May 2, 2026 2:04 pm

ਨਵਜੰਮੇ ਬੱਚੇ ਲਈ ਪਹਿਲੇ ਘੰਟੇ ਦੌਰਾਨ ਮਾਂ ਦਾ ਦੁੱਧ ਬਹੁਤ ਜ਼ਰੂਰੀ : ਡੀ.ਸੀ. ਮਾਨਸਾ

ਮਾਨਸਾ, 7 ਸਤੰਬਰ (ਵਕੀਲ ਬਾਂਸਲ)- ਔਰਤਾਂ ਨੂੰ ਸੰਤੁਲਿਤ ਖ਼ੁਰਾਕ ਦੀ ਅਹਿਮੀਅਤ ਪ੍ਰਤੀ ਜਾਗਰੂਕ ਕਰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਪ੍ਰਗਟਾਵਾ ਕੀਤਾ ਕਿ ਨਵਜੰਮੇਂ ਬੱਚੇ ਲਈ ਪਹਿਲੇ ਇੱਕ ਘੰਟੇ ਦੌਰਾਨ ਮਾਂ ਦਾ ਦੁੱਧ ਅੰਮ੍ਰਿਤ ਸਮਾਨ ਹੁੰਦਾ ਹੈ। ਇਸ ਲਈ ਔਰਤਾਂ ਨੂੰ ਜਿੱਥੇ ਖ਼ੁਦ ਸੰਤੁਲਿਤ ਖ਼ੁਰਾਕ ਨਿਰੰਤਰ ਲੈਣੀ ਚਾਹੀਦੀ ਹੈ, ਉਥੇ ਨਵਜੰਮੇ ਬੱਚਿਆਂ ਨੂੰ ਆਪਣਾ ਦੁੱਧ ਪਿਲਾਉਣ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ। ਸਤੰਬਰ ਮਹੀਨੇ ਨੂੰ ‘ਰਾਸ਼ਟਰੀ ਪੋਸ਼ਣ ਮਹੀਨੇ’ ਵਜੋਂ ਮਨਾਉਣ ਸਬੰਧੀ ਬੱਚਤ ਭਵਨ ਵਿਖੇ ਕਲ ਸ਼ਾਮ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪੋਸ਼ਣ ਮੁਹਿੰਮ ਨੂੰ ਜਨ-ਜਨ ਤੱਕ ਪੰਹੁਚਾਉਣ। ਉਨ੍ਹਾਂ ਇਸ ਮੌਕੇ ਪੌਸ਼ਟਿਕ ਖ਼ੁਰਾਕ ਸਬੰਧੀ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸਹੁੰ ਵੀ ਚੁਕਾਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਗਰਭਵਤੀ ਔਰਤਾਂ ਨੂੰ ਭਰਪੂਰ ਪੌਸ਼ਟਿਕ ਖ਼ੁਰਾਕ ਲੈਣ ਲਈ ਜਾਗਰੂਕ ਕੀਤਾ ਜਾਵੇ। ਉਨ੍ਹਾਂ ਇਸ ਦੇ ਨਾਲ-ਨਾਲ ਸਿਹਤ ਸੰਭਾਲ ਅਤੇ ਸਕੂਲ ਪ੍ਰਬੰਧਨ ਕਮੇਟੀਆਂ ਨੂੰ ਵੀ ਆਪਣੇ-ਆਪਣੇ ਪੱਧਰ ’ਤੇ ਵਿਸ਼ੇਸ਼ ਉਪਰਾਲੇ ਕਰਕੇ ਜਾਗਰੂਕਤਾ ਫੈਲਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪੋਸ਼ਣ ਅਭਿਆਨ ਤਹਿਤ ਹਰ ਵਿਅਕਤੀ, ਸੰਸਥਾ ਅਤੇ ਨੁਮਾਇੰਦੇ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਕੁਪੋਸ਼ਣ ਮੁਕਤ ਸਮਾਜ ਸਿਰਜਣ ਲਈ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਏਗਾ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਪੋਸ਼ਣ ਤਕਨੀਕ ਦੀ ਮਦਦ ਨਾਲ ਲੋਕਾਂ ਲਈ ਵਧੀਆ ਖ਼ੁਰਾਕ ਅਤੇ ਵਿਹਾਰ ਵਿੱਚ ਸਾਕਾਰਾਤਮਕ ਬਦਲਾਅ ਲਿਆਂਦਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਆਈ.ਸੀ.ਡੀ.ਐਸ., ਸਿੱਖਿਆ, ਸਿਹਤ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗਾਂ ਨੂੰ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸੌਂਪੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦੇ ਨਿਰਦੇਸ਼ ਦਿੱਤੇ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀ ਰਾਕੇਸ਼ ਵਾਲੀਆਂ ਨੇ ਦੱਸਿਆ ਕਿ ਰਾਸ਼ਟਰੀ ਪੋਸ਼ਣ ਮਹੀਨਾ ਮਨਾਉਣ ਦਾ ਉਦੇਸ਼ ਲੋਕਾਂ ਨੂੰ ਸੰਤੁਲਿਤ ਖ਼ੁਰਾਕ ਦੀ ਮਹੱਤਤਾ ਸਬੰਧੀ ਵਿਸਥਾਰ ਨਾਲ ਜਾਣਕਾਰੀ ਦੇਣਾ ਹੈ ਅਤੇ ਵਿਭਾਗ ਇਸ ਕਾਰਜ ਨੂੰ ਮਿਸ਼ਨ ਵਜੋਂ ਲੈਂਦਿਆਂ ਨੇਪਰੇ ਚਾੜ੍ਹੇਗਾ।

Send this to a friend