ਜਲੰਧਰ, 11 ਮਾਰਚ (ਪੀ.ਟੀ.)-ਪੰਜਾਬ ਦੇ ਮਸ਼ਹੂਰ ਗਾਇਕਾਂ ਮਿਸ ਪੂਜਾ, ਜੈਜੀ ਬੀ, ਗਿੱਪੀ ਗਰੇਵਾਲ ਅਤੇ ਦਿਲਜੀਤ ਦੋਸਾਂਝ ਨੂੰ ਫਾਰਨ ਐਕਸਚੇਂਜ ਮੈਨਜਮੈਂਟ ਐਕਟ ਦੇ ਅਧੀਨ ਇੰਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਸੰਮਨ ਜਾਰੀ ਕੀਤਾ ਗਿਆ ਹੈ। ਆਮਦਨ ਟੈਕਸ ਵਿਭਾਗ ਨੂੰ ਇਨ੍ਹਾਂ ਗਾਇਕਾਂ ਖਿਲਾਫ ਚੱਲ ਰਹੀ ਜਾਂਚ ‘ਚ ਵਿਦੇਸ਼ਾਂ ਤੋਂ ਪੈਸੇ ਦੇ ਲੈਣ-ਦੇਣ ਸੰਬੰਧੀ ਕਈ ਮਹੱਤਵਪੂਰਨ ਦਸਤਾਵੇਜ਼ ਮਿਲੇ ਸਨ, ਜਿਨ੍ਹਾਂ ਨੂੰ ਈ. ਡੀ. ਕੋਲ ਜਾਂਚ ਲਈ ਭੇਜਿਆ ਗਿਆ ਹੈ।ਇਸ ਤੋਂ ਬਾਅਦ ਈ. ਡੀ. ਨੇ ਇਨ੍ਹਾਂ ਚਾਰੇ ਗਾਇਕਾਂ ਨੂੰ 15 ਦਿਨਾਂ ਦੇ ਅੰਦਰ ਬਿਆਨ ਦਰਜ ਕਰਵਾਉਣ ਲਈ ਸੰਮਨ ਜਾਰੀ ਕੀਤਾ ਹੈ। ਈ. ਡੀ. ਦੇ ਨਿਸ਼ਾਨੇ ’ਤੇ ਕਈ ਮਿਊਜ਼ਿਕ ਕੰਪਨੀਆਂ ਵੀ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਈ. ਡੀ. ਦਾ ਕਹਿਣਾ ਹੈ ਕਿ ਪੰਜਾਬੀ ਫਿਲਮਾਂ ਵਿੱਚ ਖਰਚ ਹੋਣ ਵਾਲੀ ਕਰੋੜਾਂ ਦੀ ਰਕਮ ਹਵਾਲਾ ਰਾਹੀਂ ਇਧਰ-ਉਧਰ ਹੋਈ ਹੈ, ਜਿਸ ਦੇ ਖਿਲਾਫ ਈ. ਡੀ. ਨੇ ਜਾਂਚ ਸ਼ੁਰੂ ਕੀਤੀ ਹੈ। ਇਸ ਤੋਂ ਇਲਾਵਾ
ਇਨ੍ਹਾਂ ਗਾਇਕਾਂ ਵੱਲੋਂ ਵਿਦੇਸ਼ਾਂ ਵਿੱਚ ਕੀਤੇ ਗਏ ਲਾਈਵ ਸ਼ੋਅ ਵੀ ਜਾਂਚ ਦੇ ਘੇਰੇ ਵਿੱਚ ਆ ਗਏ ਹਨ। ਜਾਂਚ ਵਿੱਚ ਪਤਾ ਲੱਗਿਆ ਹੈ ਕਿ ਇਨ੍ਹਾਂ ਲਾਈਵ ਸ਼ੋਆਂ ਦੌਰਾਨ ਕਈ ਗਾਇਕਾਂ ਨੂੰ ਹਵਾਲਾ ਰਾਹੀਂ ਹੀ ਪੈਮੇਂਟ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਦੀ ਫਿਲਮ ‘ਜੱਟ ਐਂਡ ਜੂਲੀਅਟ’, ਗਿੱਪੀ ਗਰੇਵਾਲ ਦੀ ‘ਕੈਰੀ ਆਨ ਜੱਟਾ’, ਜੈਜੀ ਬੀ ਅਤੇ ਗਿੱਪੀ ਦੀ ‘ਬੈਸਟ ਆਫ ਲਕ’ ਬਹੁਤ ਸਫਲ ਰਹੀਆਂ ਸਨ, ਜਿਨ੍ਹਾਂ ਦੀ ਸ਼ੂਟਿੰਗ ਵਿਦੇਸ਼ਾਂ ਵਿੱਚ ਹੀ ਕੀਤੀ ਗਈ ਸੀ। ਇਸ ਲਈ ਇਨ੍ਹਾਂ ਫਿਲਮਾਂ ਦੀ ਸ਼ੂਟਿੰਗ ਦਾ ਖਰਚਾ ਅਤੇ ਇਨ੍ਹਾਂ ਨੂੰ ਹੋਣ ਵਾਲੀ ਕਮਾਈ ਦੀ ਜਾਂਚ ਕੀਤੀ ਜਾ ਰਹੀ ਹੈ।