April 30, 2026 3:01 pm

ਬਾਦਲ ਪਰਿਵਾਰ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲਾਂਗੇ : ਬੁਲਾਰੀਆ

ਅੰਮ੍ਰਿਤਸਰ, 27 ਅਗਸਤ (ਦਵਾਰਕਾਨਾਥ ਰਾਣਾ)- ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਸ. ਇੰਦਰਬੀਰ ਸਿੰਘ ਬੁਲਾਰੀਆ ਨੇ ਬਾਦਲ ਅਤੇ ਮਜੀਠੀਆ ਪਰਿਵਾਰ ’ਤੇ ਦੋਸ਼ ਲਗਾਇਆ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦਿਵਾਉਣ ਵਿਚ ਇੰਨਾਂ ਨੇ ਵੱਡੀ ਭੂਮਿਕਾ ਨਿਭਾਈ ਅਤੇ ਇਸ ਲਈ ਹਰ ਢੰਗ ਤਰੀਕਾ ਵਰਤਿਆ ਗਿਆ। ਸਥਾਨਕ ਹੋਟਲ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ: ਬੁਲਾਰੀਆ ਨੇ ਦੱਸਿਆ ਕਿ ਬਾਦਲ ਪਰਿਵਾਰ ਨੇ ਹਮੇਸ਼ਾਂ ਹੀ ਆਪਣੇ ਹਿੱਤਾਂ ਲਈ ਸਿੱਖ ਕੌਮ ਦਾ ਨੁਕਸਾਨ ਕੀਤਾ ਹੈ ਅਤੇ ਬਾਦਲ ਪਰਿਵਾਰ ਪੰਥ ਵਿਰੋਧੀ ਪਰਿਵਾਰ ਹੈ। ਸ: ਬੁਲਾਰੀਆ ਨੇ ਦੱਸਿਆ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ ਬਾਦਲ ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਅਤੇ ਬਾਦਲ ਪਰਿਵਾਰ ਵਲੋਂ ਹੀ ਸਾਰੇ ਹੀਲੇ ਵਸੀਲੇ ਵਰਤ ਕੇ ਭਾਈ ਹਿੰਮਤ ਸਿੰਘ, ਜੋ ਕਿ ਜਸਿਟਸ ਰਣਜੀਤ ਸਿੰਘ ਕਮਿਸ਼ਨ ਵਿਚ ਸਹੀ ਬਿਆਨ ਦੇ ਚੁੱਕਾ ਹੈ, ਨੂੰ ਬਿਆਨਾਂ ਤੋਂ ਬਦਲਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਹੀ ਡੇਰਾ ਸਿਰਸਾ ਮੁੱਖੀ ਰਾਮ ਰਹੀਮ ਨੂੰ ਮਾਫ਼ੀ ਦਿਵਾਉਣ ਵਿਚ ਅਹਿਮ ਰੋਲ ਨਿਭਾਈ ਸੀ। ਸ: ਬੁਲਾਰੀਆ ਨੇ ਹਿੰਮਤ ਸਿੰਘ ਵਲੋਂ ਆਪਣੇ ਪਹਿਲਾਂ ਦਿੱਤੇ ਗਏ ਅਸਤੀਫ਼ੇ ਦੀ ਕਾਪੀ ਵੀ ਪੱਤਰਕਾਰਾਂ ਨੂੰ ਦਿੱਤੀ, ਜਿਸ ਵਿਚ ਭਾਈ ਹਿੰਮਤ ਸਿੰਘ ਵਲੋਂ ਬਾਦਲ ਪਰਿਵਾਰ ਤੇ ਦੋਸ਼ ਲਗਾਏ ਗਏ ਸਨ ਕਿ ਕਿਸ ਤਰ੍ਹਾਂ ਮੈਨੂੰ ਨਾਜਾਇਜ਼ ਤੰਗ ਅਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸ: ਬੁਲਾਰੀਆ ਨੇ ਕਿਹਾ ਕਿ ਬਾਦਲ ਅਤੇ ਮਜੀਠਿਆ ਪਰਿਵਾਰ ਨੇ ਹਮੇਸ਼ਾਂ ਵੋਟਾਂ ਦੇ ਖਾਤਿਰ ਪੰਥ ਨਾਲ ਗਦਾਰੀ ਕੀਤੀ ਹੈ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਹਿੱਤਾਂ ਲਈ ਵਰਤਿਆ ਹੈ। ਸ: ਬੁਲਾਰੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਵਫ਼ਦ ਲੈ ਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਜਾਣਗੇ ਅਤੇ ਉਨ੍ਹਾਂ ਨੂੰ ਬਾਦਲ ਪਰਿਵਾਰ ਦੇ ਖਿਲਾਫ਼ ਮੰਗ ਪੱਤਰ ਦੇਣਗੇ ਅਤੇ ਹੱਥ ਜੋੜ ਕੇ ਬੇਨਤੀ ਕਰਨਗੇ ਕਿ ਇਨ੍ਹਾਂ ਪੰਥ ਵਿਰੋਧੀਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਸ: ਬੁਲਾਰੀਆ ਨੇ ਕਿਹਾ ਕਿ ਸ੍ਰੀਮਤੀ ਹਰਸਿਮਰਤ ਕੌਰ ਨੂੰ ਕੇਂਦਰੀ ਮੰਤਰੀ ਬਣਾਉਣ ਲਈ ਕਿਸ ਤਰ੍ਹਾਂ ਬਾਦਲ ਪਰਿਵਾਰ ਨੇ ਆਰ ਐਸ ਐਸ ਦੀਆਂ ਮਿੰਨਤਾਂ ਕਰਕੇ ਮੰਤਰੀ ਬਣਵਾਇਆ ਸੀ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਵਲੋਂ ਕਦੇ ਵੀ ਸਿਰਸਾ ਮੁਖੀ ਰਾਮ ਰਹੀਮ ਦੇ ਖਿਲਾਫ਼ ਕੁਝ ਨਹੀਂ ਬੋਲਿਆ ਗਿਆ ਕਿਉਂਕਿ ਵੋਟਾਂ ਦੌਰਾਨ ਬਾਦਲ ਪਰਿਵਾਰ ਵਲੋਂ ਰਾਮ ਰਹੀਮ ਦੀ ਮਦਦ ਲਈ ਗਈ ਸੀ। ਸ: ਬੁਲਾਰੀਆ ਨੇ ਦੱਸਿਆ ਕਿ ਸਭ ਜਾਣਦੇ ਹਨ ਕਿ ਕਿਸ ਤਰ੍ਹਾਂ ਜੱਥੇਦਾਰਾਂ ਦੇ ਨਾਮ ਲਿਫ਼ਾਫਿਆਂ ਵਿਚੋਂ ਨਿਕਲਦੇ ਹਨ ਅਤੇ ਜੋ ਜੱਥੇਦਾਰ ਬਾਦਲ ਪਰਿਵਾਰ ਦਾ ਕਹਿਣਾ ਨਹੀਂ ਮੰਨਦੇ ਉਨ੍ਹਾਂ ਨੂੰ ਉਨ੍ਹਾਂ ਦੇ ਅੁਹਦਿਆਂ ਤੋਂ ਹਟਾ ਦਿੱਤਾ ਜਾਂਦਾ ਹੈ। ਪ੍ਰੈਸ ਕਾਨਫ੍ਰੈਂਸ ਦੌਰਾਨ ਸ: ਬੁਲਾਰੀਆ ਵਲੋਂ ਰਾਮ ਰਹੀਮ ਨੂੰ ਮੱਥਾ ਟੇਕਦੇ ਬਾਦਲ ਪਰਿਵਾਰ ਦੀ ਫੋਟੋ ਵੀ ਦਿੱਤੀ ਗਈ।

Send this to a friend