ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਖੁੱਲ੍ਹਾ ਲਾਂਘਾ ਜਲਦੀ ਹੀ ਅਮਲ ’ਚ ਆਵੇਗਾ
ਡੇਰਾ ਬਾਬਾ ਨਾਨਕ, 25 ਅਗਸਤ- ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿਧੂ ਸ਼ਨਿੱਚਰਵਾਰ ਡੇਰਾ ਬਾਬਾ ਨਾਨਕ ਨਾਲ ਲਗਦੀ ਭਾਰਤ-ਪਾਕਿ ਕੌਮਾਂਤਰੀ ਸਰਹਦ ‘ਤੇ ਪਹੁੰਚੇ, ਜਿਥੇ ਉਨ੍ਹਾਂ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਸਰਬਤ ਦੇ ਭਲੇ ਲਈ ਅਰਦਾਸ ਵੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਨਾਲ ਘਰ ਤੋਂ ਤਿਆਰ ਕਰਵਾਈ ਹੋਈ ਕੜਾਹ ਪ੍ਰਸ਼ਾਦ ਦੀ ਦੇਗ ਸੰਗਤਾਂ ਨੂੰ ਵਰਤਾਈ। ਇਸ ਮੌਕੇ ਪਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਸ. ਸਿਧੂ ਨੇ ਕਿਹਾ ਕਿ ਮੇਰੀ ਮਾਂ ਕਹਿੰਦੀ ਸੀ ਕਿ ਅਰਦਾਸ ‘ਚ ਬਹੁਤ ਤਾਕਤ ਹੁੰਦੀ ਹੈ ਅਤੇ ਸਚੇ ਮਨ ਨਾਲ ਕੀਤੀ ਅਰਦਾਸ ਕਦੇ ਵਿਅਰਥ ਨਹੀਂ ਜਾਂਦੀ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੈ, ਇਸ ਲਈ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵੀ ਸੰਗਤਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਕਰਤਾਰਪੁਰ ਸਾਹਿਬ ਦੇ ਖੁਲ੍ਹੇ ਲਾਂਘੇ ਲਈ ਪਾਕਿਸਤਾਨ ਦੀ ਸਰਕਾਰ ਨਾਲ ਗਲਬਾਤ ਕਰੇ।ਸ. ਸਿਧੂ ਨੇ ਦਸਿਆ ਕਿ ਮੇਰੇ ਮਾਤਾ-ਪਿਤਾ ਵੀ ਸਾਲ ‘ਚ ਇਕ ਵਾਰੀ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ ਅਤੇ ਸੰਗਤਾਂ ਵਲੋਂ ਕੀਤੀ ਜਾਂਦੀ ਅਰਦਾਸ ‘ਚ ਸ਼ਾਮਲ ਹੁੰਦੇ ਹਨ।ਸ. ਸਿਧੂ ਨੇ ਕਿਹਾ ਕਿ ਸੰਗਤ ਵਲੋਂ ਕੀਤੀ ਗਈ ਅਰਦਾਸ ਬਹੁਤ ਅਸਰਦਾਰ ਹੁੰਦੀ ਹੈ, ਇਸ ਲਈ ਨਾਨਕ ਨਾਮ ਲੇਵਾ ਸੰਗਤਾਂ ਨੂੰ ਚਾਹੀਦਾ ਹੈ ਕਿ ਕਰਤਾਰਪੁਰ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰੇ ਲਈ ਅਰਦਾਸਾਂ ਕਰਨ ਅਤੇ ਗੁਰਦੁਆਰਾ ਕਰਤਾਰਪੁਰ ਸਹਿਬ ਦਾ ਖੁਲ੍ਹਾ ਲਾਂਘਾ ਜਲਦੀ ਹੀ ਅਮਲ ’ਚ ਆਵੇਗਾ। ਉਨ੍ਹਾਂ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਫੌਜ ਮੁਖੀ ਵਲੋਂ ਲਾਂਘੇ ਸਬੰਧੀ ਦਿਤੇ ਗਏ ਹਾਂ ਪਖੀ ਹੁੰਗਾਰੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਹੁਣ ਭਾਰਤ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਲਾਂਘੇ ਦੀ ਪ੍ਰਕਿਰਿਆ ਨੂੰ ਅਮਲ ‘ਚ ਲਿਆਉਣ ਲਈ ਪਾਕਿਸਤਾਨ ਦੀ ਸਰਕਾਰ ਨਾਲ ਗਲਬਾਤ ਕਰੇ ਕਿਉਂਕਿ ਇਹ ਮਸਲਾ ਦੋਹਾਂ ਦੇਸ਼ਾਂ ਦੀ ਸਹਿਮਤੀ ਨਾਲ ਹੀ ਹਲ ਹੋ ਸਕਦਾ ਹੈ।ਕਰਤਾਰਪੁਰ ਗੁਰੂਘਰ ਡੇਰਾ ਬਾਬਾ ਨਾਨਕ ਨਾਲ ਲਗਦੀ ਭਾਰਤ-ਪਾਕਿ ਕੌਮਾਂਤਰੀ ਸਰਹਦ ਤੋਂ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ ਅਤੇ ਕਰਤਾਰਪੁਰ ਸਾਹਿਬ ਗੁਰਦੁਆਰੇ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅੰਤਲੇ ਦਿਨ ਗੁਜ਼ਾਰੇ ਸਨ। ਇਸ ਮੌਕੇ ਐਸ. ਡੀ. ਐਮ., ਅਸ਼ੋਕ ਕੁਮਾਰ, ਤਹਿਸੀਲਦਾਰ ਅਰਵਿੰਦ ਸਲਵਾਨ, ਡੀ.ਐਸ.ਪੀ. ਹਰਿੰਦਰ ਸਿੰਘ ਮਾਨ, ਨਿਰਮਲ ਸਿੰਘ ਵਲਾ, ਹਰਜੀਤ ਸਿੰਘ ਭਾਟੀਆ, ਸਤਨਾਮ ਸਿੰਘ ਬਾਜਵਾ, ਗੌਰਵ, ਤਰਸੇਮ ਸਿੰਘ ਵਲਾ, ਲੰਬੜਦਾਰ ਹਰਦੀਪ ਸਿੰਘ, ਅੰਮ੍ਰਿਤਪਾਲ ਸਿੰਘ ਅਦਿ ਵੀ ਹਾਜ਼ਰ ਸਨ।