ਸ੍ਰੀ ਅਨੰਦਪੁਰ ਸਾਹਿਬ, 13 ਮਾਰਚ (ਦਵਿੰਦਰਪਾਲ ਸਿੰਘ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕਰਕੇ ਖਾਲਸੇ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਅੰਮ੍ਰਿਤ ਵੇਲੇ ਦੀਆਂ ਨਿੱਤਨੇਮ ਦੀਆਂ ਬਾਣੀਆਂ, ਪੰਜ ਕਕਾਰੀ ਰਹਿਤ ਅਤੇ ਬਾਣੀ-ਬਾਣੇ ਦੇ ਧਾਰਨੀ ਬਣਾਇਆ ਹੈ। ਇਸੇ ਅਸਥਾਨ ਤੇ ਸੰਨ 1700 ਈ. ਨੂੰ ਦਸਮੇਸ਼ ਪਿਤਾ ਜੀ ਨੇ ਹੋਲੇ ਮਹੱਲੇ ਦੀ ਸ਼ੁਰੂਆਤ ਕੀਤੀ ਸੀ। ਇਹਨਾਂ ਵਿਚਾਰਾਂ ਦਾ ਪ੍ਰੋਗਟਾਵਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕੀਤਾ। ਇਸ ਮੋਕੇ ਉਹਨਾਂ ਇਹ ਵੀ ਕਿਹਾ ਕਿ ਇਸ ਹੋਲੇ ਮਹੱਲੇ ਦੇ ਕੌਮੀ ਤਿਉਹਾਰ ਤੇ ਆਉਣ ਵਾਲੀਆਂ ਸੰਗਤਾਂ ਨੂੰ ਜੀਓ ਆਇਆਂ ਕਹਿੰਦਿਆਂ
ਨਾਲ ਹੀ ਅਪੀਲ ਕਰਦਾ ਹਾਂ ਕਿ ਕੋਈ ਵੀ ਮਨੁੱਖ ਕਿਸੇ ਪ੍ਰਕਾਰ ਦਾ ਨਸ਼ਾ ਸੇਵਨ ਕਰਕੇ ਨਾ ਅਵੇ ਅਤੇ ਧਾਰਮਿਕ ਦੀਵਾਨਾਂ ਅੰਦਰ ਅੰਮ੍ਰਿਤ ਵੇਲੇ ਗੁਰਬਾਣੀ ਦੇ ਨਿੱਤਨੇਮ ਕੀਤੇ ਜਾਣ ਅਤੇ ਸ਼ਾਮ ਵੇਲੇ ਸੋਦਰੁ ਰਹਿਰਾਸੁ ਸਾਹਿਬ ਜੀ ਦੇ ਪਾਠ ਕੀਤੇ ਜਾਣ। ਅੰਮ੍ਰਿਤ ਵੇਲੇ ਦੇ ਨਿੱਤਨੇਮ ਦੇ ਟਾਇਮ ਜਾਂ ਸੋਦਰੁ ਸਾਹਿਬ ਦੇ ਟਾਈਮ ਕੈਸਟਾਂ-ਗਾਣੇ ਆਦਿ ਲਗਾਉਣ ਤੋਂ ਸੰਕੋਚ ਕੀਤਾ ਜਾਵੇ।