ਮਾਮਲਾ ਸਿੱਖ ਜਥੇਬੰਦੀਆਂ ਵੱਲੋਂ ਬੀਬਾ ਬਾਦਲ ਤੇ ਮਜੀਠੀਆ ਦਾ ਵਿਰੋਧ ਕੀਤੇ ਜਾਣ ਦੀ ਭਿੰਣਕ ਪੈਣ ਦਾ
ਝਬਾਲ, 29 ਅਗਸਤ- ਜ਼ਿਲ੍ਹਾ ਤਰਨਤਾਰਨ ਦੇ ਪਿੰਡ ਮੂਸੇ ਕਲਾਂ ਵਿਖੇ ਹਰ ਸਾਲ ਕਰਾਏ ਜਾਂਦੇ ਧਾਰਮਿਕ ਸਮਾਗਮ ’ਚ ਸ਼ਾਮਲ ਹੋਣ ਲਈ ਪਹੁੰਚ ਰਹੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਕਾਫਲੇ ਨੂੰ ਜ਼ਿਲਾ ਪ੍ਰਸਾਸ਼ਨ ਵੱਲੋਂ ਉਸ ਵੇਲੇ ਰਸਤੇ ਚੋਂ ਹੀ ਵਾਪਸ ਮੋੜ ਦਿੱਤਾ ਜਦੋਂ ਪ੍ਰਸਾਸ਼ਨ ਨੂੰ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤੇ ਜਾਣ ਦੀ ਪਹਿਲਾਂ ਤੋਂ ਹੀ ਭਿੰਣਕ ਲੱਗ ਗਈ। ਦੱਸਣਾ ਬਣਦਾ ਹੈ ਕਿ ਪਿੰਡ ਮੂਸੇ ਕਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁਰਖਿਆਂ ਦਾ ਪਿੰਡ ਹੈ ਜਿਥੇ ਹਰ ਸਾਲ ਪਿੰਡ ਦੇ ਇਕ ਪਰਿਵਾਰ ਵੱਲੋਂ ਬਾਬਾ ਨੰਦ ਸਿੰਘ ਜੀ ਦੀ ਯਾਦ ’ਚ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੁਆ ਕੇ ਧਾਰਮਿਕ ਸਮਾਗਮ ਕਰਾਇਆ ਜਾਂਦਾ ਹੈ। ਇਸ ਸਮਾਗਮ ’ਚ ਜਿਥੇ ਕਈ ਵਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਪਹੁੰਚ ਚੁੱਕੇ ਹਨ, ਉਥੇ ਹੀ ਪਿੱਛਲੇ ਕਈ ਸਾਲਾਂ ਤੋਂ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਸਮੇਤ ਉਨ੍ਹਾਂ ਦਾ ਸਮੁੱਚਾ ਪਰਿਵਾਰ ਸ਼ਮੂਲੀਅਤ ਕਰ ਰਿਹਾ ਹੈ। ਅੱਜ ਵੀ ਹਰ ਸਾਲ ਦੀ ਤਰ੍ਹਾਂ ਸਮਾਗਮ ਕਰਾਇਆ ਜਾ ਰਿਹਾ ਸੀ, ਜਿਥੇ ਬਿਕਰਮ ਸਿੰਘ ਮਜੀਠੀਆ ਅਤੇ ਬੀਬਾ ਹਰਸਿਮਰਤ ਕੌਰ ਦੇ ਪਹੁੰਚਣ ਵਾਲੇ ਸਨ। ਬੁੱਧਵਾਰ ਨੂੰ ਸਵੇਰੇ 10:30 ਵਜੇ ਜਦੋਂ ਬੀਬਾ ਹਰਸਿਮਰਤ ਕੌਰ ਅਤੇ ਬਿਕਰਮ ਸਿੰਘ ਮਜੀਠੀਆ ਦਾ ਕਾਫਲਾ ਤਰਨਤਾਰਨ ਰੋਡ ਅੱਡਾ ਝਬਾਲ ਵਿਖੇ ਪੁੱਜਾ ਤਾਂ ਐਸ.ਪੀ. (ਐਚ) ਗੁਰਨਾਮ ਸਿੰਘ ਅਤੇ ਡੀ.ਐਸ.