ਖਾਲਸਾਈ ਜਲੌ ‘ਹੋਲਾ ਮਹੱਲਾ’

ਹਰਭਜਨ ਸਿੰਘ ਵਕਤਾ

ਸੰਪਰਕ : 98148-98510
ਅੰਮ੍ਰਿਤਸਰ
ਸਿੱਖ ਇਤਿਹਾਸ ਦੇ ਪੰਨਿਆਂ ਤੇ ਨਜ਼ਰ ਮਾਰਦਿਆਂ ਇਹ ਪਰਤੱਖ ਹੁੰਦਾ ਹੈ ਕਿ ਸਿੱਖ ਧਰਮ ਦੇ ਸੰਸਥਾਪਕ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸਿੱਖ ਗੁਰੂ ਸਾਹਿਬਾਨ ਵੱਲੋਂ ਸਮੇਂ-ਸਮੇਂ ’ਤੇ ਵੱਖ-ਵੱਖ ਨਗਰਾਂ ਦੀ ਸਥਾਪਨਾ ਕੀਤੀ ਗਈ। ਕਰਤਾਰਪੁਰ (ਪਾਕਿਸਤਾਨ), ਸ੍ਰੀ ਗੋਇੰਦਵਾਲ ਸਾਹਿਬ, ਗੁਰੂ ਕਾ ਚੱਕ (ਹੁਣ ਅੰਮ੍ਰਿਤਸਰ), ਤਰਨਤਾਰਨ, ਸ੍ਰੀ ਹਰਗੋਬਿੰਦਪੁਰ, ਸ੍ਰੀ ਅਨੰਦਪੁਰ ਸਾਹਿਬ ਆਦਿ ਨਗਰਾਂ ਨੂੰ ਸਿੱਖ ਗੁਰੂ ਸਾਹਿਬਾਨ ਨੇ ਵਸਾਇਆ। ਇਨ੍ਹਾਂ ਨਗਰਾਂ ਵਿਚੋਂ ਸ੍ਰੀ ਅਨੰਦਪੁਰ ਸਾਹਿਬ ਉਹ ਨਗਰ ਹੈ, ਜਿੱਥੇ ਦੱਸਵੇਂ ਸਤਿਗੁਰੂ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ ਕੌਮ ਅੰਦਰ ਇਨਕਲਾਬੀ ਜਜ਼ਬਾ ਪੈਦਾ ਕੀਤਾ। ਦੁਨੀਆਂ ਦੇ ਇਤਿਹਾਸ ਅੰਦਰ ਖਾਲਸਾ ਪ੍ਰਗਟ ਕਰਨ ਦੀ ਗਾਥਾ ਅਸਲੋਂ ਹੀ ਨਿਵੇਕਲੀ ਹੋਣ ਕਾਰਨ ਇਹ ਨਗਰ ਵਿਸ਼ਵ ਪੱਧਰ ’ਤੇ ਵੱਖਰੀ ਨੁਹਾਰ ਰੱਖਦਾ ਹੈ। ਇਸੇ ਹੀ ਨਗਰ ਵਿਚ ਦਸਮ ਪਾਤਸ਼ਾਹ ਨੇ ਹੋਲਗੜ੍ਹ ਕਿਲੇ ਦੇ ਸਥਾਨ ਤੇ ਸੰਮਤ 1757 ਨੂੰ ਖਾਲਸਾਈ ਤਿਉਹਾਰ ‘ਹੋਲਾ ਮਹੱਲਾ’ ਦੀ ਆਰੰਭਤਾ ਕੀਤੀ। ਇਹ ਤਿਉਹਾਰ ਆਪ ਨੇ ਪਰੰਪਰਾਵਾਦੀ ਤਿਉਹਾਰ ‘ਹੋਲੀ’ ਦੀ ਥਾਂ ’ਤੇ ਆਰੰਭਿਆ।ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਅੰਦਰ ‘ਹੋਲਾ ਮਹੱਲਾ’ ਦੇ ਅਰਥ ਹਮਲਾ, ਹੱਲਾ ਅਤੇ ਹੱਲੇ ਦੀ ਥਾਂ ਕੀਤੇ ਹਨ। ਮਹਾਨ ਕੋਸ਼ ਦਾ ਕਰਤਾ ‘ਹੋਲਾ ਮਹੱਲਾ’ ਸਬੰਧੀ ਲਿਖਦਾ ਹੈ, ਠਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਨੂੰ ਸ਼ਸਤਰ ਅਤੇ ਯੁੱਧ ਵਿੱਦਿਆ ਵਿਚ ਨਿਪੁੰਨ ਕਰਨ ਲਈ ਇਹ ਰੀਤ ਚਲਾਈ ਸੀ। ਪਾਤਸ਼ਾਹ ਦੋ ਦਲ ਬਣਾ ਕੇ ਇੱਕ ਖਾਸ ਥਾਂ ’ਤੇ ਕਬਜ਼ਾ ਕਰਨ ਲਈ ਹਮਲਾ ਕਰਨ ਨੂੰ ਆਖਦੇ। ਕਲਗੀਧਰ ਆਪ ਇਸ ਮਸਨੂਈ ਜੰਗ ਦਾ ਕਰਤਬ ਦੇਖਦੇ ਅਤੇ ਦੋਹਾਂ ਦਲਾਂ ਨੂੰ ਸ਼ੁੱਭ ਸਿੱਖਿਆ ਦਿੰਦੇ ਸਨ। ਜੋ ਦਲ ਕਾਮਯਾਬ ਹੁੰਦਾ ਉਸ ਨੂੰ ਦੀਵਾਨ ਵਿਚ ਸਿਰੋਪਾ ਬਖ਼ਸ਼ਦੇ ਸਨ।ੂ

ਸਿੱਖ ਪੰਥ ਵਿਸ਼ਵਕੋਸ਼ (ਡਾ. ਰਤਨ ਸਿੰਘ ਜੱਗੀ) ਅਨੁਸਾਰ, ਠਹੋਲੀ ਦੇ ਪਰੰਪਰਾਗਤ ਤਿਉਹਾਰ ਦੇ ਸਮਨਾਂਤਰ ਗੁਰੂ ਗੋਬਿੰਦ ਸਿੰਘ ਜੀ ਨੇ ਹੋਲਾ ਮਹੱਲਾ ਖੇਡਣ ਦੀ ਰੀਤ ਚਲਾਈ ਕਿਉਂਕਿ ਦਸਮ ਗੁਰੂ ਨਵੇਂ ਸਿਰਜੇ ਖਾਲਸੇ ਨੂੰ ਯੁੱਧ ਵਿੱਦਿਆ ਵਿਚ ਪ੍ਰਬੀਨ ਬਣਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਪਰੰਪਰਾ ਤੋਂ ਹਟ ਕੇ ਇਸ ਤਿਉਹਾਰ ਦਾ ਸਬੰਧ ਯੁੱਧ ਪ੍ਰਕ੍ਰਿਆ ਨਾਲ ਜੋੜਿਆ।…… ਇਹ, ਅਸਲ ਵਿਚ ਸਿੱਖ ਸੈਨਿਕਾਂ ਨੂੰ ਅਭਿਆਸ ਕਰਾਉਣ ਲਈ ਇੱਕ ਬਣਾਵਟੀ ਯੁੱਧ ਹੁੰਦਾ ਸੀ। ਸੈਨਿਕਾਂ ਨੂੰ ਦੋ ਦਲਾਂ ਵਿਚ ਵੰਡ ਕੇ ਇੱਕ ਦਲ ਨੂੰ ਸਫ਼ੈਦ ਅਤੇ ਦੂਜੇ ਨੂੰ ਕੇਸਰੀ ਬਸਤਰ ਪਾਉਣ ਲਈ ਕਿਹਾ ਜਾਂਦਾ ਸੀ। ਬਣਾਵਟੀ ਜੰਗ ਦੇ ਕਈ ਰੂਪ ਹੁੰਦੇ ਸਨ। ਮੁੱਖ ਤੌਰ ਤੇ ਦੋਹਾਂ ਦਲਾਂ ਨੂੰ ਲੋਹਗੜ੍ਹ ਉਤੇ ਕਬਜ਼ਾ ਕਰਨ ਲਈ ਪ੍ਰੇਰਿਆ ਜਾਂਦਾ ਸੀ। ਜੋ ਦਲ ਪਹਿਲਾਂ ਕਬਜ਼ਾ ਕਰਦਾ ਉਸ ਨੂੰ ਇਨਾਮ ਤੇ ਸਿਰੋਪੇ ਦਿੱਤੇ ਜਾਂਦੇ ਜਾਂ ਫਿਰ ਇੱਕ ਦਲ ਨੂੰ ਲੋਹਗੜ੍ਹ ਉਤੇ ਕਾਬਜ਼ ਦੱਸਿਆ ਜਾਂਦਾ ਅਤੇ ਦੂਜੇ ਦਲ ਵਾਲੇ ਕਾਬਜ਼ ਦਲ ਨੂੰ ‘ਵੈਰੀ’ ਸਮਝ ਕੇ ਉਸ ਤੋਂ ਕਿਲ੍ਹਾ ਖੋਹਣ ਦਾ ਉ¤ਦਮ ਕਰਦੇ। ਜਿੱਤਣ ਵਾਲੇ ਦਲ ਨੂੰ ਖ਼ੂਬ ਇਨਾਮ ਦਿੱਤੇ ਜਾਂਦੇ। ਇਸ ਮੌਕੇ ਸੱਤ ਦਿਨ ਦੀਵਾਨ ਸੱਜਦੇ, ਕਥਾ ਕੀਰਤਨ ਹੁੰਦਾ, ਵਾਰਾਂ ਗਾਈਆਂ ਜਾਂਦੀਆਂ, ਅਨੇਕ ਤਰ੍ਹਾਂ ਦੀਆਂ ਫ਼ੌਜੀ ਕਵਾਇਦਾਂ ਜਾਂ ਮਸਕਾਂ ਹੁੰਦੀਆਂ। ਹਰ ਪਾਸੇ ਚੜ੍ਹਦੀ ਕਲਾ ਦਾ ਮਾਹੌਲ ਬਣਿਆ ਰਹਿੰਦਾ। ਇਨ੍ਹਾਂ ਸਾਰੀਆਂ ਕਾਰਵਾਈਆਂ ਵਿਚ ਗੁਰੂ ਸਾਹਿਬ ਰੁਚੀ-ਪੂਰਵਾਕ ਸ਼ਾਮਲ ਹੁੰਦੇ ਅਤੇ ਸਿੱਖਾਂ ਦਾ ਉਤਸ਼ਾਹ ਵਧਾਉਂਦੇ।ੂ
ਇਨ੍ਹਾਂ ਹਵਾਲਿਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਦੱਸਵੇਂ ਸਤਿਗੁਰੂ ਜੀ ਸਿੱਖਾਂ ਅੰਦਰ ਯੁੱਧ ਵਿੱਦਿਆ ਦਾ ਸੰਚਾਰ ਕਰਨਾ ਚਾਹੁੰਦੇ ਸਨ ਅਤੇ ਇਸੇ ਮਨੋਰਥ ਨਾਲ ਹੀ ‘ਹੋਲਾ ਮਹੱਲਾ’ ਦੀ ਖਾਲਸਾਈ ਰੀਤ ਦਾ ਆਗਾਜ਼ ਕੀਤਾ ਗਿਆ। ਇਹ ਉਹ ਖਾਲਸਾਈ ਤਿਉਹਾਰ ਹੈ ਜੋ ਸਿੱਖਾਂ ਨੂੰ ਜੰਗੀ ਕਰਤਵ ਸਿਖਾਉਣ ਅਤੇ ਹਿੰਮਤ, ਅਣਖ, ਦਲੇਰੀ, ਤਿਆਗ, ਕੁਰਬਾਨੀ, ਦ੍ਰਿੜ੍ਹ ਨਿਸ਼ਚਾ, ਚੜ੍ਹਦੀ-ਕਲਾ, ਸਵੈ-ਵਿਸ਼ਵਾਸ, ਸਵੈ-ਰੱਖਿਆ, ਸਵੈ-ਮਾਣ, ਮਨੁੱਖੀ ਆਜ਼ਾਦੀ ਤੇ ਖਾਲਸਾਈ ਜਜ਼ਬੇ ਨਾਲ ਭਰਪੂਰ ਕਰਨ ਲਈ ਕਾਰਗਰ ਸਾਬਤ ਹੋਇਆ। ਗੁਰੂ ਸਾਹਿਬ ਜਾਣਦੇ ਸਨ ਕਿ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਕ੍ਰਾਂਤੀ ਲਈ ਮੁਰਦਾ ਹੋ ਚੁੱਕੀਆਂ ਪਰੰਪਰਾਵਾਂ ਦੇ ਬਦਲ ਵਜੋਂ ਇਨ੍ਹਾਂ ਨੂੰ ਨਵੇਂ ਅਤੇ ਸਾਰਥਿਕ ਰੂਪ ਵਿਚ ਪ੍ਰਗਟ ਕੀਤਾ ਜਾਵੇ। ਇਤਿਹਾਸ ਸਾਖੀ ਹੈ ਕਿ ‘ਵਿਸਾਖੀ’ ਅਤੇ ‘ਦੀਵਾਲੀ’ ਦੇ ਪਰੰਪਰਾਵਾਦੀ ਤਿਉਹਾਰਾਂ ਨੂੰ ਗੁਰੂ ਅਮਰਦਾਸ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਮੂਲੀਅਤ ਨੇ ਨਿਵੇਕਲੀ ਤੇ ਉਸਾਰੂ ਦਿਸ਼ਾ ਪ੍ਰਦਾਨ ਕੀਤੀ। ਇਸੇ ਲੜੀ ਦਾ ਹੀ ਹਿੱਸਾ ‘ਹੋਲਾ ਮਹੱਲਾ’ ਦਾ ਤਿਉਹਾਰ ਕਿਹਾ ਜਾ ਸਕਦਾ ਹੈ, ਕਿਉਂਕਿ ‘ਹੋਲੀ’ ਦੇ ਤਿਉਹਾਰ ਸਮੇਂ ਇੱਕ-ਦੂਸਰੇ ’ਤੇ ਰੰਗ ਸੁੱਟਣੇ ਲੋਕਾਈ ਦਾ ਸੁਭਾਅ ਬਣ ਚੁੱਕਾ ਸੀ। ਇਸ ਚਲਨ ਦੀ ਥਾਂ ਜਾਗ੍ਰਤੀ ਦੇ ਪ੍ਰਤੀਕ ‘ਹੋਲਾ ਮਹੱਲਾ’ ਨਾਲ ਇੱਕ ਨਵੇਂ ਅਧਿਆਇ ਦਾ ਆਰੰਭ ਹੋਇਆ। ਪਾਤਸ਼ਾਹ ਜੀ ਨੇ ਦੁਨਿਆਵੀ ਰੰਗਾਂ ਦੀ ਖੇਡ ਨੂੰ ਸਦੀਵੀ ਰੰਗਾਂ ਨਾਲ ਜੋੜ੍ਹ ਦਿੱਤਾ। ਜੁਝਾਰੂ ਅਤੇ ਬੀਰਤਾ ਦਾ ਉਹ ਰੰਗ ਜਿਸ ਦੀਆਂ ਤਹਿਆਂ ਵਿਚ ਗੁਰਬਾਣੀ ਦਾ ਕਲਿਆਣਕਾਰੀ ਉਪਦੇਸ਼ ਸਮੋਇਆ ਹੋਇਆ ਸੀ। ਅਧਿਆਤਮਕ ਉ¤ਚਤਾ ਲਈ ਗੁਰਬਾਣੀ ਦੇ ਰੰਗ ਵਿਚ ਰੰਗੇ ਮਨਾਂ ਅੰਦਰੋਂ ਮੌਤ ਦਾ ਭੈਅ ਤਾਂ ਪਹਿਲਾਂ ਹੀ ਖ਼ਤਮ ਹੋ ਚੁੱਕਾ ਸੀ। ‘ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਹਿ ਪਰਵਾਣੋ॥(ਪੰਨਾ 580)’ ਦੇ ਮਹਾਂਵਾਕ ਅਨੁਸਾਰ ਸੂਰਮਾ ਮੌਤ ਦੀ ਪ੍ਰਵਾਹ ਨਹੀਂ ਕਰਦਾ, ਸਗੋਂ ਉਹ ਤਾਂ ਧਰਮ ਯੁੱਧ ਲਈ ਆਪਣੇ-ਆਪ ਨੂੰ ਸਦਾ ਤਿਆਰ ਰੱਖਦਾ ਹੈ। ਇਸੇ ਹੀ ਪਾਠ ਨੂੰ ਦ੍ਰਿੜ ਕਰਾਉਂਦਿਆਂ ਦਸਮੇਸ਼ ਜੀ ਨੇ ‘ਹੋਲਾ ਮਹੱਲਾ’ ਰਾਹੀਂ ਸਿੱਖਾਂ ਨੂੰ ਧਰਮ ਯੁੱਧ ਲਈ ਸਰੀਰਕ ਤੌਰ ’ਤੇ ਤਿਆਰ ਕਰਨ ਦੀ ਸਿੱਖਿਆ ਦਿੱਤੀ। ਦਸਮ ਗੁਰੂ ਜੀ ਦੇ ਇਸ ਉ¤ਦਮ ਨਾਲ ਸਿੱਖਾਂ ਦੇ ਮਨਾਂ ਅੰਦਰ ਚੜ੍ਹਦੀ ਕਲਾ ਦੀ ਭਾਵਨਾ ਸਦੀਵੀ ਤੌਰ ਤੇ ਵੱਸ ਗਈ। ਇਸ ਤਰ੍ਹਾਂ ‘ਹੋਲਾ ਮਹੱਲਾ’ ਦਾ ਤਿਉਹਾਰ ਸਿੱਖ ਕੌਮ ਦੇ ਗੌਰਵਸ਼ਾਲੀ ਤਿਉਹਾਰ ਵਜੋਂ ਜਾਣਿਆ ਜਾਣ ਲੱਗ ਪਿਆ।
ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਰੰਭ ਕੀਤਾ ਗਿਆ ਸਿੱਖ ਕੌਮ ਦਾ ਇਹ ਗੌਰਵਸ਼ਾਲੀ ਤਿਉਹਾਰ ‘ਹੋਲਾ ਮਹੱਲਾ’ ਅੱਜ ਵੀ ਸਿੱਖ ਸੰਗਤਾਂ ਉਸੇ ਤਰ੍ਹਾਂ ਪੂਰੇ ਖਾਲਸਾਈ ਜਲੌ ਨਾਲ ਮਨਾਉਂਦੀਆਂ ਹਨ। ਸ੍ਰੀ ਅਨੰਦਪੁਰ ਸਾਹਿਬ ਵਿਖੇ ‘ਹੋਲਾ ਮਹੱਲਾ’ ਦੇ ਮੌਕੇ ਸੰਗਤਾਂ ਦਾ ਸਮੁੰਦਰ ਠਾਠਾਂ ਮਾਰਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਆਮਦ ਨੂੰ ਵੇਖਦਿਆਂ ਬਾਕਾਇਦਾ ਪ੍ਰਬੰਧ ਕੀਤੇ ਜਾਂਦੇ ਹਨ। ਨਿਹੰਗ ਸਿੰਘ ਪੂਰੇ ਜਾਹੋ-ਜਲਾਲ ਨਾਲ ਖਾਲਸਾਈ ਕਰਤਵ ਦਿਖਾਉਂਦੇ ਹਨ। ਸਜੇ ਦੀਵਾਨਾਂ ਵਿਚ ਸਿੱਖ ਕੌਮ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਕਥਾਕਾਰ, ਰਾਗੀ ਅਤੇ ਢਾਡੀ ਸਿੰਘ ਹਾਜ਼ਰੀ ਭਰਦੇ ਹਨ। ਇਸੇ ਤਰ੍ਹਾਂ ਹੀ ਵੱਖ-ਵੱਖ ਸ਼ਹਿਰਾਂ, ਨਗਰਾਂ ਅਤੇ ਪਿੰਡਾਂ ਅੰਦਰ ਸਿੱਖ ਸੰਗਤਾਂ ‘ਹੋਲਾ ਮਹੱਲਾ’ ਦੇ ਦਿਹਾੜੇ ਤੇ ਦੀਵਾਨ ਸਜਾਉਂਦੀਆਂ ਹਨ ਅਤੇ ਸਿੱਖ ਕੌਮ ਦੇ ਖਾਲਸਾਈ ਵਿਰਸੇ ਦੇ ਰੰਗ ਵਿਚ ਰੰਗੀਆਂ ਜਾਂਦੀਆਂ ਹਨ।

Send this to a friend