April 26, 2026 1:08 am

ਕੋਟਕਪੂਰਾ ਵਿਖੇ ਆਮ ਆਦਮੀ ਪਾਰਟੀ ਦੀ ਖਹਿਰਾ ਧੜ੍ਹੇ ਵੱਲੋਂ ਵਿਸ਼ਾਲ ਵਲੰਟੀਅਰ ਕਨਵੈਨਸ਼ਨ

ਕੋਟਕਪੂਰਾ, 22 ਅਗਸਤ (ਅਮਨ ਸ਼ਰਮਾ ਚਰਨਦਾਸ ਗਰਗ)- ਪੰਜਾਬ ਦੇ ਲੋਕਾਂ ਦੇ ਸੁਪਨੇ ਸਾਕਾਰ ਕਰਨ ਲਈ ਆਉਂਦੀਆਂ 2019 ਅਤੇ 2022 ਦੀਆਂ ਚੋਣਾਂ ’ਚ ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਭ੍ਰਿਸ਼ਟਾਚਾਰ ਰਾਜ ਨੂੰ ਖਤਮ ਕਰਕੇ ਆਮ ਲੋਕਾਂ ਦੀ ਸਰਕਾਰ ਬਣਾਈ ਜਾਵੇਗੀ ਜਿਸ ਵਿਚ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇਗਾ। ਬਾਦਲ ਅਤੇ ਕੈਪਟਨ ਸਰਕਾਰ ਨੇ ਪੰਜਾਬੀਆਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਹੋਰ ਵੀ ਉਲਝਾ ਦਿੱਤਾ ਹੈ। ਲੋਕਾਂ ਦੇ ਮਸਲੇ ਵਿਚਾਰਨ ਲਈ ਪੰਜਾਬ ਵਿਧਾਨ ਸਭਾ ਦੇ ਲੰਮੇ ਸਮੇਂ ਦੇ ਸ਼ੈਸ਼ਨ ਦੀ ਲੋੜ ਹੈ ਪਰ ਕੈਪਟਨ ਸਰਕਾਰ ਨੇ ਸਿਰਫ ਪੰਜ ਦਿਨਾਂ ਦਾ ਸ਼ੈਸ਼ਨ ਰੱਖਿਆ ਹੈ ਜੋ ਛੁੱਟੀਆਂ, ਸ਼ਰਧਾਂਜਲੀਆਂ ਅਤੇ ਪੰਜਾਬ ਦੇ ਮੁੱਦਿਆਂ ’ਤੇ ਚਰਚਾ ਹੋਣ ਦੀ ਬਜਾਏ ਰੌਲਾ ਰੱਪਾ ਪਾ ਕੇ ਲੰਘਾ ਦਿੱਤਾ ਜਾਵੇਗਾ। ਪੰਜਾਬ ਦੇ ਦਰਿਆਵਾਂ ’ਤੇ ਰਿਪੇਅਰੀਅਨ ਕਾਨੂੰਨ ਮੁਤਾਬਕ ਪੰਜਾਬ ਦਾ ਵੱਡਾ ਹੱਕ ਬਣਦਾ ਹੈ, ਪਰ ਇਹ ਕੀਮਤੀ ਪਾਣੀ ਰਾਜਸਥਾਨ ਅਤੇ ਹਰਿਆਣਾ ਨੂੰ ਬਿਨ੍ਹਾਂ ਕਿਸੇ ਮੁਆਵਜ਼ੇ ਦੇ ਲੁਟਾਇਆ ਜਾ ਰਿਹਾ ਹੈ।
ਦੋਨਾਂ ਰਾਜਾਂ ਨੂੰ ਹੁਣ ਤੱਕ ਦਿੱਤੇ ਪਾਣੀ ਦੀ ਕੀਮਤ 16 ਲੱਖ ਕਰੋੜ ਰੁਪਏ ਬਣਦੀ ਹੈ, ਜਿਸ ਦੀ ਵਸੂਲੀ ਲਈ ਦੋਨਾਂ ਸਰਕਾਰਾਂ ਨੇ ਹਾਲੇ ਤੱਕ ਕੋਈ ਯਤਨ ਨਹੀਂ ਕੀਤਾ। ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਅੱਜ ਕੋਟਕਪੂਰਾ ਦੀ ਦਾਣਾ ਮੰਡੀ ਵਿਖੇ ਆਮ ਆਦਮੀ ਪਾਰਟੀ ਜ਼ਿਲਾ ਫ਼ਰੀਦਕੋਟ ਦੀ ਭਰਵੀਂ ਵਲੰਟੀਅਰ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕੀਤਾ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਪੁਲਿਸ ਵੱਲੋਂ ਕੀਤੇ ਗੋਲੀਕਾਂਡ ਦੇ ਦੋਸ਼ੀਆਂ ਦੀ ਬਾਦਲ ਸਰਕਾਰ ਨੇ ਕੋਈ ਨਿਸ਼ਾਨਦੇਹੀ ਨਹੀਂ ਕੀਤੀ ਅਤੇ ਮੌਜੂਦਾ ਕਾਂਗਰਸ ਪਾਰਟੀ ਦੀ ਸਰਕਾਰ ਨੇ ਨਾਮਜ਼ਦ ਹੋਏ ਪੁਲਿਸ ਅਧਿਕਾਰੀਆਂ, ਹੋਰ ਅਫ਼ਸਰਾਂ ਅਤੇ ਰਾਜਸੀ ਲੋਕਾਂ ਨੂੰ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ। 30 ਜੂਨ 2018 ਨੂੰ ਜਾਰੀ ਹੋਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਮੁੱਖ ਮੰਤਰੀ ਪੰਜਾਬ ਨੇ ਠੰਢੇ ਬਸਤੇ ਪਾ ਦਿੱਤਾ ਉਨ੍ਹਾਂ ਆਮ ਆਦਮੀ ਪਾਰਟੀ ਵਿਚ ਪੈਦਾ ਹੋਏ ਵਿਵਾਦ ’ਤੇ ਬੋਲਦਿਆਂ ਕਿਹਾ ਕਿ ਉਹ ਏਕਤਾ ਦੇ ਹੱਕ ਵਿਚ ਹਨ, ਪਰ ਉਹ ਬਠਿੰਡਾ ਕਨਵੈਨਸ਼ਨ ਵਿਚ ਪਾਸ ਕੀਤੇ 6 ਮਤਿਆਂ ਤੋਂ ਟੱਸ ਤੋਂ ਮੱਸ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਪਾਰਟੀ ਦਾ ਢਾਂਚਾ ਪਿਛਲੇ 17 ਮਹੀਨਿਆਂ ਤੋਂ ਵਿਗੜਨ ਕਾਰਨ ਪਾਰਟੀ ਵਰਕਰ ਨਾਰਾਸ਼ ਹੋ ਕੇ ਘਰਾਂ ਵਿਚ ਬੈਠ ਗਏ ਹਨ। ਵਿਧਾਨ ਸਭਾ ਸ਼ਾਹਕੋਟ ਦੀ ਜ਼ਿਮਨੀ ਚੋਣ ਵਿਚ ਪਾਰਟੀ ਦਾ ਉਮੀਦਵਾਰ ਸਿਰਫ 1900 ਵੋਟਾਂ ’ਤੇ ਸਿਮਟ ਕੇ ਰਹਿ ਗਿਆ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਇਕਾਈ ਨੂੰ ਖੁਦਮੁਖਤਿਆਰ ਬਣਾ ਕੇ ਹੇਠਲੇ ਪੱਧਰ ਤੱਕ ਪਾਰਟੀ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹਨ।
ਹਲਕਾ ਖਰੜ ਦੇ ਵਿਧਾਇਕ ਕੰਵਰ ਸੰਧੂ ਨੇ ਬਠਿੰਡਾ ਕਨਵੈਨਸ਼ਨ ਦੇ ਪਾਸ ਕੀਤੇ 6 ਮਤੇ ਹਾਜ਼ਰ ਇਕੱਠ ਕੋਲੋਂ ਹੱਥ ਖੜ੍ਹੇ ਕਰਵਾ ਕੇ ਪਾਸ ਕਰਵਾਏ। ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕਿਹਾ ਉਹ ਸ਼੍ਰੀ ਅਰਵਿੰਦ ਕੇਜਰੀਵਾਲ ਦਾ ਸਤਿਕਾਰ ਕਰਦੇ ਹਨ ਪਰ ਉਨ੍ਹਾਂ ਨੂੰ ਬਿਕਰਮਜੀਤ ਸਿੰਘ ਮਜੀਠੀਏ ਤੋਂ ਮੁਆਫ਼ੀ ਨਹੀਂ ਸੀ ਮੰਗਣੀ ਚਾਹੀਦੀ ਸੀ।
