April 25, 2026 10:16 pm

ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਉਪਰਾਲਿਆਂ ਨਾਲ 38 ਨੌਜਵਾਨਾਂ ਨੇ ਨਸ਼ੇ ਦਾ ਖਹਿੜਾ ਛੱਡਿਆ

ਲੁਧਿਆਣਾ, 5 ਅਗਸਤ (ਮਹੇਸ਼ਇੰਦਰ ਸਿੰਘ ਮਾਂਗਟ)- ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਵਿਸ਼ੇਸ਼ ਉਪਰਾਲਿਆਂ ਨਾਲ ਵੱਖ-ਵੱਖ ਪਿੰਡਾਂ ਦੇ 38 ਨੌਜਵਾਨਾਂ ਨੇ ਨਸ਼ੇ ਤੋਂ ਖਹਿੜਾ ਛੁਡਵਾ ਕੇ ਸਿਹਤਮੰਦ ਜੀਵਨ ਨੂੰ ਅਪਣਾ ਲਿਆ ਹੈ। ਹੁਣ ਉਹ ਆਮ ਜੀਵਨ ਨੂੰ ਅਪਨਾਉਣ ਉਪਰੰਤ ਕੰਮ ਅਤੇ ਨੌਕਰੀਆਂ ਕਰਨ ਲੱਗੇ ਹਨ। ਇਸ ਤਰ੍ਹਾਂ ਉਨ੍ਹਾਂ ਆਪਣੇ ਪਰਿਵਾਰਾਂ ਨੂੰ ਨਵਾਂ ਜੀਵਨ ਦਾਨ ਦਿੱਤਾ ਹੈ। ਸ੍ਰ. ਬਿੱਟੂ ਵੱਲੋਂ ਅੱਜ ਪਿੰਡ ਮਦਾਰਪੁਰਾ ਦੇ ਉਨ੍ਹਾਂ ਪਰਿਵਾਰਾਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਦੇ ਨੌਜਵਾਨਾਂ ਨੇ ਨਸ਼ਾ ਤਿਆਗ ਕੇ ਨਵਾਂ ਜੀਵਨ ਸ਼ੁਰੂ ਕੀਤਾ ਹੈ। ਇਨ੍ਹਾਂ ਪਰਿਵਾਰਾਂ ਨੇ ਸ੍ਰ. ਬਿੱਟੂ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ। ਨਸ਼ਾ ਛੱਡਣ ਵਾਲੇ ਇੱਕ ਨੌਜਵਾਨ ਹਰਦੀਪ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ‘ਚਿੱਟੇ’ ਦਾ ਆਦੀ ਬਣ ਗਿਆ ਸੀ। ਜਦੋਂ ਉਹ ਇਹ ਨਸ਼ਾ ਕਰਦਾ ਸੀ ਤਾਂ ਉਹ ਕਦੇ ਵੀ ਸਵੇਰੇ 10 ਵਜੇ ਤੋਂ ਪਹਿਲਾਂ ਨਹੀਂ ਉਠ ਸਕਦਾ ਸੀ ਅਤੇ ਨਾ ਹੀ ਕੋਈ ਕੰਮ ਕਰ ਸਕਦਾ ਸੀ। ਪਰ ਹੁਣ ਉਸਨੇ ਨਸ਼ੇ ਦਾ ਤਿਆਗ ਕਰਕੇ ਸਬਜੀਆਂ ਵੇਚਣ ਲਈ ਡਰਾਈਵਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਹੁਣ ਉਹ ਸਵੇਰੇ 4 ਵਜੇ ਉਠ ਜਾਂਦਾ ਹੈ ਅਤੇ ਸਬਜ਼ੀ ਵੇਚਣ ਜਾਂਦਾ ਹੈ। ਇਸ ਤਰ੍ਹਾਂ ਉਹ ਆਪਣਾ ਸੁਖਦ ਜੀਵਨ ਜੀਣ ਲੱਗਾ ਹੈ। ਇਸੇ ਤਰ੍ਹਾਂ ਇੱਕ ਹੋਰ ਨਸ਼ੇ ਦੇ ਆਦੀ ਰਹਿ ਚੁੱਕੇ ਸਿਮਰਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਵੀ ਨਸ਼ਾ ਛੱਡਣ ਉਪਰੰਤ ਵਧੀਆ ਮਹਿਸੂਸ ਕਰ ਰਿਹਾ ਹੈ ਅਤੇ ਉਹ ਹੁਣ ਹੋਰਾਂ ਨੌਜਵਾਨਾਂ ਲਈ ਵੀ ਚਾਨਣ ਮੁਨਾਰਾ ਬਣਨਾ ਚਾਹੁੰਦਾ ਹੈ। ਉਸਨੇ ਕਿਹਾ ਕਿਹਾ ਜੇਕਰ ਮਨ ਬਣ ਜਾਵੇ ਤਾਂ ਨਸ਼ਾ ਛੱਡਣਾ ਕੋਈ ਵੱਡੀ ਗੱਲ ਨਹੀਂ ਹੈ। ਉਸਦੀ ਦਾਦੀ ਨਸੀਬ ਕੌਰ ਨੇ ਸ੍ਰ. ਰਵਨੀਤ ਸਿੰਘ ਬਿੱਟੂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਸਨੇ ਕਿਹਾ ਕਿ ਉਸਦੇ ਪੋਤੇ ਵੱਲੋਂ ਨਸ਼ਾ ਛੱਡ ਦੇਣ ਨਾਲ ਉਸਦੀ ਉਮਰ ਕੁਝ ਸਾਲ ਹੋਰ ਵਧ ਗਈ ਹੈ। ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਪਿੰਡਾਂ ਜਾਂਗਪੁਰ, ਦਾਖਾ, ਮੁੱਲਾਂਪੁਰ, ਸਵੱਦੀ, ਮਦਾਰਪੁਰਾ, ਸਲੇਮਪੁਰਾ, ਟਿੱਬਾ, ਅੱਬੂਪੁਰਾ, ਮਲਸੀਆਂ ਅਤੇ ਹੋਰ ਪਿੰਡਾਂ ਦੇ ਕਰੀਬ 38 ਨੌਜਵਾਨਾਂ ਨੇ ਸ੍ਰ. ਬਿੱਟੂ ਦੀ ਪ੍ਰੇਰਨਾ ਨਾਲ ਨਸ਼ਾ ਛੱਡਣ ਦਾ ਮਨ ਬਣਾਇਆ ਸੀ। ਕੁਝ ਦਿਨ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਰਹਿਣ ਉਪਰੰਤ ਇਹ ਨੌਜਵਾਨ ਹੁਣ ਆਮ ਜੀਵਨ ਜੀਣ ਲੱਗੇ ਹਨ। ਨਸ਼ਾ ਛੱਡਣ ਲਈ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦਾ ਇਲਾਜ ਅਤੇ ਦਵਾਈ ਮੁਫਤ ਮੁਹੱਈਆ ਕਰਵਾਈ ਜਾਂਦੀ ਹੈ। ਸ੍ਰ. ਬਿੱਟੂ ਨੇ ਇਸ ਮੌਕੇ ਪਿੰਡ ਅੱਬੂੁਪੁਰਾ ਵਾਸੀ ਸ੍ਰ. ਮਨਜਿੰਦਰ ਸਿੰਘ ਖਹਿਰਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ, ਜਿਨ੍ਹਾਂ ਨੇ 5 ਨੌਜਵਾਨਾਂ ਨੂੰ ਅਪਣਾਇਆ ਸੀ ਅਤੇ ਹੁਣ ਵੀ ਉਨ੍ਹਾਂ ਦਾ ਹਰ ਤਰ੍ਹਾਂ ਨਾਲ ਖ਼ਿਆਲ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਏਡਜ਼ ਅਤੇ ਹੈਪੇਟਾਈਟਸ ਸੀ ਵਰਗੀਆਂ ਬਿਮਾਰੀਆਂ ਨਾਲ ਗ੍ਰਸਤ ਹੋ ਚੁੱਕੇ ਹਨ, ਉਨ੍ਹਾਂ ਦਾ ਵੀ ਪੰਜਾਬ ਸਰਕਾਰ ਵੱਲੋਂ ਮੁਫ਼ਤ ਇਲਾਜ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਸ੍ਰ. ਬਿੱਟੂ ਨੇ ਪਿੰਡ ਕੁਲਾਰ ਵਿਖੇ ਨਸ਼ਾ ਵਿਰੋਧੀ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਪੰਜਾਬ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਸ਼ੁਰੂ ਜੰਗ ਵਿੱਚ ਸਹਿਯੋਗ ਕਰਨ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨੌਜਵਾਨਾਂ ਨੂੰ ਅਪਣਾ ਕੇ ਉਨ੍ਹਾਂ ਨੂੰ ਨਸ਼ਾ ਛੱਡਣ ਵਿੱਚ ਸਹਿਯੋਗ ਕਰਨ। ਉਨ੍ਹਾਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਇਸ ਕਾਰੋਬਾਰ ਨੂੰ ਬੰਦ ਕਰ ਦੇਣ ਨਹੀਂ ਤਾਂ ਉਨ੍ਹਾਂ ਨੂੰ ਇਸਦੇ ਮਾੜੇ ਨਤੀਜੇ ਭੁਗਤਣੇ ਪੈਣਗੇ। ਸ੍ਰ. ਬਿੱਟੂ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਜੰਗ ਸਫ਼ਲ ਹੋ ਰਹੀ ਹੈ, ਕਿਉਂਕਿ ਹੁਣ ਨੌਜਵਾਨ ਨਸ਼ੇ ਛੱਡਣ ਲਈ ਖੁਦ ਅੱਗੇ ਆਉਣ ਲੱਗੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਨੌਜਵਾਨ ਜਾਂ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਉਨ੍ਹਾਂ ਨਾਲ ਸਿੱਧਾ ਰਾਬਤਾ ਕਰ ਸਕਦਾ ਹੈ। ਇਸ ਮੌਕੇ ਸ੍ਰ. ਬਿੱਟੂ ਦੇ ਨਾਲ ਸ੍ਰ. ਮੇਜਰ ਸਿੰਘ ਭੈਣੀ ਸੀਨੀਅਰ ਕਾਂਗਰਸੀ ਆਗੂ, ਸ੍ਰ. ਗੁਰਦੇਵ ਸਿੰਘ ਲਾਪਰਾਂ ਜ਼ਿਲ੍ਹਾ ਪ੍ਰਧਾਨ ਕਾਂਗਰਸ ਦਿਹਾਤੀ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Send this to a friend