ਵਜੀਦਪੁਰ, 1 ਸਤੰਬਰ (ਰਵੀ ਸ਼ਰਮਾ)- ਜ਼ਿਲ੍ਹਾ ਮੈਜਿਸਟ੍ਰੇਟ ਫ਼ਿਰੋਜ਼ਪੁਰ ਸ. ਬਲਵਿੰਦਰ ਸਿੰਘ ਧਾਲੀਵਾਲ ਆਈ.ਏ. ਐਸ. ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਣਾਏ ਰਖਣ ਲਈ ਜ਼ਿਲ੍ਹੇ ਦੇ ਸਾਰੇ ਅਸਲਾਧਾਰੀਆਂ ਨੂੰ ਆਪਣਾ-ਆਪਣਾ ਅਸਲਾ 4 ਸਤੰਬਰ 2018 ਨੂੰ ਸ਼ਾਮ 5 ਵਜੇ ਤਕ ਨੇੜੇ ਦੇ ਪੁਲਿਸ ਥਾਣਿਆਂ ਜਾਂ ਅਸਲਾ ਡੀਲਰਾਂ ਪਾਸ ਹਰ ਹਾਲਤ ਵਿਚ ਜਮ੍ਹਾ ਕਰਵਾਉਣ ਦੇ ਹੁਕਮ ਦਿਤੇ ਹਨ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਉਨ੍ਹਾਂ ਦੇ ਲਾਇਸੰਸ ਵੀ ਰਦ ਕੀਤੇ ਜਾਣਗੇ। ਇਹ ਹੁਕਮ 15 ਅਕਤੂਬਰ 2018 ਤਕ ਲਾਗੂ ਰਹੇਗਾ। ਜ਼ਿਲ੍ਹਾ ਮੈਜਿਸਟਰੇਟ ਨੇ ਦਸਿਆ ਕਿ ਜ਼ਿਲ੍ਹਾ ਪ੍ਰੀਸ਼ਦ/ਬਲਾਕ ਸੰਮਤੀ ਦੀਆਂ ਚੋਣਾਂ 19-09-2018 ਅਤੇ ਗ੍ਰਾਮ ਪੰਚਾਇਤ ਦੀਆਂ ਚੋਣਾਂ 14-10-2018 ਨੂੰ ਹੋਣੀਆਂ ਹਨ। ਇਸ ਲਈ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਣਾਏ ਰਖਣ ਲਈ ਜ਼ਿਲ੍ਹੇ ਦੇ ਸਾਰੇ ਅਸਲਾ ਲਾਇਸੰਸੀਆਂ ਨੂੰ ਆਪਣੇ-ਆਪਣੇ ਹਥਿਆਰ ਚੁਕ ਕੇ ਤੁਰਨ ਦੀ ਮਨਾਹੀ ਹੈ। ਉਨ੍ਹਾਂ ਦਸਿਆ ਕਿ ਚੋਣਾਂ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਬਰਕਰਾਰ ਰਖਣ ਲਈ ਅਸਲਾਧਾਰੀਆਂ ਪਾਸੋਂ ਉਨ੍ਹਾਂ ਦੇ ਅਸਲੇ ਨੂੰ ਜਮ੍ਹਾ ਕਰਵਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਕਿਸੇ ਕਿਸਮ ਦੀ ਘਟਨਾ ਨਾ ਵਾਪਰੇ।