ਚੰਡੀਗੜ੍ਹ, 13 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਤੋਂ ਗੁਲ ਪਨਾਗ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਬਾਲੀਵੁੱਡ ਅਭਿਨੇਤਰੀ ਤੋਂ ਸਮਾਜਿਕ ਵਰਕਰ ਬਣੀ ਗੁਲ ਪਨਾਗ ਦੇ ਨਾਮ ਦਾ ਐਲਾਨ ਅੱਜ ਇਥੇ ਚੰਡੀਗੜ੍ਹ ਪ੍ਰੈਸ ਕਲੱਬ ਵਿਚ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਕੀਤਾ। ਜ਼ਿਕਰਯੋਗ ਹੈ ਕਿ ਗੁਲ ਪਨਾਗ ਤੋਂ ਪਹਿਲਾਂ ਕਾਮੇਡੀਅਨ ਜਸਪਾਲ ਭੱਟੀ ਦੀ ਪਤਨੀ ਸਵਿਤਾ ਭੱਟੀ ਦੇ ਇਨਕਾਰ ਤੋਂ ਬਾਅਦ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਹੁਣ ਗੁਲ ਪਨਾਗ ਨੂੰ ਉਮੀਦਵਾਰ ਬਣਾਇਆ ਹੈ। ਆਮ ਆਦਮੀ ਪਾਰਟੀ ਦੀ ਟੋਪੀ ਪੁਆ ਕੇ ਗੁਲ ਪਨਾਗ ਦਾ ਪਾਰਟੀ ਵਿਚ ਸਵਾਗਤ ਕੀਤਾ ਗਿਆ। ਇਸ ਮੌਕੇ ਸ੍ਰੀ ਸਿਸੋਦੀਆ ਨੇ ਕਿਹਾ ਕਿ ਗੁਲ ਪਨਾਗ ਪਹਿਲਾਂ ਤੋਂ ਹੀ ਉਨ੍ਹਾਂ ਨਾਲ ਜੁੜੀ ਹੋਈ ਹੈ ਅਤੇ ਇੰਡੀਆ ਅਗੇਂਸਟ ਕਰੱਪਸ਼ਨ ਤੋਂ ਉਨ੍ਹਾਂ ਨਾਲ ਹੈ
। ਇਸ ਮੌਕੇ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਗੁਲ ਪਨਾਗ ਦਾ ਜਨਮ 3 ਜਨਵਰੀ 1979 ਨੂੰ ਚੰਡੀਗੜ੍ਹ ਵਿਚ ਹੋਇਆ ਸੀ। ਸਾਲ 1999 ਵਿਚ ਗੁਲ ਪਨਾਗ ਨੇ ਮਿਸ ਇੰਡੀਆ ਦਾ ਖ਼ਿਤਾਬ ਜਿੱਤਿਆ। ਉਸ ਤੋਂ ਬਾਅਦ ਗੁਲ ਪਨਾਗ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ 2003 ਵਿਚ ਫਿਲਮ ‘ਧੂਪ’ ਰਾਹੀਂ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੇ ਹੋਰ ਵੀ ਕਈ ਫਿਲਮਾਂ ਕੀਤੀਆਂ, ਜਿਵੇਂ ਕਿ ਜੁਰਮ, ਡੋਰ, ਹੈਲੋ ਤੇ ਰਨ ਆਦਿ।