ਜਗਰਾਓਂ, 22 ਅਗਸਤ (ਪਰਮਜੀਤ ਸਿੰਘ ਗਰੇਵਾਲ)- ਪਿੱਛਲੇ ਸਮੇਂ ਸਾਜਿਸ਼ ਅਧੀਨ ਪੰਥ ਵਿਰੋਧੀ ਅਤੇ ਸਿਆਸਤ ਤੋਂ ਪ੍ਰੇਰਿਤ ਸ਼ਕਤੀਆਂ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਨੇ ਸਿੱਖਾਂ ਸਿੱਖਾਂ ਦੇ ਮਨ੍ਹਾਂ ’ਤੇ ਡੂੰਘਾ ਜ਼ਖ਼ਮ ਦਿੱਤਾ ਹੈ। ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜੇ ਮੁੱਦੇ ਨੂੰ ਅੱਜ ਕਾਂਗਰਸ ਇਕ ਤਰਫਾ ਰਿਪੋਰਟਾਂ ਤਿਆਰ ਕਰਕੇ ਪੰਥਕ ਸੰਸਥਾਵਾਂ, ਪੰਥਕ ਜੱਥੇਬੰਦੀਆਂ ਅਤੇ ਸਿਆਸੀ ਧਿਰਾਂ ਦੇ ਨੁਮਾਇੰਦਿਆਂ ਦੇ ਨਾਮ ਸ਼ਾਮਿਲ ਕਰਕੇ ਸਿੱਖਾਂ ਨੂੰ ਆਪਸੀ ਖਾਨਾਂ ਜੰਗੀ ਵੱਲ ਧਕੇਲ ਰਹੀ ਹੈ। ਹਿੰਮਤ ਸਿੰਘ ਵੱਲੋਂ ਕਾਂਗਰਸ ਦੇ ਗਠਿਤ ਕੀਤੇ ਕਮਿਸ਼ਨ ਵੱਲੋਂ ਕਾਂਗਰਸੀ ਮੰਤਰੀਆਂ ਦੇ ਦਬਾਅ ਹੇਠ ਦਰਜ ਕਰਵਾਏ ਬਿਆਨਾਂ ਦੀ ਅਸਲੀਅਤ ਜੱਗ ਜਾਹਰ ਹੋਣ ਤੋਂ ਬਾਅਦ ਇਹ ਸਾਬਤ ਹੋ ਗਿਆ ਹੈ ਕਿ ਰਣਜੀਤ ਸਿੰਘ ਕਮਿਸ਼ਨ ਨੂੰ ਕਾਂਗਰਸ ਆਪਣੇ ਸਿਆਸੀ ਵਿਰੋਧੀਆਂ ਨੂੰ ਕਟਾਹਿਰੇ ’ਚ ਖੜ੍ਹੇ ਕਰਨ ਲਈ ਲੈ ਕੇ ਆ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਫ਼ਿਰੋਜ਼ਪੁਰ ਵਿਖੇ ਇਕ ਵਰਕਰ ਮੀਟਿੰਗ ਤੋਂ ਬਾਅਦ ਪ੍ਰੈਸ ਵਾਰਤਾ ’ਚ ਕਹੇ। ਭਾਈ ਗਰੇਵਾਲ ਨੇ ਕਿਹਾ ਕਿ ਹਰ ਸਿੱਖ ਦੇ ਮਨ੍ਹਾਂ ਦੀ ਇੱਛਾ ਹੈ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ੍ਹਾਂ ਦਿੱਤੀ ਜਾਵੇ, ਭਾਵੇਂ ਉਹ ਕੋਈ ਵੀ ਹੋਵੇ। ਪਰ ਇਹ ਜਾਂਚ ਸਿਆਸਤ ਤੋਂ ਪ੍ਰੇਰਤ ਤੇ ਪ੍ਰਭਾਵ ਤੋਂ ਬਾਹਰ ਹੋਣੀ ਚਾਹੀਦੀ ਹੈ। ਹਿੰਮਤ ਸਿੰਘ ਵੱਲੋਂ ਕੀਤੇ ਖੁਲਾਸੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਰਣਜੀਤ ਸਿੰਘ ਕਮਿਸ਼ਨ ਪੂਰਨ ਤੌਰ ’ਤੇ ਇਕ ਵਿਸ਼ੇਸ਼ ਏਜੰਡੇ ਅਧੀਨ ਅਕਾਲੀ ਦਲ ਦੀ ਲੀਡਰਸ਼ਿੱਪ ਨੂੰ ਬਦਨਾਮ ਕਰਨ ਲਈ ਕੰਮ ਕਰ ਰਿਹਾ ਹੈ। ਇਨ੍ਹਾਂ ਬਣਦੇ ਹਲਾਤਾਂ ’ਚ ਦਿਖਾਈ ਦੇ ਰਿਹਾ ਹੈ ਕਿ ਇਕ ਸਰਕਾਰ ਵੱਲੋਂ ਗਠਿਤ ਕਮਿਸ਼ਨ ਜਿੱਥੇ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦਿੰਦਾ ਹੈ, ਉਥੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਕੇ ਆਪਸੀ ਟਕਰਾਅ ਦੇ ਹਾਲਾਤ ਵੀ ਪੈਦਾ ਕਰ ਰਿਹਾ ਹੈ, ਜੋ ਪੰਥ ਅਤੇ ਪੰਜਾਬ ਦੇ ਭਵਿੱਖ ਲਈ ਵੱਡਾ ਚਿੰਤਾ ਦਾ ਵਿਸ਼ਾ ਹੈ। ਭਾਈ ਗਰੇਵਾਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਮੂਹ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਕਾਂਗਰਸ ਦੀਆਂ ਅਜਿਹੀਆਂ ਸਿੱਖ ਮਾਰੂ ਨੀਤੀਆਂ ਤੋਂ ਸੁਚੇਤ ਰਹਿਣ ਤਾਂ ਕਿ ਸਿੱਖ ਸ਼ਕਤੀ ਨੂੰ ਕਮਜ਼ੋਰ ਨਾ ਹੋਣ ਦਿੱਤਾ ਜਾਵੇ। ਇਸ ਮੌਕੇ ਉਨ੍ਹਾਂ ਦੇ ਨਾਲ ਪਰਮਜੀਤ ਸਿੰਘ ਧਰਮ ਸਿੰਘ ਵਾਲਾ, ਦਿਲਬਾਗ ਸਿੰਘ ਵਿਰਕ, ਪਰਮਜੀਤ ਸਿੰਘ ਕਲਸੀ, ਗੁਰਬਖਸ਼ ਸਿੰਘ ਸੇਖੋਂ, ਗੁਰਕੀਰਤਨ ਸਿੰਘ ਜਲਾਲਾਬਾਦ, ਗੁਰਪ੍ਰੀਤ ਸਿੰਘ ਦੀਪ ਸਿੰਘ ਵਾਲਾ, ਮਨਪ੍ਰੀਤ ਸਿੰਘ ਖਾਲਸਾ, ਧਰਮਿੰਦਰ ਸਿੰਘ ਮੁਕਤਸਰ ਸਾਹਿਬ, ਗੁਰਜੰਟ ਸਿੰਘ, ਗੁਰਜੀਤ ਸਿੰਘ ਤੇ ਮਨਜੀਤ ਸਿੰਘ ਗੁਰੂ ਹਰ ਸਹਾਏ ਆਦਿ ਹਾਜ਼ਰ ਸਨ।