ਇਸ ਕਨਵੈਨਸ਼ਨ ਨੂੰ ਪਿਰਮਲ ਸਿੰਘ ਖਾਲਸਾ ਵਿਧਾਇਕ ਭਦੌੜ, ਜੈ ਸ਼ੰਕਰ ਰੋੜੀ ਵਿਧਾਇਕ ਗੜ੍ਹਸ਼ੰਕਰ, ਜਗਦੇਵ ਸਿੰਘ ਕਮਾਲੂ ਵਿਧਾਇਕ ਮੌੜ ਅਤੇ ਪੀ.ਏ.ਸੀ ਮੈਂਬਰ ਗੁਰਪ੍ਰਤਾਪ ਸਿੰਘ ਅਤੇ ਕਰਮਜੀਤ ਕੌਰ, ਸਾਬਕਾ ਜ਼ਿਲਾ ਪ੍ਰਧਾਨ ਸਨਕਦੀਪ ਸਿੰਘ ਸੰਧੂ, ਹਰਪ੍ਰੀਤ ਸਿੰਘ ਖਾਲਸਾ, ਮਾਸਟਰ ਮੱਖਣ ਸਿੰਘ, ਪ੍ਰੋ. ਕੋਮਲ ਗੁਰਨੂਰ ਸਿੰਘ, ਸੁਰੇਸ਼ ਕੁਮਾਰ ਅੰਮ੍ਰਿਤਸਰ, ਮਾਸਟਰ ਮਹਿੰਦਰ ਸਿੰਘ, ਹਰਪ੍ਰੀਤ ਸਿੰਘ ਸੰਧੂ, ਨਵਜੋਤ ਕੌਰ ਲੰਬੀ, ਮਾਸਟਰ ਸੁਰਜੀਤ ਸਿੰਘ ਭੱਟੀ, ਕੁਲਵਿੰਦਰ ਸਿੰਘ, ਇਕਬਾਲ ਫਿੱਡੇ, ਗੁਰਭੇਜ ਸਿੰਘ, ਨਰਿੰਦਰਜੀਤ ਸਿੰਘ ਜੈਤੋ ਨੇ ਵੀ ਸੰਬੋਧਨ ਕੀਤਾ। ਅੰਤ ਵਿਚ ਹਲਕਾ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਜ਼ਿਲੇ ਦੇ ਵਲੰਟੀਅਰਾਂ ਵਲੋਂ ਹਾਜ਼ਰ 8 ਵਿਧਾਇਕਾਂ ਨੂੰ ਹਰੇ ਰੰਗ ਦੀਆਂ ਪੱਗਾਂ ਸੌਂਪ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਲਕਾ ਰਾਏਕੋਟ ਦੇ ਵਿਧਾਇਕ ਜਗਤਾਰ ਸਿੰਘ ਜੱਗਾ, ਮਾਸਟਰ ਬਲਵਿੰਦਰ ਸਿੰਘ ਹਰੀਨੌਂ, ਸੁਰਿੰਦਰ ਮਚਾਕੀ, ਬਲਦੀਪ ਸਿੰਘ ਰੋਮਾਣਾ, ਨਿਰਮਲ ਡੇਲਿਆਂ ਵਾਲੀ, ਹਰਨੇਕ ਸਿੰਘ ਮਹਿਲ, ਧਨਵੰਤ ਸਿੰਘ ਖਹਿਰਾ, ਦਲਜੀਤ ਸਿੰਘ ਬਠਿੰਡਾ, ਨਛੱਤਰ ਸਿੰਘ ਫੌਜੀ, ਮਾਸਟਰ ਜਹਾਂਗੀਰ ਸਿੰਘ ਅਟਾਰੀ, ਅਮਨਦੀਪ ਟੱਲੇਵਾਲਾ, ਜਸਵਿੰਦਰ ਸਿੰਘ ਪੱਕਾ ਕਲਾਂ, ਸੱਤਪਾਲ ਸ਼ਰਮਾ, ਪ੍ਰਣਾਮ ਸਿੰਘ ਖਾਰਾ, ਨਿਰਮਲ ਛੀਨੀਵਾਲ ਸਮੇਤ ਹਲਕਾ ਬਾਘਾਪੁਰਾਣਾ, ਜੈਤੋ, ਮੁਕਤਸਰ, ਬਠਿੰਡਾ, ਮਲੋਟ ਅਤੇ ਪੰਜਾਬ ਦੇ ਹੋਰ ਜ਼ਿਲਿਆਂ ਤੋਂ ਵੀ ਵਲੰਟੀਅਰ ਵੱਡੀ ਗਿਣਤੀ ’ਚ ਹਾਜ਼ਰ ਸਨ।

Send this to a friend