ। ਸੰਨ 1775 ਨੂੰ ਸਰਦਾਰ ਹਰੀ ਸਿੰਘ ਭੰਗੀ ਨੂੰ ਹਰਾ ਕੇ ਉਸ ਦੇ ਕਬਜ਼ੇ ਵਾਲੇ ਤਿੰਨ ਪਰਗਨੇ ਤਰਨ ਤਾਰਨ, ਸਭਰਾਓਂ ਅਤੇ ਸਰਹਾਲੀ ਨੂੰ ਆਪਣੇ ਕਬਜ਼ੇ ਵਿਚ ਕਰਕੇ ਫਿਰ ਸਰਹਿੰਦ ਵੱਲ ਨੂੰ ਰੁਖ਼ ਕੀਤਾ। ਸਰਹਿੰਦ ਜਿੱਤਣ ਤੋਂ ਬਾਅਦ ਨਵਾਬ ਜੱਸਾ ਸਿੰਘ ਆਹਲੂਵਾਲੀਆ ਅਤੇ ਜਥੇਦਾਰ ਬਘੇਲ ਸਿੰਘ ਧਾਲੀਵਾਲ ਦੀ ਅਗਵਾਈ ਵਾਲੀਆਂ ਸੰਗਠਿਤ ਫੌਜਾਂ ਨੇ 20 ਫਰਵਰੀ, 1764 ਨੂੰ ਸਹਾਰਨਪੁਰ, ਮੁਜ਼ੱਫਰਨਗਰ ਅਤੇ ਮੇਰਠ ਜਿੱਤ ਕੇ ਨਜੀਬਾਵਾਦ, ਮੁਰਾਦਾਬਾਦ ਅਤੇ ਅਨੂਪ ਸ਼ਹਿਰ ‘ਤੇ ਜਿੱਤ ਹਾਸਲ ਕੀਤੀ। 22 ਅਪ੍ਰੈਲ, 1775 ਨੂੰ ਕੁੰਜਪੁਰਾ ਨੇੜਿਉਂ ਜਮਨਾ ਨਦੀ ਪਾਰ ਕਰਕੇ 15 ਜੁਲਾਈ, 1775 ਨੂੰ ਦਿੱਲੀ ਦੇ ਹੀ ਪਹਾੜਗੰਜ ਅਤੇ ਜੈ ਸਿੰਘਪੁਰਾ ਨੂੰ ਜਿੱਤਿਆ। ਇਸ ਤੋਂ ਬਾਅਦ 50,000 ਦੀ ਗਿਣਤੀ ਵਾਲੇ ਦਲ ਖਾਲਸਾ ਨੇ ਦਿੱਲੀ ਵੱਲ ਕੂਚ ਕੀਤਾ। ਫਰਵਰੀ 1783 ਨੂੰ ਗਾਜ਼ੀਆਬਾਦ, ਸ਼ਿਕੋਹਾਬਾਦ, ਅਲੀਗੜ੍ਹ ਅਤੇ ਬੁਲੰਦ ਸ਼ਹਿਰ ਨੂੰ ਆਪਣੇ ਕਬਜ਼ੇ ‘ਚ ਕੀਤਾ। ਦਿੱਲੀ ਵਿਚ ਦਾਖਲੇ ਸਮੇਂ ਜੱਸਾ ਸਿੰਘ ਆਹਲੂਵਾਲੀਆ ਅਤੇ ਜਥੇਦਾਰ ਬਘੇਲ ਸਿੰਘ ਨੇ ਆਪਣੀ 50,000 ਦੇ ਕਰੀਬ ਸੈਨਾ ਨੂੰ ਦੋ ਹਿੱਸਿਆਂ ਵਿਚ ਵੰਡ ਲਿਆ। ਬਘੇਲ ਸਿੰਘ ਨੇ ਆਪਣੀ 30,000 ਫੌਜ ਨੂੰ ਤੀਸ ਹਜ਼ਾਰੀ ਵਾਲੇ ਸਥਾਨ ‘ਤੇ ਰੱਖਿਆ। 8 ਮਾਰਚ, 1783 ਨੂੰ ਮਲਕਾ ਗੰਜ, ਸਬਜ਼ੀ ਮੰਡੀ, ਮੁਗ਼ਲਪੁਰਾ ਅਤੇ ਅਜਮੇਰੀ ਦਰਵਾਜ਼ੇ ਨੂੰ ਬੁਰ੍ਹੀ ਤਰ੍ਹਾਂ ਤਹਿਸ-ਨਹਿਸ ਕਰਕੇ ਸਿੱਖ ਫੌਜਾਂ ਅੱਗੇ ਵਧੀਆਂ। ਦੂਜੇ ਪਾਸਿਓਂ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਆਪਣੇ 10 ਹਜ਼ਾਰ ਸੈਨਿਕਾਂ ਨਾਲ ਹਿਸਾਰ ਵਾਲੇ ਪਾਸਿਓਂ ਦਿੱਲੀ ਪੁੱਜਾ। 