ਨਾਭਾ, 23 ਅਗਸਤ (ਕਰਮਜੀਤ ਸੋਮਲ, ਸਿਕੰਦਰ ਨਾਭਾ)- ਬੀਤੇ ਦਿਨੀ ਨੇੜਲੇ ਪਿੰਡ ਛੀਟਾਂਵਾਲੇ 17 ਸਾਲ ਦੇ ਨੌਜਵਾਨ ਕਬੱਡੀ ਖਿਡਾਰੀ ਦੀ ਰਹਿਸਮਈ ਹਾਲਤ ਵਿੱਚ ਮੌਤ ਹੋਈ ਸੀ। ਨੌਜਵਾਨ ਸੁਖਬੀਰ ਸਿੰਘ ਨਾਮ ਦਾ ਕਬੱਡੀ ਖਿਡਾਰੀ ਜਿਸ ਦੀ ਲਾਸ਼ ਉਸ ਦੇ ਘਰ ਦੇ ਗੇਟ ਤੇ ਪਈ ਮਿਲੀ ਸੀ। ਪਿੰਡ ਵਾਸੀਆਂ ਅਨੁਸਾਰ ਉਕਤ ਨੌਜਵਾਨ ਚੰਗੇ ਚਾਲ-ਚਲਣ ਵਾਲਾ ਅਤੇ ਖੇਡਾਂ ਵਿੱਚ ਰੁਚੀ ਰੱਖਣ ਵਾਲਾ ਸੀ ਅਤੇ ਨਸ਼ਿਆਂ ਤੋਂ ਦੂਰ ਸੀ ਪਰੰਤੂ ਦੂਜੇ ਪਾਸੇ ਲੜਕੇ ਦੀ ਮਾਂ ਨਰਿੰਦਰ ਕੌਰ ਅਨੁਸਾਰ ਉਹ ਨਸ਼ਾ ਕਰਨ ਦਾ ਆਦੀ ਸੀ। ਪੁਲਿਸ ਨੇ ਲੜਕੇ ਦੀ ਮਾਂ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰਕੇ ਪੋਸਟ ਮਾਰਟਮ ਉਪਰੰਤ ਵਿਸਰੇ ਦੀ ਰਿਪੋਰਟ ਆਉਣ ਤੱਕ ਮਾਮਲਾ ਦਰਜ਼ ਕਰ ਲਿਆ ਸੀ। ਅੱਜ ਪਿੰਡ ਵਾਸੀਆਂ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਪੁਲਿਸ ਉਤੇ ਵਿਤਕਰੇ ਦਾ ਦੋਸ਼ ਲਗਾਉਂਦਿਆਂ ਸਥਾਨਕ ਬੌੜਾਂ ਗੇਟ ਇੱਕ ਵਿਸ਼ਾਲ ਰੋਸ ਧਰਨਾ ਦਿੱਤਾ। ਇਸ ਧਰਨੇ ਵਿੱਚ ਧਰਨਾਕਾਰੀ ਨੌਜਵਾਨ ਸੁੱਖੀ ਦੀ ਮੌਤ ਨੂੰ ਕਤਲ ਦਾ ਮਾਮਲਾ ਦੱਸ ਰਹੇ ਸਨ ਅਤੇ ਮੰਗ ਕਰ ਰਹੇ ਸਨ ਕਿ ਉਸ ਦੇ ਕਤਲ ਸਬੰਧੀ ਮਾਮਲਾ ਦਰਜ਼ ਕੀਤਾ ਜਾਵੇ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਇਸ ਧਰਨੇ ਕਾਰਨ ਪਟਿਆਲਾ, ਮਾਲੇਰਕੋਟਲਾ, ਧੂਰੀ, ਸੰਗਰੂਰ ਬਿਰਾਸਤਾ ਨਾਭਾ ਜਾਣ ਵਾਲੇ ਯਾਤਾਯਾਤ ਨੂੰ ਭਾਰੀ ਔਖ ਦਾ ਸਾਹਮਣਾ ਕਰਨਾ ਪਿਆ। ਪਿੰਡ ਛੀਟਾਂਵਾਲੇ ਦੇ ਸਾਬਕਾ ਸਰਪੰਚ ਪੰਜਾਬ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮ੍ਰਿਤਕ ਸੁਖਬੀਰ ਸਿੰਘ ਦੇ ਪਿਤਾ ਦੀ ਕੁੱਝ ਸਮਾਂ ਪਹਿਲਾਂ ਹੀ ਸੜਕੀ ਹਾਦਸੇ ਵਿੱਚ ਮੌਤ ਹੋ ਗਈ ਸੀ ਅਤੇ ਉਸ ਦੇ ਦਾਦਾ ਅਤੇ ਦਾਦੀ ਦੀ ਵੀ ਕੁੱਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਅਚਾਨਕ ਘਰ ਵਿੱਚ ਚੌਥੀ ਮੌਤ ਨੇ ਵੱਡੇ ਸਵਾਲ ਖੜੇ ਕੀਤੇ ਹੋਏ ਹਨ। ਉਨ੍ਹਾਂ ਪੁਲਿਸ ਦੇ ਉਚ ਅਧਿਕਾਰੀਆਂ ਤੋਂ ਡੂੰਘੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਇਸ ਮੌਤ ਨੂੰ ਕੁਦਰਤੀ ਮੌਤ ਨਾ ਮੰਨਿਆ ਜਾਵੇ ਕਿਉਂਕਿ ਇਲਾਕਾ ਨਿਵਾਸੀਆਂ ਅਨੁਸਾਰ ਇਹ ਮਾਮਲਾ ਕਤਲ ਦਾ ਹੈ।ਇਸ ਸਬੰਧੀ ਪੁਲਿਸ ਦੇ ਉਪ ਕਪਤਾਨ ਦਵਿੰਦਰ ਅੱਤਰੀ ਨੇ ਦੱਸਿਆ ਕਿ ਉਨ੍ਹਾਂ ਪਿੰਡ ਵਾਸੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਅਗਰ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਪੁਲਿਸ ਉਸ ਖਿਲਾਫ ਸਖਤ ਬਣਦੀ ਕਾਰਵਾਈ ਕਰੇਗੀ।ਇਸ ਧਰਨੇ ਵਿੱਚ ਮ੍ਰਿਤਕ ਦੀ ਮਾਤਾ ਨਰਿੰਦਰ ਕੌਰ, ਹਲਕਾ ਮੁੱਖੀ ਅਕਾਲੀ ਦਲ ਕਬੀਰ ਦਾਸ, ਆਮ ਆਦਮੀ ਪਾਰਟੀ ਦੇਵ ਮਾਨ, ਪਿੰਡ ਦੇ ਸਰਪੰਚ ਟਹਿਲ ਸਿੰਘ, ਸੁਰਜੀਤ ਸਿੰਘ ਪੰਜਾਬ, ਪ੍ਰੀਤਮ ਸਿੰਘ, ਪਰਮਿੰਦਰ ਸਿੰਘ, ਸੁਖਵਿੰਦਰ ਸਿੰਘ, ਮੇਜਰ ਸਿੰਘ ਤੁੰਗਾਂ, ਗੁਰਮੀਤ ਸਿੰਘ ਕੋਟ, ਜਸਵਿੰਦਰ ਸਿੰਘ ਅੱਚਲ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਸ਼ਾਮਲ ਸਨ।ਥਾਣਾ ਕੋਤਵਾਲੀ ਮੁੱਖੀ ਇੰਸ: ਸੁਖਰਾਜ ਸਿੰਘ ਘੁੰਮਣ ਭਾਰੀ ਪੁਲਿਸ ਫੋਰਸ ਸਮੇਤ ਹਾਜ਼ਰ ਰਹੇ।