May 2, 2026 8:42 am

ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਨੂੰ ਲੈ ਕੇ ਸ੍ਰੀ ਅਕਾਲ ਤਖਤ ਤੋਂ ਚੱਲਿਆ ਚੇਤਨਾ ਮਾਰਚ ਦਮਦਮਾ ਸਾਹਿਬ ਪੁੱਜਾ

ਤਲਵੰਡੀ ਸਾਬੋ, 5 ਸਤੰਬਰ (ਰਾਮ ਰੇਸ਼ਮ ਸ਼ਰਨ)- ਸਿੱਖ ਪੰਥ ਦੇ ਸ਼੍ਰੋਮਣੀ ਸ਼ਹੀਦਾਂ ਵਿੱਚ ਗਿਣੇ ਜਾਣ ਵਾਲੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 357ਵੇਂ ਜਨਮ ਦਿਹਾੜੇ ਨੂੰ ਲੈ ਕੇ ਸ਼ਹੀਦ ਬਾਬਾ ਜੀਵਨ ਸਿੰਘ ਵਿੱਦਿਅਕ ਅਤੇ ਭਲਾਈ ਟਰੱਸਟ (ਰਜਿ.) ਵੱਲੋਂ ਬੀਤੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਰਵਾਨਾ ਕੀਤਾ ਗਿਆ ਵਿਸ਼ਾਲ ਚੇਤਨਾ ਮਾਰਚ ਬੀਤੀ ਦੇਰ ਰਾਤ ਤਖਤ ਸ੍ਰੀ ਦਮਦਮਾ ਸਾਹਿਬ ਪੁੱਜ ਕੇ ਸੰਪੰਨ ਹੋਇਆ।ਅੱਜ ਮਾਰਚ ਦੇ ਤੀਜੇ ਦਿਨ ਦਮਦਮਾ ਸਾਹਿਬ ਦੇ ਭਾਈ ਡੱਲ ਸਿੰਘ ਦੀਵਾਨ ਹਾਲ ਵਿੱਚ ਟਰੱਸਟ ਵੱਲੋਂ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਇੱਕ ਸੈਮੀਨਾਰ ਵੀ ਕਰਵਾਇਆ ਗਿਆ ਜਿਸ ਵਿੱਚ ਸ਼ਹੀਦ ਬਾਬਾ ਜੀਵਨ ਸਿੰਘ ਦੇ ਜੀਵਨ ਅਤੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂੰ ਕਰਵਾਇਆ ਗਿਆ। ਵਿਸ਼ਾਲ ਚੇਤਨਾ ਮਾਰਚ ਦਾ ਤਖਤ ਸਾਹਿਬ ਪੁੱਜਣ ਤੇ ਤਖਤ ਸਾਹਿਬ ਦੇ ਪ੍ਰਬੰਧਕਾਂ ਨੇ ਸ਼ਾਨਦਾਰ ਸਵਾਗਤ ਕੀਤਾ।ਅੱਜ ਦੀਵਾਨ ਹਾਲ ਵਿੱਚ ਸੈਮੀਨਾਰ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਟਰੱਸਟ ਦੇ ਚੇਤਨਾ ਮਾਰਚ ਨਾਲ ਆਈਆਂ ਸੰਗਤਾਂ ਨੂੰ ਟਰੱਸਟ ਦੇ ਪ੍ਰਧਾਨ ਭਾਈ ਜਸਵੰਤ ਸਿੰਘ ਕਾਰ ਸੇਵਾ ਵਾਲਿਆਂ ਨੇ ਸੰਗਤਾਂ ਨੂੰ ਬਾਬਾ ਜੀਵਨ ਸਿੰਘ ਦੇ ਇਤਿਹਾਸ ਤੋਂ ਜਾਣੂੰ ਕਰਵਾਉਣ ਦੇ ਨਾਲ ਨਾਲ ਇਤਿਹਾਸ ਸਬੰਧੀ ਮੁਫਤ ਪੁਸਤਕਾਂ ਵੰਡੀਆਂ ਗਈਆਂ।