11 ਮਾਰਚ, 1783 ਨੂੰ ਸਮੁੱਚੇ ਸ਼ਹਿਰ ਉੱਪਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸਿੱਖ ਕੌਮ ਦੇ ਤਿੰਨੇ ਪ੍ਰਸਿੱਧ ਜਰਨੈਲਾਂ ਨੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਲਾਲ ਕਿਲ੍ਹੇ ਉਪਰ ਕੇਸਰੀ ਨਿਸ਼ਾਨ ਸਾਹਿਬ ਲਹਿਰਾਅ ਕੇ ਦੁਨੀਆ ਦੇ ਇਤਿਹਾਸ ਵਿਚ ਇਕ ਹੋਰ ਸੁਨਹਿਰੀ ਪੰਨਾ ਜੋੜ ਦਿੱਤਾ। ਦਿੱਲੀ ਦੇ ਤਖ਼ਤ ‘ਤੇ ਬੈਠਣ ਲਈ ਜੱਸਾ ਸਿੰਘ ਰਾਮਗੜ੍ਹੀਆ ਅਤੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੇ ਸੈਨਿਕਾਂ ਨੇ ਆਪੋ ਵਿਚ ਇਕ-ਦੂਜੇ ਖਿਲਾਫ਼ ਤਲਵਾਰਾਂ ਵੀ ਸੂਤ ਲਈਆਂ ਸਨ ਪਰ ਪ੍ਰਮੁੱਖ ਜਰਨੈਲਾਂ ਦੀ ਸਿਆਣਪ ਨਾਲ ਮਾਮਲਾ ਠੰਢਾ ਪੈ ਗਿਆ। ਸਾਰੀ ਸਿੱਖ ਫੌਜ ਦਾ ਟਿਕਾਣਾ ਸਬਜ਼ੀ ਮੰਡੀ ਵਿਚ ਕੀਤਾ ਗਿਆ।
ਦਿੱਲੀ ਦੇ ਜੇਤੂ ਜਰਨੈਲ ਜਥੇਦਾਰ ਬਘੇਲ ਸਿੰਘ ਧਾਲੀਵਾਲ ਦੇ ਨਾਲ ਮੁਗ਼ਲ ਬਾਦਸ਼ਾਹ ਵੱਲੋਂ ਸ਼ਰਤਾਂ ਤਹਿਤ ਸਮਝੌਤਾ ਕੀਤਾ ਗਿਆ, ਜਿਸ ਅਨੁਸਾਰ ਸਿੱਖ ਫੌਜਾਂ ਵੱਲੋਂ ਜਥੇਦਾਰ ਬਘੇਲ ਸਿੰਘ ਦੀ ਅਗਵਾਈ ਹੇਠ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦਾ ਨਿਰਮਾਣ ਕਰਵਾਇਆ ਜਾਵੇਗਾ ਅਤੇ ਮੁਗ਼ਲ ਸਲਤਨਤ ਆਪਣੇ ਕੁੱਲ ਮਾਲੀਏ ਦਾ ਸਾਢੇ 12 ਫੀਸਦੀ ਸਿੱਖ ਫੌਜਾਂ ਨੂੰ ਦੇਣ ਲਈ ਪਾਬੰਦ ਹੋਵੇਗੀ। ਕਈ ਇਤਿਹਾਸਕਾਰਾਂ ਵੱਲੋਂ ਸਾਢੇ 12 ਫੀਸਦੀ ਦੀ ਜਗ੍ਹਾ ਸਾਢੇ 37 ਫੀਸਦੀ ਵੀ ਲਿਖਿਆ ਗਿਆ ਹੈ।
ਇਸ ਤੋਂ ਬਿਨਾਂ ਸਿੱਖ ਅੱਗੇ ਤੋਂ ਕਦੇ ਵੀ ਦਿੱਲੀ ਵੱਲ ਨੂੰ ਕੂਚ ਨਹੀਂ ਕਰਨਗੇ। ਸਮਝੌਤੇ ਅਨੁਸਾਰ ਕਰੀਬ 9-10 ਮਹੀਨੇ ਵਿਚ ਹੀ ਸਿੱਖ ਫੌਜਾਂ ਵੱਲੋਂ ਦਿੱਲੀ ਵਿਚ 7 ਇਤਿਹਾਸਕ ਗੁਰਦੁਆਰਿਆਂ ਦਾ ਨਿਰਮਾਣ ਕਰਾਉਣ ਤੋਂ ਬਾਅਦ ਦਸੰਬਰ 1783 ਵਿਚ ਜਥੇਦਾਰ ਬਘੇਲ ਸਿੰਘ ਤੇ ਹੋਰ ਸਿੱਖ ਜਰਨੈਲਾਂ ਨੇ ਦਿੱਲੀ ਨੂੰ ਛੱਡ ਦਿੱਤਾ। ਜਥੇਦਾਰ ਬਘੇਲ ਸਿੰਘ ਧਾਲੀਵਾਲ ਸੰਨ 1802 ਨੂੰ ਹਰਿਆਣਾ (ਹੁਸ਼ਿਆਰਪੁਰ) ਵਿਖੇ ਚਲਾਣਾ ਕਰ ਗਏ।
-ਗੁਰਪ੍ਰੀਤ ਸਿੰਘ ਤਲਵੰਡੀ
ਪਿੰਡ ਤਲਵੰਡੀ ਖੁਰਦ (ਲੁਧਿਆਣਾ)
ਸੰਪਰਕ : 98144-51414