ਨਵੀਂ ਦਿੱਲੀ 10 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਸੀ.ਬੀ.ਆਈ ਨੇ ਅੱਜ ਨਵਭਾਰਤ ਪਾਵਰ ਪ੍ਰਾਈਵੇਟ ਲਿਮਟਿਡ ਵਿਰੁੱਧ ਕਥਿੱਤ ਕੋਇਲਾ ਘੁਟਾਲੇ ਵਿੱਚ ਦਿੱਲੀ ਦੀ ਇੱਕ ਅਦਾਲਤ ਵਿੱਚ ਆਪਣਾ ਪਹਿਲਾ ਦੋਸ਼ ਪੱਤਰ ਦਾਇਰ ਕੀਤਾ ਹੈ। ਇਹ ਦੋਸ਼ ਪੱਤਰ ਕੰਪਨੀ ਵੱਲੋਂ 2006 ਤੋਂ 2009 ਦਰਮਿਆਨ ਕੋਲਾ ਬਲਾਕ ਲੈਣ ਲਈ ਆਪਣੀਆਂ ਦਰਖਾਸਤਾਂ ਵਿੱਚ ਕਥਿੱਤ ਤੌਰ ’ਤੇ ਗਲਤ ਤੱਥ ਤੇ ਝੂਠੇ ਦਾਅਵੇ ਪੇਸ਼ ਕਰਨ ਦੇ ਮਾਮਲੇ ਵਿੱਚ ਦਾਇਰ ਕੀਤਾ ਹੈ। ਵਿਸ਼ੇਸ਼ ਜੱਜ ਮਧੂ ਜੈਨ ਦੀ ਅਦਾਲਤ ਵਿੱਚ ਦਾਇਰ ਦੋਸ਼ ਪੱਤਰ ਵਿੱਚ ਨਵਭਾਰਤ ਪਾਵਰ ਤੋਂ ਇਲਾਵਾ ਇਸ ਦੇ ਦੋ ਡਾਇਰੈਕਟਰਾਂ ਪੀ. ਤ੍ਰੀਵਿਕਰਮ ਪ੍ਰਸਾਦ ਤੇ ਵਾਈ ਹਰੀਸ਼ ਚੰਦਰ ਪ੍ਰਸਾਦ ਦੇ ਨਾਂਅ ਵੀ ਸ਼ਾਮਿਲ ਹਨ। ਅਦਾਲਤ ਦੇ ਸੂਤਰਾਂ ਅਨੁਸਾਰ ਸੀ.ਬੀ.ਆਈ. ਨੇ ਆਈ.ਪੀ.ਸੀ. ਦੀ ਧਾਰਾ 120 ਬੀ (ਫੌਜਦਾਰੀ ਸਾਜਿਸ਼) ਤੇ 420
(ਧੋਖਾ ਦੇਣਾ) ਤਹਿਤ ਦੋਸ਼ ਲਾਏ ਹਨ ਤੇ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਤਹਿਤ ਦੋਸ਼ ਨਹੀਂ ਲਾਏ। ਸੀ.ਬੀ.ਆਈ. ਨੇ 3 ਸਤੰਬਰ 2012 ਨੂੰ ਨਵਭਾਰਤ ਪ੍ਰਾਈਵੇਟ ਲਿਮਟਡ, ਇਸ ਦੇ ਦੋ ਡਾਇਰੈਕਟਰਾਂ, ਕੋਲਾ ਮੰਤਰਾਲਾ ਤੇ ਝਾਰਖੰਡ ਸਰਕਾਰ ਦੇ ਕੁਝ ਅਣਪਛਾਤੇ ਅਧਿਕਾਰੀਆਂ ਤੇ ਹੋਰਨਾਂ ਵਿਰੁੱਧ ਮਾਮਲਾ ਦਰਜ ਕੀਤਾ ਸੀ। ਸੀ.ਬੀ.ਆਈ ਨੇ ਕਿਹਾ ਸੀ ਕਿ ਕੋਲਾ ਬਲਾਕ ਮਿਲ ਜਾਣ ਉਪਰੰਤ ਜੁਲਾਈ 2010 ਵਿੱਚ ਨਵਭਾਰਤ ਪਾਵਰ ਦੇ ਸੰਸਥਾਪਕਾਂ ਤੇ ਹਿੱਸੇਦਾਰਾਂ ਨੇ ਆਪਣੇ ਸਾਰੇ ਹਿੱਸੇ ਏਸਾਰ ਪਾਵਰ ਲਿਮਟਡ ਤੇ ਇਸ ਦੀ ਸਹਾਇਕ ਕੰਪਨੀ ਨੂੰ 200 ਕਰੋੜ ਰੁਪਏ ਤੋਂ ਵੱਧ ਦੇ ਭਾਰੀ ਮੁਨਾਫੇ ਨਾਲ ਵੇਚ ਦਿੱਤੇ ਸਨ। ਸੂਤਰਾਂ ਨੇ ਦੱਸਿਆ ਕਿ ਸੀ.ਬੀ.ਆਈ. ਵੱਲੋਂ ਦਾਇਰ ਦੋਸ਼ ਪੱਤਰ ਵਿੱਚ ਏਸਾਰ ਪਾਵਰ ਲਿਮਟਡ ਦਾ ਨਾਂਇ ਦੋਸ਼ੀ ਵਜੋਂ ਸ਼ਾਮਿਲ ਨਹੀਂ ਕੀਤਾ ਗਿਆ ਹੈ।