ਸੰਗਤਾਂ ਵੱਲੋਂ ਇਸ ਮੌਕੇ ਸਰਵਸੰਮਤੀ ਨਾਲ ਮਤਾ ਪਾਸ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਗਈ ਕਿ ਦੇਸ਼ ਵਿੱਚ ਵਸਦੇ ਵੱਡੀ ਗਿਣਤੀ ਮਜ੍ਹਬੀ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਅਨੁਸਾਰ ਬਾਬਾ ਜੀਵਨ ਸਿੰਘ ਦੀ ਯਾਦ ਵਿੱਚ ਬੀਤੇ ਸਮੇਂ ਵਿੱਚ ਬਣਵਾਏ ਗਏ ਬੁੰਗਾ ਸਾਹਿਬ ਦੀ ਸੇਵਾ ਸੰਭਾਲ ਉਨਾਂ ਨੂੰ ਸੌਂਪੀ ਜਾਵੇ।ਦੂਜੇ ਮਤੇ ਵਿੱਚ ਸ਼੍ਰੋਮਣੀ ਕਮੇਟੀ ਤੋਂ ਮੰਗ ਕੀਤੀ ਗਈ ਕਿ ਪਿਛਲੇ ਸਮੇਂ ਵਿੱਚ ਅਦਾਲਤੀ ਹੁਕਮਾਂ ਦਾ ਸਨਮਾਨ ਕਰਦਿਆਂ ਇੱਕ ਹੁਕਮਨਾਮਾ ਜਾਰੀ ਕੀਤਾ ਜਾਵੇ ਕਿ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਨੇ 22-23 ਦਸੰਬਰ 1704 ਈ: ਦੀ ਰਾਤ ਨੂੰ ਚਮਕੌਰ ਦੀ ਗੜੀ ਛੱਡਣ ਤੋਂ ਪਹਿਲਾਂ ਆਪਣੀ ਕਲਗੀ ਤੇ ਪੁਸ਼ਾਕਾ ਗੁਰੁੂ ਕੇ ਬੇਟੇ ਬਾਬਾ ਜੀਵਨ ਸਿੰਘ ਜੀ ਨੂੰ ਬਖਸ਼ਿਸ ਕਰਕੇ ਵਫਾਦਾਰੀ ਤੇ ਮੋਹਰ ਲਗਾਈ ਸੀ। ਇਸ ਮੌਕੇ ਸੰਗਤਾਂ ਨੇ ਬਾਬਾ ਜੀਵਨ ਸਿੰਘ ਦੀਆਂ ਸਿੱਖਿਆਵਾਂ ਅਤੇ ਇਤਿਹਾਸ ਨੂੰ ਘਰ ਘਰ ਪਹੁੰਚਾਉਣ ਦਾ ਪ੍ਰਣ ਲਿਆ।ਟਰੱਸਟ ਵੱਲੋਂ ਪ੍ਰਬੰਧਕਾਂ ਨੇ ਮਾਰਚ ਵਿੱਚ ਵੱਖ ਵੱਖ ਸੂਬਿਆਂ ਤੇ ਖੇਤਰਾਂ ਤੋਂ ਸ਼ਾਮਿਲ ਹੋਈਆਂ ਵੱਡੀ ਗਿਣਤੀ ਸੰਗਤਾਂ ਦਾ ਧੰਨਵਾਦ ਵੀ ਕੀਤਾ ਗਿਆ।ਇਸ ਮੌਕੇ ਟਰੱਸਟ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਬਦਲੇ ਸੰਗਤ ਵੱਲੋਂ ਭਾਈ ਜਸਵੰਤ ਸਿੰਘ ਕਾਰ ਸੇਵਾ ਵਾਲਿਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਮਾਗਮ ਨੂੰ ਕੈਪਟਨ ਸਵਰਨ ਸਿੰਘ ਸੀਨ:ਮੀਤ ਪ੍ਰਧਾਨ,ਕੈਪਟਨ ਸੱਤਪਾਲ ਸਿੰਘ ਤਰਨਤਾਰਨ,ਭਾਈ ਜਸਵੰਤ ਸਿੰਘ ਡੀ.ਡੀ.ਪੀ.ਓ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜਿਲ੍ਹਾ ਬਠਿੰਡਾ ਪ੍ਰਧਾਨ ਤੋਂ ਇਲਾਵਾ ਬਲਾਕ ਤਲਵੰਡੀ ਸਾਬੋ ਦੇ ਪ੍ਰਧਾਨ ਕੁਲਵਿੰਦਰ ਸਿੰਘ ਗਿਆਨਾ, ਕਸ਼ਮੀਰ ਸਿੰਘ ਗਿਆਨਾ, ਰਣਜੀਤ ਸਿੰਘ ਬੰਗੀ ਆਦਿ ਵੀ ਹਾਜਿਰ ਸਨ ਜਦੋਂਕਿ ਇਸ ਮੌਕੇ ਜਿਲ੍ਹਾ ਬਠਿੰਡਾ ਇਕਾਈ ਨੇ ਸਟੇਜ ਦੀ ਜਿੰਮੇਵਾਰੀ ਸੰਭਾਲੀ।

Send this to a friend