ਪੰਜਾਬ ਵਿੱਚ ਆਵਾਰਾ ਪਸ਼ੂ ਅਤੇ ਆਵਾਰਾ ਕੁੱਤੇ ਇਕ ਵੱਡੀ ਸਮਿੱਸਆ ਬਣਦੇ ਜਾ ਰਹੇ ਹਨ। ਅਵਾਰਾ ਪਸ਼ੂਆਂ ਕਾਰਨ ਖੇਤੀ ਦਾ ਉਜਾੜਾ ਹੋ ਰਿਹਾ ਹੈ ਅਤੇ ਜਨ-ਜੀਵਨ ਵਿੱਚ ਖਲਲ ਪੈ ਰਿਹਾ ਹੈ। ਅਵਾਰਾ ਕੁੱਤੇ ਤਾਂ ਬੱਚੇ, ਬੁੱਢਿਆਂ ਦੀ ਮੌਤ ਦਾ ਕਾਰਨ ਬਣਦੇ ਜਾ ਰਹੇ ਹਨ। ਅਵਾਰਾ ਕੁਤੇ ਰੋਜ਼ਾਨਾ 50 ਤੋਂ ਵਧ ਬਚਿਆਂ ਨੂੰ ਵਢਦੇ ਹਨ।ਬੀਤੇ ਕੱਲ੍ਹ ਪਿੰਡ ਕੈਰੋਵਾਲ ਵਿਖੇ ਅਵਾਰਾ ਕੁਤਿਆਂ ਨੇ ਸਾਢੇ ਚਾਰ ਸਾਲਾ ਬਚੇ ਨੂੰ ਬੇਰਹਿਮੀ ਨਾਲ ਨੌਚ-ਨੌਚ ਕੇ ਮਾਰ ਦਿਤਾ ਸੀ।ਸੂਬੇ ਵਿੱਚ ਆਵਾਰਾ ਕੁੱਤਿਆਂ ਦਾ ਮਸਲਾ ਕਈ ਸਾਲਾਂ ਤੋਂ ਬਣਿਆ ਹੋਇਆ ਹੈ ਪ੍ਰੰਤੂ ਇਸ ਨੂੰ ਹੱਲ ਕਰਨ ਲਈ ਕਦੇ ਕੋਈ ਗੰਭੀਰ ਯਤਨ ਨਹੀਂ ਕੀਤਾ ਗਿਆ। ਪਿਛਲੇ ਸਾਲ ਪੰਜਾਬ ਸਰਕਾਰ ਨੇ ਅਸੈਂਬਲੀ ਵਿਚ ਮੰਨਿਆ ਸੀ ਕਿ ਪਿਛਲੇ ਦੋ ਸਾਲਾਂ ‘ਚ ਕੁਤਿਆਂ ਨੇ ਤਕਰੀਬਨ 38 ਹਜ਼ਾਰ ਬਚਿਆਂ ਨੂੰ ਕਟਿਆ ਹੈ।ਇਨ੍ਹਾਂ ਦੋ ਸਾਲਾਂ ’ਚ ਸੂਬੇ ਦੇ ਇਕਲੇ ਪੇਂਡੂ ਇਲਾਕਿਆਂ ਵਿਚ 36 ਹਜ਼ਾਰ ਤੋਂ ਵਧ ਵਿਅਕਤੀਆਂ ’ਤੇ ਅਵਾਰਾ ਕੁਤਿਆਂ ਨੇ ਹਮਲੇ ਕੀਤੇ ਹਨ। ਇਹ ਅੰਕੜਾ ਬਹੁਤ ਹੀ ਚਿੰਤਾਜਨਕ ਹੈ। ਵੱਡੀ ਚਿੰਤਾਵਾਲੀ ਗੱਲ ਇਹ ਹੈ ਕਿ ਇਹ ਅੰਕੜਾ ਲਗਾਤਾਰ ਵੱਧ ਰਿਹਾ ਹੈ। ਪਿਛਲੇ ਤਿੰਨ ਸਾਲਾਂ ’ਚ ਕੁਤਿਆਂ ਦੇ ਵਢਣ ਦੇ ਕੇਸਾਂ ’ਚ ਤਿੰਨ ਗੁਣਾ ਵਾਧਾ ਹੋਇਆ ਹੈ।ਨੈਸ਼ਨਲ ਰੈਬੀਜ਼ ਕੰਟਰੋਲ ਪ੍ਰੋਗਰਾਮ ਮੁੱਤਾਬਿਕ ਪੰਜਾਬ ’ਚ ਪਿਛਲੇ ਸਾਲ ਕੁਤਿਆਂ (ਅਵਾਰਾ ਤੇ ਘਰੇਲੂ) ਦੇ ਕਟਣ ਦੇ ਤਕਰੀਬਨ 54 ਹਜ਼ਾਰ ਕੇਸ ਸਾਹਮਣੇ ਆਏ ਸਨ। ਸਾਲ 2013 ਵਿਚ ਕੁਤਿਆਂ ਦੇ ਵਢਣ ਦੇ ਕੇਸਾਂ ਦੀ ਗਿਣਤੀ 20 ਹਜ਼ਾਰ ਸੀ।ਬਹੁਤ ਸਾਰੇ ਕੇਸ ਰਿਪੋਰਟ ਨਾ ਹੋਣ ਕਾਰਨ ਇਹ ਗਿਣਤੀ ਹੋਰ ਵੀ ਜ਼ਿਆਦਾ ਹੋ ਸਕਦੀ ਹੈ।ਆਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਕਥਿਤ ਪਸ਼ੂ ਰਖਿਆ ਕਾਰਕੁੰਨਾਂ ਦੀ ਸਰਗਰਮੀ ਕਾਰਨ ਆਵਾਰਾ ਕੁੱਤਿਆਂ ਖਿਲਾਫ ਪ੍ਰਸ਼ਾਸਨ ਜਾਂ ਆਮ ਲੋਕ ਕਾਰਵਾਈ ਕਰਨ ਤੋਂ ਡਰਦੇ ਹਨ। ਸਾਲ 2012 ਵਿਚ ਹੋਈ 19ਵੀਂ ਪਸ਼ੂ ਗਣਨਾ ਮੁਤਾਬਕ ਸੂਬੇ ਵਿਚ ਤਿੰਨ ਲਖ ਤੋਂ ਵਧ ਅਵਾਰਾ ਕੁਤੇ ਹਨ। ਸਥਾਨਕ ਸਰਕਾਰਾਂ ਤੇ ਪੇਂਡੂ ਵਿਕਾਸ ਵਿਭਾਗ ਕੁਤਿਆਂ ਦੀ ਸੰਖਿਆ ਕੰਟਰੋਲ ਕਰਨ ਵਿਚ ਨਾਕਾਮ ਰਿਹਾ ਹੈ। ਪਿਛਲੇ ਸਾਲ ਮੁਖ ਮੰਤਰੀ ਨੇ ਪੇਂਡੂ ਵਿਕਾਸ ਤੇ ਪੰਚਾਇਤ ਅਤੇ ਪਸ਼ੂ ਪਾਲਣ ਵਿਭਾਗਾਂ ਨੂੰ ਅਵਾਰਾ ਕੁਤਿਆਂ ਦੀ ਸਮਸਿਆ ਨਾਲ ਨਜਿਠਣ ਲਈ ਸਮਾਂਬਧ ਐਕਸ਼ਨ ਪਲਾਨ ਬਣਾਉਣ ਲਈ ਕਿਹਾ ਸੀ ਪਰ ਹੋਇਆ ਕੁਝ ਨਹੀਂ। ਪਸ਼ੂ ਜਨਮ ਕੰਟਰੋਲ (ਕੁਤੇ) 2001 ’ਤੇ ਆਧਾਰਤ ਨਵੀਂ ਨੀਤੀ ਮੁਤਾਬਕ ਹਰੇਕ ਜ਼ਿਲ੍ਹੇ ਲਈ ਅਵਾਰਾ ਕੁਤਿਆਂ ਦੀ ਨਸਬੰਦੀ ਤੇ ਸੰਖਿਆ ਉਤੇ ਨਜ਼ਰ ਰਖਣੀ ਜ਼ਰੂਰੀ ਹੈ।ਇਸ ਸਬੰਧ ਵਿੱਚ ਪੰਚਾਇਤਾਂ ਅਤੇ ਨਗਰ ਕੌਂਸਲਾਂ ਦੀ ਵੀ ਕਾਨੂੰਨੀ ਜ਼ਿੰਮੇਵਾਰੀ ਹੈ। ਆਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਤੁਰੰਤ ਪ੍ਰਭਾਵੀ ਯਤਨ ਕਰਨੇ ਚਾਹੀਦੇ ਹਨ।
– ਬਲਜੀਤ ਸਿੰਘ ਬਰਾੜ