ਪੀ. ਸਿਟੀ ਤਰਨਤਾਰਨ ਸੁੱਚਾ ਸਿੰਘ ਬੱਲ ਦੀ ਅਗਵਾਈ ’ਚ ਪੁੱਜੀ ਪੁਲਿਸ ਫੋਰਸ ਵੱਲੋਂ ਉਕਤ ਕਾਫਲੇ ਨੂੰ ਰਸਤੇ ’ਚ ਹੀ ਰੋਕ ਲਿਆ ਗਿਆ ਅਤੇ ਸੁਰੱਖਿਆ ਦੇ ਹਲਾਤਾਂ ਨੂੰ ਮੁੱਖ ਰੱਖਦਿਆਂ ਵਾਪਸ ਭੇਜ ਦਿੱਤਾ ਗਿਆ। ਇੱਧਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਪੰਜਾਬ ਪ੍ਰਧਾਨ ਭਾਈ ਤਰਲੋਚਨ ਸਿੰਘ ਸੋਹਲ ਅਤੇ ਭਾਈ ਮਨਜੀਤ ਸਿੰਘ ਝਬਾਲ ਦੀ ਅਗਵਾਈ ’ਚ ਸਿੱਖ ਆਗੂ ਮਜੀਠੀਆ ਅਤੇ ਬੀਬਾ ਬਾਦਲ ਦਾ ਵਿਰੋਧ ਕਰਨ ਲਈ ਪਿੰਡ ਮੂਸੇ ਕਲਾਂ ਦੇ ਨਹਿਰ ਵਾਲੇ ਪੁੱਲ ’ਤੇ ਤਿਆਰ ਬਰ ਤਿਆਰ ਖੜ੍ਹੇ ਸਨ। ਸਿੱਖ ਆਗੂਆਂ ਨੇ ਹੱਥਾਂ ’ਚ ਗੋਹੇ ਵਾਲੀਆਂ ਥੈਲੀਆਂ, ਪਾਥੀਆਂ ਸਮੇਤ ‘ਅਕਾਲੀ ਦਲ ਰਾਮ ਰਹੀਮ ਦੇ ਚੇਲੇ ਅਤੇ ਸ਼੍ਰੀ ਗੁਰੂ ਗੰਥ ਸਾਹਿਬ ਦੇ ਦੋਸ਼ੀ ਅਕਾਲੀ ਦਲ…ਮੁਰਦਾਬਾਦ’ ਆਦਿ ਦੇ ਸਲੋਗਨ ਫੜ੍ਹੇ ਹੋਏ ਸਨ।
ਭਾਈ ਤਰਲੋਚਨ ਸਿੰਘ ਸੋਹਲ ਅਤੇ ਭਾਈ ਮਨਜੀਤ ਸਿੰਘ ਝਬਾਲ ਨੇ ਦੱਸਿਆ ਕਿ ਬੀਤੇ ਕੱਲ ਵਿਧਾਨ ਸਭਾ ’ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਸਾਹਮਣੇ ਆਈ ਰਿਪੋਰਟ ਤੋਂ ਸਾਫ ਪਤਾ ਚੱਲ ਗਿਆ ਹੈ ਕਿ ਬਹਿਬਲ ਕਲਾਂ ਅਤੇ ਬੜਗਾੜੀ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਅਤੇ ਬੇਦੋਸ਼ੇ ਸਿੱਖਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਨ ਪਿੱਛੇ ਬਾਦਲ ਪਰਿਵਾਰ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਸਦਨ ਚੋਂ ਭੱਜ ਨਿਕਲਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਬਾਦਲਾਂ ਨੂੰ ਆਪਣੇ ਗੁਨਾਹਾਂ ਦਾ ਡਰ ਸਤਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਅੱਜ ਬਿਕਰਮ ਸਿੰਘ ਮਜੀਠੀਆ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਸਿੱਖਾਂ ਦੇ ਵਿਰੋਧ ਤੋਂ ਬਚ ਗਏ ਹਨ, ਪਰ ਬਾਦਲ ਪਰਿਵਾਰ ਅਤੇ ਅਕਾਲੀ ਨੁਮਾਂਇੰਦਿਆਂ ਦਾ ਵਿਰੋਧ ਜ਼ਾਰੀ ਰਹੇਗਾ ਅਤੇ ਇਨ੍ਹਾਂ ਨੂੰ ਪਿੰਡਾਂ ’ਚ ਨਹੀਂ ਵੜਨ ਦਿੱਤਾ ਜਾਵੇਗਾ। ਐਸ.