ਬੰਗਾ, 13 ਮਾਰਚ (ਹਰਮਿੰਦਰ ਸਿੰਘ)- ਬੀਤੇ ਦਿਨ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਨਕਸਲੀਆਂ ਦੇ ਹਮਲੇ ਵਿੱਚ ਸ਼ਹੀਦ ਹੋਏ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਭਰੌਲੀ ਦੇ ਸੀ.ਆਰ.ਪੀ.ਐਫ਼. ਜੁਆਨ ਤਿਲਕ ਰਾਜ ਸਿੰਘ ਦਾ ਅੱਜ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ ਕੀਤਾ ਗਿਆ। ਤਿਰੰਗੇ ਵਿੱਚ ਲਿਪਟੀ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਅਗਨੀ ਉਸ ਦੇ ਪੁੱਤਰ ਨੇ ਦਿੱਤੀ। ਉਹ ਆਪਣੇ ਪਰਿਵਾਰ ਵਿੱਚ ਦੋ ਪੁੱਤਰ ਤੇ ਦੋ ਧੀਆਂ ਛੱਡ ਗਿਆ ਹੈ। ਅੰਤਮ ਸਸਕਾਰ ਮੌਕੇ ਡੀ.ਆਈ. ਜੀ. ਸੀ.ਆਰ.ਪੀ.ਐਫ਼. ਸੁਨੀਲ ਥੋਪੇ, ਏ.ਡੀ.ਸੀ. ਸ਼ਹੀਦ ਭਗਤ ਸਿੰਘ ਨਗਰ ਅਮਰਜੀਤ ਪਾਲ, ਐਸ.ਐਸ.ਪੀ. ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਧੰਨਪ੍ਰੀਤ ਕੌਰ, ਐਸ.ਡੀ.ਐਮ. ਬੰਗਾ ਅਰਵਿੰਦ ਕੁਮਾਰ, ਡੀ.ਐਸ.ਪੀ. ਹੰਸ ਰਾਜ ਅਤੇ ਹੋਰ
ਅਧਿਕਾਰੀ ਮੌਜੂਦ ਸਨ। ਇਨ੍ਹਾਂ ਵੱਲੋਂ ਇਸ ਮੌਕੇ ਸ਼ਹੀਦ ਦੀ ਦੇਹ ’ਤੇ ਫੁੱਲ ਮਾਲਾਵਾਂ ਅਰਪਿਤ ਕਰਕੇ ਉਸ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਡਿਪਟੀ ਕਮਾਂਡੈਂਟ 80ਵੀਂ ਬਟਾਲੀਅਨ ਸੀ.ਆਰ.ਪੀ.ਐਫ਼. ਸੁੱਚਾ ਸਿੰਘ ਅਤੇ ਸਬ ਇੰਸਪੈਕਟਰ ਪੀ.ਏ.ਪੀ. ਪਵਨ ਕੁਮਾਰ ਦੀ ਅਗਵਾਈ ਵਿੱਚ ਕੇਂਦਰੀ ਰਿਜ਼ਰਵ ਰੱਖਿਆ ਬਲ ਅਤੇ ਪੰਜਾਬ ਪੁਲੀਸ ਦੀਆਂ ਟੁਕੜੀਆਂ ਵੱਲੋਂ ਸ਼ਹੀਦ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਡੀ.ਆਈ.ਜੀ. ਸੀ.ਆਰ.ਪੀ.ਐਫ਼. ਸੁਨੀਲ ਥੋਪੇ ਨੇ ਪਰਿਵਾਰ ਨੂੰ ਹੌਂਸਲਾ ਦਿੰਦਿਆਂ ਆਖਿਆ ਕਿ ਉਨ੍ਹਾਂ ਵੱਲੋਂ ਸ਼ਹੀਦ ਦੇ ਬੇਰੋਜ਼ਗਾਰ ਪੁੱਤਰ ਵਰਿੰਦਰ ਸਿੰਘ ਨੂੰ ਨੌਕਰੀ ਦੇਣ ਲਈ ਕੇਸ ਉਬਚ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਪਾਲ ਨੇ ਦੱਸਿਆ ਕਿ ਸ਼ਹੀਦ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਮਿਲਣ ਵਾਲੀ ਮਾਲੀ ਸਹਾਇਤਾ ਤੇ ਹੋਰ ਲਾਭਾਂ ਲਈ ਵੀ ਕੇਸ ਸਰਕਾਰ ਨੂੰ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਸ਼ਹੀਦ ਪਰਿਵਾਰ ਦੀ ਬਣਦੀ ਮੱਦਦ ਕਰਨ ਲਈ ਹਮੇਸ਼ਾਂ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਸ਼ਹੀਦ ਤਿਲਕ ਰਾਜ ਸਿੰਘ ਕੇਂਦਰੀ ਰਿਜ਼ਰਵ ਸੁਰੱਖਿਆ ਬਲ ਵਿੱਚ ਭਰਤੀ ਹੋਣ ਤੋਂ ਪਹਿਲਾਂ ਭਾਰਤੀ ਫ਼ੌਜ ਵਿੱਚ ਸੀ ਅਤੇ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈਣ ਬਾਅਦ ਸੀ.ਆਰ.ਪੀ.ਐਫ਼. ਵਿੱਚ ਭਰਤੀ ਹੋ ਗਿਆ ਸੀ।