April 30, 2026 6:20 pm

ਲੋਕਾਂ ਦਾ ਨਾ ਦੁੱਧ ਵਿਕਦਾ ਮੁੱਲ ਵਿਕਦਾ ਫੱਤੇ ’ਚ ਪਾਣੀ

ਝ ਵੀਹ ਟੈਂਕਰ ਬੁਝਾਂਉਂਦੇ ਨੇ ਲੋਕਾਂ ਦੀ ਪਿਆਸ ਝ ਹਰ ਰੋਜ਼ ਜ਼ੇਬਾਂ ’ਤੇ 70 ਹਜ਼ਾਰ ਤੋਂ 1 ਲੱਖ ਰੁਪਏ ਦਾ ਬੋਝ
ਸਰਦੂਲਗੜ੍ਹ, 28 ਅਗਸਤ (ਬਲਜੀਤਪਾਲ)- ਉਂਝ ਭਾਵੇਂ ਪੰਜਾਬ ਦੇ ਲੋਕਾਂ ਦਾ ਦੁੱਧ ਵੀ ਸਹੀ ਭਾਅ ਨਹੀਂ ਵਿਕਦਾ ਪਰ ਸਰਦੂਲਗੜ੍ਹ ਤਹਿਸੀਲ ਦੇ ਵੱਡੇ ਪਿੰਡ ਫੱਤਾ ਮਾਲੋਕਾ ’ਚ ਪੀਣ ਦਾ ਪਾਣੀ ਮਹਿੰਗੇ ਭਾਅ ਵਿਕਦਾ ਹੈ।ਪਿੰਡ ਦੇ ਲੋਕ ਪਿਛਲੇ ਸੱਤ ਦਿਨਾਂ ਤੋਂ ਕਤਾਰਾਂ ਬੰਨ੍ਹ ਕੇ ਪਾਣੀ ਮੁੱਲ ਖਰੀਦ ਕੇ ਆਪਣੀ ਪਿਆਸ ਬੁਝਾ ਰਹੇ ਹਨ। ਭਾਖੜਾ ਮੇਂਨ ਬਰਾਂਚ ਦੀ ਬੰਦੀ ਕਾਰਨ ਅਜੇ ਦੋ ਸਤੰਬਰ ਤੱਕ ਇਨ੍ਹਾਂ ਪਿੰਡ ਵਾਸੀਆਂ ਨੂੰ ਮੁੱਲ ਪਾਣੀ ਖਰੀਦਣਾ ਪਵੇਗਾ।ਪਿੰਡ ਵਾਸੀ ਨਿਰਮਲ ਸਿੰਘ ਨਿੰਮਾ, ਬੁਧਰਾਜ ਸਿੰਘ ਅਤੇ ਜਗਦੇਵ ਸਿੰਘ ਨੇ ਦੱਸਿਆ ਸਾਡੇ ਪਿੰਡ ਦਾ ਜਲ ਘਰ ਭਾਖੜਾ ਮੇਨ ਬਰਾਂਚ ’ਤੇ ਨਿਰਭਰ ਹੈ। ਪੰਜਾਬ ਦੀ ਬਾਰਬੰਦੀ ਹਰਿਆਣੇ ਦੇ ਹੱਥਾ ’ਚ ਹੋਣ ਕਰਕੇ ਭਾਖੜਾ ਮਹੀਨੇ ’ਚ ਬਾਰਾਂ ਕੁ ਦਿਨ ਹੀ ਵਗਦੀ ਹੈ। ਜਲ ਘਰ ਦੇ ਸਟੋਰ ਟੈਂਕ ਪਿੰਡ ਦੀ ਅਬਾਦੀ ਦੇ ਹਿਸਾਬ ਨਾਲ ਕਾਫੀ ਛੋਟੇ ਹਨ । ਜਦੋਂ ਵੀ ਨਹਿਰ ਦੀ ਬੰਦੀ ਹੁੰਦੀ ਹੈ ਤੀਸਰੇ ਦਿਨ ਜਲ ਘਰ ਦੀ ਸਪਲਾਈ ਠੱਪ ਹੋ ਜਾਂਦੀ ਹੈ। ਪਿੰਡ ਵਾਸੀ ਹਰ ਮਹੀਨੇ ਦੇ ਅਠਾਰਾਂ ਦਿਨ ਮੁੱਲ ਦਾ ਪਾਣੀ ਪੀਂਦੇ ਹਨ। ਲੋਕਾਂ ਦੱਸਿਆ ਸਾਡੇ ਪਿੰਡ ਵਿੱਚ ਪੰਜ ਹਜ਼ਾਰ ਲਿਟਰ ਤੋਂ ਲੈ ਕੇ ਦਸ ਹਜ਼ਾਰ ਲਿਟਰ ਤੱਕ ਦੀ ਸਮਰੱਥਾ ਵਾਲੀਆਂ ਵੀਹ ਟੈਂਕੀਆਂ ਹਨ। ਇਹ ਟੈਂਕੀਆਂ ਦਿਨ ਰਾਤ ਲੋਕਾਂ ਲਈ ਪਾਣੀ ਢੋਹਦੀਆਂ ਹਨ। ਇੱਕ ਟੈਂਕੀ ਤਿੰਨ ਸੌ ਰੁਪੈ ਤੋਂ ਇੱਕ ਹਜ਼ਾਰ ਰੁਪੈ ਤੱਕ ਮੁੱਲ ’ਤੇ ਮਿਲਦੀ ਹੈ। ਪਿੰਡ ਵਾਸੀਆਂ ਨੇ ਦੱਸਿਆ ਅਸੀਂ ਸ਼ਾਮ ਤੱਕ ਸੱਤਰ ਹਜ਼ਾਰ ਤੋਂ ਇੱਕ ਲੱਖ ਰੁਪੈ ਦਾ ਮੁੱਲ ਦਾ ਪਾਣੀ ਪੀਂਦੇ ਹਾਂ। ਲੋਕਾਂ ਦੋਸ਼ ਲਾਇਆ ਕਿ ਸਾਡੇ ਪਿੰਡ ਦੀਆਂ ਵੋਟਾਂ ਵਧਣ ਦਾ ਤਾਂ ਹਰੇਕ ਨੇਤਾ ਨੇ ਚਾਅ ਕੀਤਾ ਪਰ ਲੋਕਾਂ ਨੂੰ ਸਹੂਲਤਾਂ ਦੇਣ ਦੀ ਕਦੇ ਗੱਲ ਨਹੀਂ ਕੀਤੀ ।ਜੇਕਰ ਸਰਕਾਰ ਪਿੰਡ ਦੀ ਅਬਾਦੀ ਦੇ ਹਿਸਾਬ ਨਾਲ ਜਟਾਣਾ ਖੁਰਦ ਜਾਂ ਘੁੱਦੂਵਾਲਾ ਪਿੰਡ ਵਾਲੇ ਪਾਸੇ ਨਵਾਂ ਜਲ ਘਰ ਮਨਜ਼ੂਰ ਕਰ ਦੇਵੇ ਤਾਂ ਲੋਕਾਂ ਦੀ ਪੀਣ ਦੇ ਪਾਣੀ ਦੀ ਸਮੱਸਿਆ ਹੱਲ ਹੋ ਸਕਦੀ ਹੈ।ਪਿੰਡ ਵਾਸੀਆਂ ਨਾਲ ਹੀ ਸਲਾਹ ਦਿੱਤੀ ਕਿ ਸਰਕਾਰੀ ਸਕੂਲ ’ਚ ਲੱਗੀ ਮੋਟਰ ਦਾ ਪਾਣੀ ਵੀ ਕਾਫੀ ਹੱਦ ਤੱਕ ਪੀਣਯੋਗ ਹੈ। ਜੇਕਰ ਇਸ ਮੋਟਰ ਦਾ ਜ਼ਮੀਨਦੋਜ਼ ਕੁਨੈਕਸ਼ਲ ਕਰਕੇ ਜਲ ਘਰ ਦੇ ਸਟੋਰ ਟੈਂਕਾਂ ਨਾਲ ਜੋੜ ਦਿੱਤਾ ਜਾਵੇ ਤਾਂ ਲੋਕਾਂ ਦੀ ਨਹਿਰ ਦੀ ਬੰਦੀ ਵਕਤ ਪਿਆਸ ਬੁਝ ਸਕਦੀ ਹੈ।ਪਿੰਡ ਵਾਸੀਆਂ ਨੇ ਜਲ ਘਰ ਦੀ ਸਮਰੱਥਾ ਵਧਾ ਦੇਣ ਦੀ ਵੀ ਮੰਗ ਕੀਤੀ। ਜਲ ਵਿਭਾਗ ਦੇ ਐਸ ਡੀ ਓ ਰਾਮ ਸਿੰਘ ਨੇ ਕਿਹਾ ਇਹ ਜਲ ਘਰ ਪਿੰਡ ਦੀ ਪੰਚਾਇਤ ਦੇ ਅਧੀਨ ਹੈ। ਜੇਕਰ ਪੱਚੀ ਤੀਹ ਹਜ਼ਾਰ ਦੇ ਖਰਚ ਨਾਲ ਜਲ ਸਪਲਾਈ ਲਗਾਤਾਰ ਬਹਾਲ ਹੁੰਦੀ ਹੈ ਤਾਂ ਅਸੀਂ ਸਰਕਾਰ ਵੱਲੋਂ ਵੀ ਖ਼ਰਚ ਕਰ ਦੇਵਾਂਗੇ। ਉਨ੍ਹਾਂ ਕਿਹਾ ਮੈਂ ਪਰਸੋਂ ਤੱਕ ਪਿੰਡ ਦੀ ਪੰਚਾਇਤ ਨਾਲ ਮਿਲ ਕੇ ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ।

Send this to a friend