ਐਸ.ਪੀ. ਦਰਸ਼ਨ ਸਿੰਘ ਮਾਨ ਦੇ ਹੁਕਮਾਂ ’ਤੇ ਐਸ.ਪੀ.ਐਚ ਗੁਰਨਾਮ ਸਿੰਘ, ਡੀ.ਐਸ.ਪੀ. ਸਿਟੀ ਸੁੱਚਾ ਸਿੰਘ ਬੱਲ, ਐਸ.ਪੀ. ਟ੍ਰੈਫਿਕ ਜਸਵੰਤ ਕੌਰ, ਡੀ.ਐਸ.ਪੀ.(ਐਚ) ਰਵਿੰਦਰ ਕੁਮਾਰ ਸ਼ਰਮਾ, ਦੀ ਅਗਵਾਈ ’ਚ ਥਾਣਾ ਝਬਾਲ ਦੇ ਮੁੱਖੀ ਮਨੋਜ ਕੁਮਾਰ ਸ਼ਰਮਾ, ਥਾਣਾ ਸਹਿਰੀ ਤਰਨਤਾਰਨ ਦੇ ਮੁੱਖੀ ਚੰਦਰ ਭੂਸਣ, ਥਾਣਾ ਸਦਰ ਦੇ ਮੁੱਖੀ ਮਨਜਿੰਦਰ ਸਿੰਘ, ਥਾਣਾ ਕੱਚਾ ਪੱਕਾ(ਭਿੱਖੀਵਿੰਡ) ਤੋਂ ਰਜਿੰਦਰ ਸਿੰਘ, ਥਾਣਾ ਸਰਾਏ ਅਮਾਨਤ ਖਾਂ ਤੋਂ ਤਰਸੇਮ ਮਸੀਹ ਅਤੇ ਹੋਰ ਥਾਣਿਆਂ ਤੋਂ ਵੱਡੀ ਗਿਣਤੀ ’ਚ ਪੁਲਿਸ ਫੋਰਸ ਪਿੰਡ ਮੂਸੇ ਕਲਾਂ ਵਿਖੇ ਪਹੁੰਚ ਗਈ ਅਤੇ ਪਿੰਡ ਨੂੰ ਪੁਲਿਸ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ। ਤਰਨਤਾਰਨ, ਭਿੱਖੀਵਿੰਡ ਰੋਡਾਂ ’ਤੇ ਵੀ ਪੁਲਿਸ ਫੋਰਸ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ ਅਤੇ ਹਰ ਸਥਿਤੀ ਦਾ ਟਾਕਰਾ ਕਰਨ ਲਈ ਪੁਲਿਸ ਵੱਲੋਂ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ। ਐਸ.ਪੀ.(ਐਚ) ਗੁਰਨਾਮ ਸਿੰਘ ਅਤੇ ਡੀ.ਐਸ.ਪੀ. ਸਿਟੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਕਿਸੇ ਨੂੰ ਵੀ ਕਾਨੂੰਨ ਹੱਥ ’ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਮੁੱਖ ਰੱਖਦਿਆਂ ਉਕਤ ਪ੍ਰਬੰਧ ਕੀਤੇ ਗਏ ਸਨ ਅਤੇ ਸਖਤ ਪ੍ਰਬੰਧਾਂ ਕਾਰਨ ਕੋਈ ਵੀ ਅਣਸੁਖਾਂਵੀਂ ਘਟਨਾ ਨਹੀਂ ਵਾਪਰ ਸਕੀ ਹੈ। ਉਨ੍ਹਾਂ ਦੱਸਿਆ ਕਿ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤੇ ਜਾਣ ਦੀ ਜਾਣਕਾਰੀ ਮਿਲਣ ਉਪਰੰਤ ਬਿਕਰਮ ਸਿੰਘ ਮਜੀਠੀਆ ਅਤੇ ਹਰਸਿਮਰਤ ਕੌਰ ਬਾਦਲ ਦੇ ਕਾਫਲਿਆਂ ਨੂੰ ਪੂਰੀ ਸੁਰੱਖਿਆ ਸਹਿਤ ਰਸਤੇ ਚੋਂ ਹੀ ਵਾਪਸ ਰਵਾਨਾ ਕਰ ਦਿੱਤਾ ਗਿਆ ਸੀ।



