ਮਾਲੇਰਕੋਟਲਾ, 1 ਸਤੰਬਰ (ਅਸ਼ੋਕ ਜੋਸ਼ੀ)- ਸਥਾਨਕ ਭਾਜਪਾ ਦਾ ਇੱਕ ਵਫਦ ਚਮਨ ਸ਼ਰਮਾ ਦੀ ਅਗਵਾਈ ‘ਚ ਡੀ.ਐਸ.ਪੀ ਮਾਲੇਰਕੋਟਲਾ ਯੋਗੀਰਾਜ ਸ਼ਰਮਾ ਨੂੰ ਮਿਲਿਆ।ਉਨਾਂ ਨੇ ਡੀ.ਐਸ.ਪੀ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੱਦੇਨਜ਼ਰ ਸ਼ਹਿਰ ਦੇ ਮੰਦਿਰਾਂ ਤੇ ਮੁੱਖ ਬਾਜ਼ਾਰਾਂ ’ਚ ਪੁਲਿਸ ਸੁਰੱਖਿਆ ਵਧਾਉਣ ਸਬੰਧੀ ਇੱਕ ਮੰਗ ਪੱਤਰ ਸੋਂਪਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਦੱਸਿਆ ਕਿ ਮੰਗ ਪੱਤਰ ਵਿੱਚ ਡੀ.ਐਸ.ਪੀ. ਸਾਹਿਬ ਨੂੰ ਦੱਸਿਆ ਗਿਆ ਹੈ ਕਿ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉਹਾਰ ਮੌਕੇ ਔਰਤਾਂ ਤੇ ਬੱਚੇ ਜ਼ਿਆਦਾ ਸੰਖਿਆ ’ਚ ਬਾਜ਼ਾਰਾਂ ਵਿੱਚੋਂ ਲੰਘ ਕੇ ਮੰਦਿਰਾਂ ਆਦਿ ਲਈ ਜਾਂਦੇ ਹਨ, ਅਜਿਹੇ ’ਚ ਕਈ ਸ਼ਰਾਰਤੀ ਵਿਅਕਤੀ ਔਰਤਾਂ ਤੇ ਲੜਕੀਆਂ ਦੇ ਨਾਲ ਮੌਕਾ ਦੇਖਕੇ ਛੇੜ ਛਾੜ ਕਰਨ ਲੱਗ ਜਾਂਦੇ ਹਨ। ਮੰਗ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਡੀ.ਐਸ.ਪੀ. ਯੋਗੀਰਾਜ ਸ਼ਰਮਾ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੇ ਵੱਲੋਂ ਆਉਣ ਵਾਲੇ ਤਿਉਹਾਰ ਮੌਕੇ ਸੁਰੱਖਿਆ ਦੇ ਕੜੇ ਪ੍ਰਬੰਧ ਰੱਖਣਗੇ ਤੇ ਕਿਸੇ ਵੀ ਸ਼ਰਾਰਤ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਕੌਂਸਲਰ ਅੰਕੂ ਯਖਮੀ, ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਅਭਿਨਵ ਕਾਂਸਲ, ਜਿਲ੍ਹਾ ਯੁਵਾ ਮੋਰਚਾ ਦੇ ਉਪ ਪ੍ਰਧਾਨ ਨਿਤਿਨ ਗੁਪਤਾ, ਤੇ ਭਾਜਪਾ ਮਾਲੇਰਕੋਟਲਾ ਦੇ ਉਪ ਪ੍ਰਧਾਨ ਸੁਰੇਸ਼ ਸ਼ਰਮਾ ਹਾਜ਼ਰ ਸਨ।